August 3, 2018

ਬੁੱਢਾ ਦਲ ਦੇ ਸਾਲਾਨਾ ਜੋੜ ਮੇਲੇ ਵਿਖੇ ਸਮੂਹ ਨਿਹੰਗ ਸਿੰਘ ਜਥੇਬੰਦੀਆਂ ਨੇ ਸ਼ਿਰਕਤ ਕੀਤੀ

Source: https://sachkhojacademy.wordpress.com/2018/08/02/bhuddhadalsmagam/

ਬੁੱਢਾ ਦਲ ਦੇ ਸਾਲਾਨਾ ਜੋੜ ਮੇਲੇ ਵਿਖੇ ਸਮੂਹ ਨਿਹੰਗ ਸਿੰਘ ਜਥੇਬੰਦੀਆਂ ਨੇ ਸ਼ਿਰਕਤ ਕੀਤੀ– ਧਰਮੀ ਬੰਦੇ ਦੀ ਜਿੰਮੇਵਾਰੀ ਹੈ ਕਿ ਉਹ ਸੱਚ ਨੂੰ ਮੈਦਾਨ ਵਿੱਚ ਲੈ ਕੇ ਆਵੇ

੩੦ ਜੁਲਾਈ, ੨੦੧੮: ਚੰਡੀਗੜ੍ਹ ਵਿਖੇ ਬੁੱਢਾ ਦਲ ਦੇ ਸਾਲਾਨਾ ਜੋੜ ਮੇਲੇ ਵਿਖੇ ਸਮੂਹ ਨਿਹੰਗ ਸਿੰਘ ਜਥੇਬੰਦੀਆਂ ਨੇ ਸ਼ਿਰਕਤ ਕੀਤੀ । ਇਸ ਮੌਕੇ ਉੱਤੇ ਵੱਖ-ਵੱਖ ਬੁਲਾਰਿਆਂ ਵੱਲੋਂ ਸੰਗਤ ਨੂੰ ਸੰਬੋਧਨ ਕੀਤਾ ਗਿਆ । ਦੁਨੀਆਂ ਵਿੱਚ ਸਿਰਫ ਇੱਕ ਸ੍ਰੇਸ਼ਟ ਧਰਮ ਹੈ ਤੇ ਉਹ ਹੈ ‘ਸੱਚ ਧਰਮ’ । ਸਿੱਖ ਮਤਿ ਇਸ ਧਰਮ ਬਾਰੇ ਜਾਣੂ ਕਰਵਾਉਂਦੀ ਹੈ । ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਧਰਮ ਸਿੰਘ ਨਿਹੰਗ ਸਿੰਘ ਨੇ ਕੀਤਾ ਅਤੇ ਗੁਰਮਤਿ ਬਾਰੇ ਕੀਤੀ ਆਪਣੀ ਖੋਜ ਨਾਲ ਸੰਗਤ ਨੂੰ ਜਾਣੂ ਕਰਵਾਇਆ ।

ਇਸ ਮੌਕੇ ‘ਤੇ ਬੋਲਦਿਆਂ ਉਹਨਾਂ ਨੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ (ਸ.ਗ.ਪ.ਕ) ਦੇ ਪ੍ਰਧਾਨ ਲੌਂਗੋਵਾਲ ਦੇ ਬਿਆਨ, ਜਿਸ ਵਿੱਚ ਉਹਨਾਂ ਨੇ ਮੰਨਿਆ ਸੀ ਕਿ ਹੁਣ ਤੱਕ ਦਾ ਪ੍ਰਚਾਰ ਠੀਕ ਨਹੀਂ ਹੋਇਆ, ਇਸ ਕਰਕੇ ਹੁਣ ਆਨੰਦਪੁਰੀ ਵਿਚਾਰਧਾਰਾ ਦਾ ਪ੍ਰਚਾਰ ਕੀਤਾ ਜਾਵੇਗਾ, ਦਾ ਹਵਾਲਾ ਦਿੰਦੇ ਹੋਏ ਸਵਾਲ ਉਠਾਇਆ ਕਿ ਜਦੋਂ ਸ.ਗ.ਪ.ਕ ਇਹ ਮੰਨਦੀ ਹੈ ਕਿ ਅੰਮ੍ਰਿਤਸਰੀ ਵਿਚਾਰਧਾਰਾ ਗ਼ਲਤ ਹੈ ਅਤੇ ਹੁਣ ਆਨੰਦਪੁਰੀ ਵਿਚਾਰਧਾਰਾ ਨੂੰ ਆਧਾਰ ਬਣਾ ਕੇ ਪ੍ਰਚਾਰ ਕਰਾਂਗੇ ਤਾਂ ਫਿਰ ਹੁਣ ਤੱਕ ਆਨੰਦਪੁਰੀ ਵਿਚਾਰਧਾਰਾ ਬਾਰੇ ਕਿਉਂ ਨਹੀਂ ਦੱਸਿਆ ਗਿਆ ਕਿ ਉਹ ਕਿਹੜੀ ਵਿਚਾਰਧਾਰਾ ਹੈ ? ਉਹਨਾਂ ਅੱਗੇ ਕਿਹਾ ਕਿ ਅਾਨੰਦਪੁਰੀ ਵਿਚਾਰਧਾਰਾ ਦਸਮ ਗਰੰਥ ਤੋਂ ਬਿਨਾਂ ਪੂਰੀ ਨਹੀਂ ਹੋ ਸਕਦੀ, ਇਸ ਕਰਕੇ ਸ.ਗ.ਪ.ਕ ਹੁਣ ਸੰਗਤ ਦੇ ਸਾਹਮਣੇ ਇਹ ਗੱਲ ਸਪੱਸ਼ਟ ਕਰੇ ਕਿ ਦਸਮ ਗਰੰਥ ਦਾ ਪ੍ਰਚਾਰ ਕਿਸ ਤਰਾਂ ਕਰਨਾ ਹੈ, ਕੌਣ ਇਸ ਦਾ ਪ੍ਰਚਾਰ ਕਰਨ ਦੇ ਕਾਬਿਲ ਹੈ ਅਤੇ ਉਹ ਦਸਮ ਗਰੰਥ ਦਾ ਪ੍ਰਕਾਸ਼ ਕਦੋਂ ਕਰੇਗੀ ?
ਉਹਨਾਂ ਨੇ ਖਾਲਸਾ ਫੌਜ਼ ਨੂੰ ਉਸ ਦੀਆਂ ਜ਼ਿੰਮੇਵਾਰੀਆਂ ਅਤੇ ਫ਼ਰਜ਼ ਚੇਤੇ ਕਰਵਾਉਂਦੇ ਹੋਏ ਇਸ ਗੱਲ ‘ਤੇ ਜੋਰ ਪਾਇਆ ਕਿ ਗੋਲਕ ਨਾਲ ਕੋਈ ਸੰਬੰਧ ਨਾ ਰੱਖਦੇ ਹੋਏ ਖਾਲਸਾ ਫੌਜ ਨੂੰ ਧਰਮ ਪ੍ਰਚਾਰ ਦੀ ਸੇਵਾ ਦਾ ਕੰਮ ਦੁਬਾਰਾ ਆਪਣੇ ਹੱਥ ਵਿੱਚ ਲੈ ਲੈਣਾ ਚਾਹੀਦਾ ਹੈ ।
ਉਹਨਾਂ ਦੀ ਜਥੇਦਾਰ ਪ੍ਰੇਮ ਸਿੰਘ ਨਿਹੰਗ ਸਿੰਘ ਚੱਲਦਾ ਵਹੀਰ ਹਜ਼ੂਰ ਸਾਹਿਬ ਨੰਦੇੜ, ਨਾਲ ਗੱਲਬਾਤ ਹੋਈ ਕਿ ਤਿਆਗ ਤੋਂ ਬਿਨਾਂ ਸੱਚ ਦੀ ਗੱਲ ਦੁਨੀਆਂ ਸਾਹਮਣੇ ਨਹੀਂ ਰੱਖੀ ਜਾ ਸਕਦੀ । ਧਰਮੀ ਬੰਦੇ ਦੀ ਜਿੰਮੇਵਾਰੀ ਹੈ ਕਿ ਉਹ ਸੱਚ ਨੂੰ ਮੈਦਾਨ ਵਿੱਚ ਲੈ ਕੇ ਆਵੇ । ਦੁਨੀਆਂ ਵਿੱਚ ਪ੍ਰੇਮ, ਏਕਤਾ ਤੇ ਇਮਾਨਦਾਰੀ ਨੂੰ ਜੋ ਮਜਬੂਤ ਕਰ ਸਕੇ ਉਹੋ ਹੀ ਇਸ ਮਕਸਦ ਵਿੱਚ ਸਾਂਝ ਪਾਵੇ । ਇਸ ਗੱਲ ‘ਤੇ ਵੀ ਸਹਿਮਤੀ ਹੋਈ ਕਿ ਇਹ ਜ਼ਰੂਰੀ ਹੈ ਕਿ ਸਾਲਾਹ ਉਹਨਾਂ ਤੋਂ ਲਈ ਜਾਵੇ ਜਿਹਨਾਂ ਕੋਲ ਗੁਰਮਤਿ ਦਾ ਪੂਰਾ ਗਿਆਨ ਹੋਵੇ । ਗਿਆਨ ਖੜਗ ਦੀ ਸ਼ਕਤੀ ਨਾਲ ਹੀ ਸੱਚ ਸਾਬਤ ਹੁੰਦਾ ਹੈ । ਵਿਚਾਰ ਦੌਰਾਨ ਇਹ ਗੱਲ ਵੀ ਸਾਬਤ ਹੋਈ ਕਿ ਨਾਮ ਨੂੰ ‘ਦਾਰੂ’ ਤਾਂ ਸਾਰੇ ਹੀ ਕਹਿ ਦਿੰਦੇ ਹਨ, ਪਰ ਨਾਮ ‘ਦਾਰੂ’ ਕਿਵੇਂ ਹੈ ? ਇਸ ਬਾਰੇ ਉਹ ਹੀ ਦੱਸ ਸਕਦਾ ਹੈ ਜਿਸ ਕੋਲ ਗਿਆਨ ਰੂਪੀ ਖੜਗ ਹੈ । ਜਿਸ ਗਿਆਨ ਨੂੰ ਦੂਸਰੀਆਂ ਮੱਤਾਂ ਵੀ ਉੱਤਮ ਮੰਨ ਲੈਣ ਤਾਂ ਫਿਰ ਉਸ ਗਿਆਨ ਉੱਤੇ ਕਿਸੇ ਨੂੰ ਵੀ ਕਿੰਤੂ-ਪ੍ਰੰਤੂ ਕਰਨ ਦਾ ਅਧਿਕਾਰ ਨਹੀਂ ਭਾਵੇਂ ਉਹ ਕੋਈ ਵੀ ਹੋਵੇ । ਹਾਂ, ਆਪਸ ਵਿੱਚ ਮਿਲ ਬੈਠ ਕੇ ਵਿਚਾਰ ਕਰਨ ਵਿੱਚ ਕੋਈ ਹਰਜ ਨਹੀਂ ਹੈ, ਤਾਂ ਕਿ ਸਮਝਣ ਵਿੱਚ ਪਏ ਭੁਲੇਖੇ ਦੂਰ ਹੋ ਸਕਣ ।