July 18, 2014

Gurbani Daa Satikaar


ਗੁਰਬਾਣੀ ਦਾ ਸਤਿਕਾਰ

ਗੁਰਬਾਣੀ ਦੀ ਇੱਜ਼ਤ ਕੀ ਆ, ਬੇਇਜਤੀ ਕੀ ਐ ? ਇਹ ਸਵਾਲ ਅਲੱਗ ਐ । ਪਹਿਲਾਂ 'ਗੁਰ ਕੀ ਮੱਤ' ਲਉ, ਫਿਰ ਪਤਾ ਲੱਗੂਗਾ । ਜੀਹਨੂੰ ਗੁਰਬਾਣੀ ਦੀ ਸਮਝ ਈ ਨੀ, ਉਹਨੂੰ ਕੀ ਪਤਾ ਇੱਜ਼ਤ-ਬੇਇਜਤੀ ਕੀ ਹੁੰਦੀ ਐ ਇਹਦੀ? ਕੀ ਕਰਨੀ ਐ? ‘ਗੁਰਬਾਣੀ ਨੂੰ ਮੰਨਣਾ’ ਈ ਇਹਦੀ ਇੱਜ਼ਤ ਕਰਨੀ ਐ । ਜਿਹੜਾ ਮੰਨਦਾ ਨੀ ਬਾਣੀ ਨੂੰ, ਜੀਹਨੂੰ ਸਮਝ ਨੀ ਬਾਣੀ ਦੀ, ਉਹ ਕੀ ਇੱਜ਼ਤ ਕਰਲੂਗਾ ਇਹਦੀ? ਉਹਨੂੰ ਕੀ ਪਤਾ ਕਿ ਇੱਜ਼ਤ ਕੀ ਹੁੰਦੀ ਐ? ਸਤਿਕਾਰ ਕੀ ਹੁੰਦੈ ਗੁਰੂ ਦਾ, ਉਹਨੂੰ ਕੀ ਪਤਾ ਐ ਜੀਹਨੂੰ ਸਮਝ ਈ ਨੀ? ਇਹ ਸਤਿਕਾਰ ਕੀ ਹੁੰਦੈ, ਉਹ ਵੀ ਤਾਂ ਗੁਰੂ ਤੋਂ ਈ ਪਤਾ ਲੱਗਣਾ ਏ ਨਾ! ਸਤਿਕਾਰ ਔਰ ਤ੍ਰਿਸਕਾਰ ਕੀ ਐ? ਸਤਿਕਾਰ ਦਾ ਉਲਟ ਐ ਤ੍ਰਿਸਕਾਰ ਲਫਜ਼ । ਗੁਰਬਾਣੀ ਦਾ ਤ੍ਰਿਸਕਾਰ ਕੀ ਐ, ਸਤਿਕਾਰ ਕੀ ਐ? ਇਹਦਾ ਵੀ ਗੁਰੂ ਤੋਂ ਈ ਪਤਾ ਲੱਗਦੈ । ਜਿਹੜਾ 'ਸਿਆਣੇ ਦੀ ਗੱਲ' ਨਹੀਂ ਮੰਨਦਾ, ਉਹ 'ਸਿਆਣੇ ਦਾ ਤ੍ਰਿਸਕਾਰ' ਕਰਦੈ । ਜਿਹੜੇ ਗੁਰਮੱਤ ਨੂੰ ਨਹੀਂ ਮੰਨਦੇ, ਗੁਰਬਾਣੀ ਨੂੰ ਨਹੀਂ ਮੰਨਦੇ, ਸੁਣਦੇ ਨੇ, ਉਹ ਤ੍ਰਿਸਕਾਰ ਕਰਦੇ ਨੇ । ਆਪ ਈ ਸਤਿਕਾਰ ਨੀ ਕਰਦੇ ਉਹ ਤਾਂ ਬਾਣੀ ਦਾ, ਉਹ ਕਿਵੇਂ ਕਹਿੰਦੇ ਨੇ ਅਸੀਂ ਸਤਿਕਾਰ ਕਰਦੇ ਆਂ? ਗੁਰਬਾਣੀ ਦੀ ਕਹੀ ਗੱਲ ਤਾਂ ਮੰਨਦੇ ਨੀ, ਗੁਰੂ ਦਾ ਤਾਂ ਕਹਿਣਾ ਨੀ ਮੰਨਦੇ, ਉਹ ਕਹਿੰਦੇ ਅਸੀਂ ਸਤਿਕਾਰ ਕਰਦੇ ਆਂ, ਸਤਿਕਾਰ ਜਦ ਕਰੋਂਗੇ, ਜਦ ਅੱਖਰ-ਅੱਖਰ ਨੂੰ ਮੰਨੋਂਗੇ, ਫਿਰ ਸਤਿਕਾਰ...ਤੁਸੀਂ ਕਿਸੇ ਨੂੰ ਨੀ ਫਿਰ ਕਹਿੰਦੇ ਕਿ ਸਤਿਕਾਰ ਕਰੋ, ਫਿਰ ਦੂਏ ਨੂੰ ਨੀ ਕਹਿੰਦਾ ਕਿ ਸਤਿਕਾਰ ਕਰੋ, ਉਹਨੂੰ ਸਮਝ ਆ ਜਾਂਦੀ ਐ ਬਈ ਸਤਿਕਾਰ ਕੀ ਹੁੰਦੈ! ਜਿਹੜਾ ਖੁਦ ਸਤਿਕਾਰ ਕਰਦੈ, ਉਹ ਦੂਏ ਨੂੰ ਨੀ ਕਹਿੰਦਾ, ਜਿਹੜਾ ਕਰਦਾ ਨੀ...ਸਤਿਕਾਰ ਦਾ ਪਤਾ ਨੀ, ਉਹ ਰੌਲਾ ਪਾਉਂਦੈ । ਜਦ ਤ੍ਰਿਸਕਾਰ ਕਰਦੇ ਆਂ ਅਸੀਂ ਕਿਸੇ ਦਾ, ਉਹਦੀ ਗੱਲ ਅਣਸੁਣੀ ਕਰ ਦਿੰਨੇ ਆਂ । ਗੱਲ ਅਣਸੁਣੀ ਕਰ ਦਿੰਨੇ ਆਂ ਉਹਦੀ ਸੁਣਕੇ, ਉਹ ਤ੍ਰਿਸਕਾਰ ਹੁੰਦੈ...ਕਿਸੇ ਦਾ...ਉਹਦੀ ਸੁਣਨੀ-ਓਂ ਨਾ ਗੱਲ । ਜਿਵੇਂ ਨਿਆਣੇ ਨੇ..., ਉਹ(ਬਜੁਰਗ) ਕਹਿੰਦਾ ਮੈਨੂੰ ਉਹ ਫੜਾ ਦੇ...ਮੇਰੀ ਸੋਟੀ ਫੜਾ ਦੇ! ਉਹ(ਨਿਆਣਾ) ਓਧਰ(ਦੂਜੇ ਪਾਸੇ) ਨੂੰ ਚਲਿਆ ਜਾਂਦੈ ਉਹਦੀ ਗੱਲ ਸੁਣਕੇ, ਕੀ ਸਤਿਕਾਰ ਕਰਦੈ ਕਿ ਤ੍ਰਿਸਕਾਰ ਕਰਦੈ? ਉਹ ਤ੍ਰਿਸਕਾਰ ਕਰਦੈ । ਗੁਰੂ ਕਹਿੰਦੈ ਤੁਸੀਂ ਆਹ ਕਰੋ, ਤੁਸੀਂ ਕਰਦੇ ਨੀ, ਤ੍ਰਿਸਕਾਰ ਕਰਦੇ ਓਂ ਤੁਸੀਂ ਤਾਂ ਆਪ । ਰਮਾਲੇ ਦੇਣ ਨਾਲ ਸਤਿਕਾਰ ਨੀ ਹੁੰਦਾ, ਧੂਫ-ਬੱਤੀ ਕਰਨ ਨਾਲ ਸਤਿਕਾਰ ਨੀ ਹੁੰਦਾ, ਮੱਥਾ ਟੇਕਣ ਨਾਲ ਸਤਿਕਾਰ ਨੀ ਹੁੰਦਾ..., ਗੱਲ ਮੰਨਣ ਨਾਲ ਸਤਿਕਾਰ ਹੋਊਗਾ, ਗੁਰ ਕੀ ਮੱਤ ਲੈਣ ਨਾਲ ਸਤਿਕਾਰ ਹੋਊਗਾ । ਸਿਆਣੇ ਦੀ ਗੱਲ ਮੰਨਣ ਨਾਲ ਸਿਆਣੇ ਦਾ ਸਤਿਕਾਰ ਐ, 'ਨਾਨਕ' ਦੀ ਗੱਲ 'ਲਹਿਣੇ' ਨੇ ਮੰਨੀ, ਮੁੰਡਿਆਂ ਨੇ ਨੀ ਮੰਨੀ, ਤੇ ਸਤਿਕਾਰ ਕੀਹਨੂੰ ਮਿਲਿਆ? ਲਹਿਣੇ ਨੂੰ ਮਿਲਿਆ । ਕਿਉਂ? ਲਹਿਣੇ ਨੇ ਸਤਿਕਾਰ ਨਾਨਕ ਦਾ ਕੀਤਾ ਸੀ, ਜਾਂ ਗੁਰਮੱਤ ਦਾ ਕੀਤਾ ਸੀ, ਨਾਨਕ ਦਾ ਈ ਕੀਤਾ ਸੀ ਨਾ! ਨਾਨਕ ਦੀ ਗੱਲ ਮੰਨੀ ਸੀ ਨਾ! ਮੁੰਡਿਆਂ ਨੇ ਨਹੀਂ ਮੰਨੀ, "ਪੁਤ੍ਰੀ ਕਉਲੁ ਨ ਪਾਲਿਓ" ਲਿਖਿਆ ਹੋਇਐ ਨਾ? "ਕਰਿ ਪੀਰਹੁ ਕੰਨ੍ਹ੍ਹ ਮੁਰਟੀਐ ॥ {ਪੰਨਾ 967}" ਆਪ ਤਾਂ ਕੰਨ ਪੜਵਾ ਲਿਆ, ਸਾਧ ਦਾ ਚੇਲਾ ਬਣ ਗਿਆ, ਚਾਹੁੰਦੈ ਬਾਪ ਵਾਲੀ ਗੱਦੀ! ਕਿਵੇਂ ਮਿਲ ਜਾਂਦੀ? ਲਹਿਣੇ ਨੇ ਸੱਤ ਬਚਨ ਕਿਹਾ...ਹਰੇਕ ਚੀਜ਼ ਨੂੰ "ਸਤਿ ਬਚਨ ਸਾਧੂ ਉਪਦੇਸ ॥ {ਪੰਨਾ 284}" ਗੁਰਬਾਣੀ ਦੀ ਹਰ ਗੱਲ ਨੂੰ ਸੱਤ-ਬਚਨ ਕਰਕੇ ਮੰਨਣਾ, ਸੱਤ-ਸੱਤ ਕਰਕੇ ਮੰਨਣਾ...ਇਹ ‘ਸਤਿਕਾਰ’ ਐ..., ਨਾਂ ਮੰਨਣਾ ‘ਤ੍ਰਿਸਕਾਰ’ ਐ । "ਸਤਿ ਬਚਨ ਸਾਧੂ ਉਪਦੇਸ ॥ {ਪੰਨਾ 284}" ਇਹ ‘ਸਾਧੂ ਉਪਦੇਸ਼’ ਐ, ਇਹਨੂੰ ਸੱਤ-ਬਚਨ ਕਰਕੇ ਮੰਨਣਾ ਚਾਹੀਦੈ...।

~ਧਰਮ ਸਿੰਘ ਨਿਹੰਗ ਸਿੰਘ~