ਸੰਸਾਰ ਦੇ ਵਿੱਚ ਅਮਨ-ਸ਼ਾਂਤੀ ਅਤੇ ਭਈਚਾਰਕ ਸਾਂਝ ਨੂੰ ਕਿਵੇਂ ਬਰਕਰਾਰ ਰੱਖਿਆ ਜਾ ਸਕੇ? ਕਿਵੇਂ ਧਰਮ ਦੇ ਨਾਮ ‘ਤੇ ਹੋ ਰਹੀ ਮਾੜੀ ਸਿਆਸਤ ਨੂੰ ਲਗਾਮ ਲਗਾਈ ਜਾ ਸਕੇ? ਕਿਵੇਂ ਇਨਸਾਨਾਂ ਦੇ ਵਿੱਚ ਆਪਸੀ ਪ੍ਰੇਮ ਪੈਦਾ ਕਰਕੇ ਮੁੜ ਮੁਹੱਬਤ ਦੇ ਰਸਤੇ ਉੱਤੇ ਲਿਆਂਦਾ ਜਾ ਸਕੇ?
ਇਸੇ ਮਕਸਦ ਦੇ ਨਾਲ ਮਿਤੀ ੧੭/੦੬/੨੦੧੮ ਨੂੰ ਨਵੀਂ ਦਿੱਲੀ ਵਿੱਚ ਇੱਕ ਧਰਮ ਸੰਮੇਲਨ ਪ੍ਰੋਗਰਾਮ ਆਯੋਜਿਤ ਕੀਤਾ ਗਿਆ। ਇਸ ਵਿੱਚ ਮੁਸਲਿਮ-ਸਿੱਖ ਫਰੰਟ ਪੰਜਾਬ ਅਤੇ ਸਵਾਮੀ ਅਗਨੀਵੇਸ਼ ਤੋਂ ਇਲਾਵਾ ਧਰਮ ਸਿੰਘ ਨਿਹੰਗ ਸਿੰਘ (ਸਚੁ ਖੋਜ ਅਕੈਡਮੀ) ਦੀ ਅਗਵਾਈ ਵਿੱਚ ਸਿੱਖਾਂ ਵੱਲੋਂ ਵਿਸ਼ੇਸ਼ ਤੌਰ ‘ਤੇ ਹਾਜ਼ਰੀ ਭਰੀ ਗਈ। ਇਸ ਪ੍ਰੋਗਰਾਮ ਵਿੱਚ ਹਿੰਦੂ, ਮੁਸਲਮਾਨ ਅਤੇ ਸਿੱਖਾਂ ਵੱਲੋਂ ਪਹੁੰਚੇ ਨੁਮਾਇੰਦਿਆਂ ਵੱਲੋਂ ਈਦ ਮੁਬਾਰਕਬਾਦ ਉੱਤੇ ਅਮਨ, ਸ਼ਾਂਤੀ ਅਤੇ ਪ੍ਰੇਮ ਦਾ ਸੰਦੇਸ਼ ਪੂਰੇ ਸੰਸਾਰ ਨੂੰ ਦਿੱਤਾ ਗਿਆ।
ਧਰਮ ਸਿੰਘ ਨਿਹੰਗ ਸਿੰਘ ਵੱਲੋਂ ਉੱਥੇ ਪਹੁੰਚੇ ਭਰਾਵਾਂ ਅਤੇ ਭੈਣਾਂ ਨੂੰ ਇਹ ਸੁਨੇਹਾ ਦਿੱਤਾ ਗਿਆ ਹੈ, ਕਿ ਸਾਰੀ ਦੁਨੀਆਂ ਦਾ ਅਸਲੀ ਧਰਮ ‘ਇੱਕ’ ਹੀ ਹੈ। ਧਰਮ ਦੀ ਗੱਲ ਉਹ ਹੈ, ਜੋ ਪ੍ਰੇਮ ਅਤੇ ੲੇਕਤਾ ਪੈਦਾ ਕਰਦੀ ਹੈ। ਜੇ ਪ੍ਰੇਮ ਨਹੀਂ ਪੈਦਾ ਹੁੰਦਾ, ਤਾਂ ਉਹ ਧਰਮ, ਧਰਮ ਨਹੀਂ ਹੈ, ਧਰਮ ਦੇ ਨਾਮ ‘ਤੇ ਧੋਖਾ ਹੈ। ਧਰਮ ਦੇ ਨਾਮ ‘ਤੇ ਬਣੇ ਹੋਏ ਅਲੱਗ-ਅਲੱਗ ਧੜੇ ਅਤੇ ਹੋ ਰਿਹਾ ਧੰਦਾ ਹੈ, ਧਰਮ ਨਹੀਂ ਹੈ।
ਧਰਮ ਸਿੰਘ ਨਿਹੰਗ ਸਿੰਘ ਨੇ ਕਿਹਾ:
“ਸਾਡੇ ਬਜ਼ੁਰਗ ਧਰਮ ਦੇ ਨਾਮ ਤੇ ਧੜਿਆਂ ਦੀ ਮੁਖਾਲਫ਼ਤ ਕਰਦੇ ਰਹੇ ਹਨ ਅਤੇ ਅਸੀਂ ਵੀ ਕਰਦੇ ਰਹਾਂਗੇ। ਸਾਨੂੰ ਅਜਿਹੇ ਧੜੇ ਬਰਦਾਸ਼ਤ ਨਹੀਂ ਹਨ, ਜਿਹੜੇ ਸਾਨੂੰ ਆਪਸ ਵਿੱਚ ਲੜਾਉਣ। ਅਸੀਂ ਦੱਸਾਂਗੇ, ਸਮਝਾਵਾਂਗੇ ਲੋਕਾਂ ਨੂੰ ਕਿ ਅਜਿਹੇ ਲੋਕਾਂ ਤੋਂ ਦੂਰ ਰਹੋ, ਜੋ ਕੱਟੜਤਾ, ਅੱਤਵਾਦ, ਝਗੜੇ ਅਤੇ ਨਫ਼ਰਤ ਦੀ ਖੇਤੀ ਬੀਜਦੇ ਹਨ। ਸਾਨੂੰ ਸਾਰਿਆਂ ਨੂੰ ਪ੍ਰੇਮ ਦੀ ਖੇਤੀ ਬੀਜਣੀ ਚਾਹੀਦੀ ਹੈ, ਪ੍ਰੇਮ ਦੀ ਭਾਵਨਾ ਪੈਦਾ ਕਰਨੀ ਚਾਹੀਦੀ ਹੈ, ਜਿਸ ਨਾਲ ਏਕਤਾ ਪੈਦਾ ਹੋਵੇਗੀ।
ਪ੍ਰੇਮ ਦੀ ਏਕਤਾ ਨੂੰ ਜੇਕਰ ਅਸੀਂ ਭਾਰਤ ਤੱਕ ਮਹਿਦੂਦ ਕਰਕੇ ਰੱਖਾਂਗੇ, ਤਾਂ ਉਹ ਰਹਿ ਨਹੀਂ ਸਕੇਗੀ। ਇਸ ਏਕਤਾ ਨਾਲ ਪੂਰੇ ਵਿਸ਼ਵ ਵਿਚਲੇ ਹਿੰਦੂ, ਮੁਸਲਿਮ, ਸਿੱਖ, ਈਸਾਈ, ਪਾਰਸੀ, ਬੋਧੀ ਆਦਿ ਜਿੰਨੇ ਵੀ ਧਰਮੀ ਲੋਕ ਹਨ, ਸਭ ਇੱਕਠੇ ਹੋ ਜਾਣ।
ਸਾਰੇ ਮੰਨਦੇ ਹਨ ਕਿ ਪ੍ਰੇਮ ਦਾ ਦੂਸਰਾ ਨਾਮ ਹੀ ਧਰਮ ਹੈ। “੧੦੦ ਵਿੱਚੋਂ ੮੦ ਲੋਕ ਮੰਨਦੇ ਹਨ, ਕਿ ਅਸੀਂ ਧਾਰਮਿਕ ਹਾਂ ਪਰ ਪ੍ਰੇਮ ਸਾਡੇ ਵਿੱਚ ੫% ਵੀ ਨਹੀਂ ਹੈ। ਇਸ ਨੂੰ ਸਮਝਣਾ ਪਵੇਗਾ ਅਤੇ ਸਮਝ ਕੇ ਅਸਲੀ ਧਰਮ ਵੱਲ ਨੂੰ ਮੁੜਨਾ ਪਵੇਗਾ।”
ਧਰਮ ਸਿੰਘ ਨਿਹੰਗ ਸਿੰਘ ਨੇ ਅੱਗੇ ਕਿਹਾ, ਕਿ ਦੁਨੀਆਂ ਨੂੰ ਬਚਾਉਣ ਵਾਸਤੇ ਅਤੇ ਸਾਰੀਆਂ ਸਮੱਸਿਆਵਾਂ ਦਾ ਹੱਲ ਕੇਵਲ ‘ਸੱਚ ਧਰਮ’ ਹੈ। ਇਨ੍ਹਾਂ ਸ਼ਬਦਾਂ ਦੇ ਨਾਲ ਧਰਮ ਸਿੰਘ ਨਿਹੰਗ ਸਿੰਘ ਨੇ ਸਾਰਿਆਂ ਦਾ ਧੰਨਵਾਦ ਕੀਤਾ। ਸਾਰੇ ਆਏ ਹੋਏ ਧਰਮ ਦੇ ਲੋਕਾਂ ਵੱਲੋਂ ਇਹ ਪ੍ਰੋਗਰਾਮ, ਜੋ ਕਿ ਈਦ ਮਿਲਨ ਦੇ ਸੰਬੰਧ ਵਿੱਚ ਦਰਗਾਹ ਸ਼ਾਹ-ਏ-ਮਰਦਾਂ ਜੋਰਬਾਗ ਦਿੱਲੀ ਵਿੱਚ ਰੱਖਿਆ ਸੀ, ਪ੍ਰੇਮ ਦੇ ਸੁਨੇਹੇ ਅਤੇ ਆਪਸੀ ਸੰਬੰਧਾਂ ਨੂੰ ਪੂਰੇ ਵਿਸ਼ਵ ਵਿੱਚ ਬਖੇਰਦਾ ਸਾਹਮਣੇ ਆਇਆ।