Source: https://sachkhojacademy.wordpress.com/panjabi/
ਸਚੁ ਖੋਜ ਅਕੈਡਮੀ – ਸਚੁ ਦੀ ਖੋਜ ਲਈ ਅਕੈਡਮੀ
ਗੁਰ ਕੀ ਸੇਵਾ ਸਬਦੁ ਵੀਚਾਰੁ ॥ (ਆਦਿ ਗ੍ਰੰਥ, ਮ-੧, ੨੩੩)
ਧਰਮ ਸਿੰਘ ਨਿਹੰਗ ਸਿੰਘ ਦਾ ਜਨਮ ੧੯੩੬ ਈਸਵੀ ਨੂੰ ਪੰਜਾਬ, ਭਾਰਤ ਵਿਖੇ ਹੋਇਆ ਅਤੇ ਇਹ ਧਾਰਮਿਕ ਗਿਆਨ ਦੀ ਰੱਖਿਆ ਵਾਸਤੇ ਵਚਨਬੱਧ, ਨਿਹੰਗ ਜਥੇਬੰਦੀ ਵਿੱਚੋਂ ਆਏ ਹਨ। ਇਹ ਸਚੁ ਖੋਜ ਅਕੈਡਮੀ ਦੇ ਮੋਢੀ ਹਨ, ਜੋ ਕਿ ਗੁਰਬਾਣੀ ਉੱਤੇ ਆਧਾਰਿਤ ਅਧਿਆਤਮਕ ਖੋਜ ਨੂੰ ਸਮਰਪਿਤ ਸੰਸਥਾ ਹੈ। ਇਹਨਾਂ ਨੇ ਅਸਤਿੱਤਵ ਸੰਬੰਧੀ ਮੁੱਦਿਆਂ ਉੱਤੇ ਪ੍ਰਚੰਡ ਅਤੇ ਆਲੋਚਨਾਤਮਕ ਵਿਆਖਿਆ ਕੀਤੀ ਹੈ, ਜਿਵੇਂ ਕਿ ਮਨੁੱਖ ਹੋਣ ਦਾ ਮਤਲਬ ਕੀ ਹੈ, ਆਤਮਾ, ਧਰਮ, ਅਤੇ ਸਾਡੇ ਸਾਮੂਹਿਕ ਭਵਿੱਖ ਦਾ ਰੂਪ ਕੀ ਹੈ ਆਦਿਕ। ਇਹ ਸਮੁੱਚੀ ਅਤੇ ਆਲੋਚਨਾਤਮਕ ਵਿਆਖਿਆ ਕਰਦੇ ਨੇ, ਅਤੇ ਅਧਿਆਤਮਕਤਾ, ਧਰਮ ਅਤੇ ਅਸਤਿੱਤਵ ਸੰਬੰਧੀ ਮੁੱਦਿਆਂ ਜਿਵੇਂ ਕਿ, ਸੁਚੱਜਾ ਵਿਕਾਸ ਕੀ ਹੈ, ਅੱਤਵਾਦ, ਰਿਸ਼ਵਤਖੋਰੀ ਅਤੇ ਵਾਤਾਵਰਣ ਦੀ ਤਬਾਹੀ ਨੂੰ ਕਿਵੇਂ ਠੱਲ ਪਾਈ ਜਾ ਸਕਦੀ ਹੈ ਆਦਿਕ ਮਸਲਿਆਂ ਨੂੰ ਡੂੰਘਾਈ ਨਾਲ ਸੰਬੋਧਤ ਹੁੰਦੇ ਹਨ। ਰਵਾਇਤ ਅਨੁਸਾਰ, ਨਿਹੰਗ ਸਿੰਘ ਆਪਣੇ ਗਿਆਨ ਦਾ ਪ੍ਰਸਾਰ ਮੁਫਤ ਕਰਦੇ ਹਨ। ਇਹਨਾਂ ਨੇ ਯੂ-ਟਿਊਬ ਉੱਤੇ ਹਜ਼ਾਰਾਂ ਘੰਟਿਆਂ ਦੀ ਵਿਆਖਿਆ ਪਾਈ ਹੈ ਅਤੇ ਕਈ ਕਿਤਾਬਾਂ ਅਤੇ ਲੇਖ ਵੀ ਲਿਖੇ ਹਨ।
ਨਿਹੰਗ ਸਿੰਘ ਫਰਵਰੀ੨੦੧੫ ਵਿੱਚ, “ਧਰਮ ਜ਼ਰੂਰੀ ਹੈ – ਭਵਿੱਖ ਦੀਆਂ ਚੁਣੌਤੀਆਂ ਉੱਤੇ ਮੁੜ ਵਿਚਾਰ” ਨਾਮਕ ਸੰਵਾਦ ਲੜੀ ਦੇ ਪਹਿਲੇ ਬੁਲਾਰੇ ਸਨ। ਇਹ ਲੜੀ, ਜੋ ਕਿ ਜਰਮਨੀ ਦੀ ਆਰਥਿਕ ਸਹਿਕਾਰਤਾ ਅਤੇ ਵਿਕਾਸ ਲਈ ਬਣੀ ਕੇਂਦਰੀ ਵਜ਼ਾਰਤ ਨੇ ਆਯੋਜਿਤ ਕੀਤੀ ਸੀ, ਦੇ ਵਿੱਚ ਉੱਘੀਆਂ ਸ਼ਖਸੀਅਤਾਂ ਨੂੰ ਕਦਰਾਂ-ਕੀਮਤਾਂ, ਧਰਮ, ਅਤੇ ਵਿਕਾਸ ਜਿਹੇ ਮੁੱਦਿਆਂ ਉੱਤੇ ਆਪਣੇ ਵਿਚਾਰ ਰੱਖਣ ਲਈ ਸੱਦਿਆ ਜਾਂਦਾ ਹੈ।
ਧਰਮ ਜ਼ਰੂਰੀ ਹੈ – ਭਵਿੱਖ ਦੀਆਂ ਚੁਣੌਤੀਆਂ ਉੱਤੇ ਮੁੜ ਵਿਚਾਰ
ਅਧਿਆਤਮਕ ਸੂਝ–ਬੂਝ ਤੋਂ ਬਿਨਾ ਸਫਲ ਵਿਕਾਸ ਕਰ ਪਾਉਣਾ ਅਸੰਭਵ ਹੈ। ਵਧੀਆ ਵਿਕਾਸ ਵਧੀਆ ਦਵਾਈ ਵਾਂਗ ਹੁੰਦਾ ਹੈ: ਇਸਦਾ ਕੋਈ ਦੁਰ–ਪ੍ਰਭਾਵ ਨਹੀਂ ਹੁੰਦਾ।
ਧਰਮ ਸਿੰਘ ਨਿਹੰਗ ਸਿੰਘ
- ਇਮਾਨਦਾਰੀ: ਸਾਡੀ ਕਥਨੀ ਤੇ ਕਰਨੀ ਵਿੱਚ ਫਰਕ ਨਹੀਂ ਹੋਣਾ ਚਾਹੀਦਾ। ਇਮਾਨਦਾਰੀ ਅਤੇ ਸ਼ੁਧ ਹਿਰਦੇ ਤੋਂ ਬਿਨਾ ਸ਼ਾਂਤੀ, ਨਿਆ, ਇੱਕ ਜੁੱਟਤਾ ਅਤੇ ਸੁਚੱਜਾ ਪ੍ਰਸ਼ਾਸਨ ਨਹੀਂ ਹੋ ਸਕਦਾ।
- ਸਮੁੱਚਤਾ : ਸੱਚ ਧਰਮ ਸਾਰਿਆਂ ਲਈ ਹੁੰਦਾ ਹੈ ਅਤੇ ਇਸਦਾ ਸਰੂਪ ਨਿਰ-ਸਵਾਰਥ ਭਾਵ ਵਾਲਾ ਹੁੰਦਾ ਹੈ। ਇਹ ਕਿਸੇ ਖਾਸ ਧੜੇ ਜਾਂ ਹਿੱਤ ਨੂੰ ਮੁੱਖ ਰੱਖਣ ਦੀ ਬਜਾਇ, ਸਮੁੱਚੀ ਦੁਨੀਆ ਦੇ ਲੋਕਾਂ ਦੇ ਭਲੇ ਲਈ ਪ੍ਰਤਿਬੱਧ ਹੈ।
- ਸੰਵਾਦ: ਧਰਮ ਦੀ ਸੂਝ-ਬੂਝ ਦੂਜਿਆਂ ਨਾਲ ਸਾਂਝੀ ਕਰਨੀ ਹੁੰਦੀ ਹੈ। ਧਾਰਮਿਕ ਹੋਣ ਦੇ ਨਾਤੇ, ਸਾਨੂੰ ਆਪਣੇ ਵਿਚਾਰ ਸਿੱਧੇ ਜਾਂ ਅਸਿੱਧੇ ਰੂਪ ਵਿੱਚ ਦੂਜਿਆਂ ਉੱਤੇ ਥੋਪਣੇ ਨਹੀਂ ਚਾਹੀਦੇ।
- ਵਿਕਾਸ: ਅਸਲ ਵਿਕਾਸ ਸਹਿਜਤਾ ਅਤੇ ਆਪਣੇ ਆਪ ਨੂੰ ਧਰਤੀ ਉੱਤੇ ਮਹਿਮਾਨ ਸਮਝਣ ਜਿਹੀ ਨਿਮਰਤਾ ਨਾਲ ਹੀ ਹਾਸਿਲ ਕੀਤਾ ਜਾ ਸਕਦਾ ਹੈ। ਇਸ ਵਿੱਚ ਬੁਨਿਆਦੀ ਲੋੜਾਂ ਦੀ ਚੇਤੰਨਤਾ ਹੁੰਦੀ ਹੈ, ਕੁਦਰਤ ਦੇ ਨਾਲ ਸੁਰ ਮਿਲਾਉਣ ਦੀ ਸਮਝ ਅਤੇ ਆਪਣੀਆਂ ਅਤੇ ਧਰਤੀ ਦੀਆਂ ਸੀਮਿਤ ਯੋਗਤਾਵਾਂ ਦਾ ਧਿਆਨ ਹੁੰਦਾ ਹੈ। ਉਹ ਵਿਕਾਸ, ਜੋ ਗੁੰਝਲਾਂ, ਸਮੱਸਿਆਵਾਂ ਪੈਦਾ ਕਰੇ ਅਤੇ ਅੰਦਰੂਨੀ ਸ਼ਾਂਤੀ ਨੂੰ ਭੰਗ ਕਰੇ, ਉਹ ਪਿਛਾਂਹ-ਖਿੱਚੂ ਹੁੰਦਾ ਹੈ।
- ਸ਼ਾਂਤੀ: ਬਹੁਤ ਤੇਜ਼ ਧੜਕਣ ਵਾਲਾ ਦਿਲ ਉਨ੍ਹਾਂ ਹੀ ਮਾੜਾ ਹੁੰਦਾ ਹੈ ਜਿਨਾ ਕਿ ਹੌਲ਼ੀ ਧੜਕਣ ਵਾਲਾ ਦਿਲ। ਦਿਲ ਦੀ ਬਹੁਤੀ ਤੇਜ਼ ਧੜਕਨ ਵਾਂਗੂੰ ਅੰਧਾਧੁੰਦ ਰਫਤਾਰ ਵਾਲਾ ਵਿਕਾਸ, ਸ਼ਾਂਤੀ ਦੀ ਜਗ੍ਹਾ ਅਸ਼ਾਂਤੀ ਪੈਦਾ ਕਰੇਗਾ। ਕੁਦਰਤੀ ਵਿਕਾਸ ਪੌੜੀ ਦਰ ਪੌੜੀ ਹਾਸਿਲ ਕੀਤਾ ਜਾਂਦਾ ਹੈ। ਇਹ ਵਿਕਾਸ ਕੁਦਰਤ ਦੀ ਚਾਲ ਤੋਂ ਸਿੱਖਿਆ ਲੈਕੇ ਕੀਤਾ ਜਾਣਾ ਚਾਹੀਦਾ ਹੈ।
- ਜ਼ਿੰਮੇਵਾਰੀ: ਹਰ ਕੋਈ ਭੁੱਲਣਹਾਰ ਹੈ, ਭਾਵੇਂ ਓਹ ਲੋਕ ਹੋਣ, ਜਾਂ ਦੇਸ਼। ਇਸ ਦਾ ਇਲਾਜ ਇਹੋ ਹੈ ਕਿ ਅੱਗੇ ਤੋਂ ਗਲਤੀ ਨਾ ਕੀਤੀ ਜਾਵੇ ਅਤੇ ਹੋ ਚੁੱਕੀਆਂ ਗਲਤੀਆਂ ਨੂੰ ਸੁਧਾਰਣ ਦੀ ਜ਼ਿੰਮੇਵਾਰੀ ਲਈ ਜਾਵੇ।
- ਤਾਕਤ ਦੀ ਵਰਤੋਂ ਵਿੱਚ ਸਾਵਧਾਨੀ: ਜਿਨ੍ਹਾਂ ਕੋਲ ਰਾਜਸੀ, ਵਿੱਦਿਅਕ, ਜਾਂ ਦੌਲਤ ਦੀ ਤਾਕਤ ਹੈ, ਉਨ੍ਹਾਂ ਦੀ ਹੀ ਜਿੰਮੇਵਾਰੀ ਵੀ ਬਣਦੀ ਹੈ ਕਿ ਇਹਨਾਂ ਤਿੰਨਾਂ ਕਿਸਮ ਦੀਆਂ ਤਾਕਤਾਂ ਦੀ ਦੁਰ-ਵਰਤੋਂ ਨਾ ਹੋਵੇ।
- ਜਿੰਮੇਵਾਰ ਸਿਆਸਤ: ਨੀਤੀਵਾਨਾਂ ਨੂੰ ਦੂਰ-ਦਰਸ਼ੀ ਨੀਤੀਆਂ ਬਣਾਉਣ ਵਾਸਤੇ ਧਾਰਮਿਕ ਸੂਝ-ਬੂਝ ਵਾਲਿਆਂ ਦੀ ਸਲਾਹ ਲੈਣੀ ਚਾਹੀਦੀ ਹੈ ਅਤੇ ਵਿਦਿਆ ਦੇ ਅਦਾਰਿਆਂ ਵਿੱਚ ਸੱਚ ਧਰਮ ਸੰਬੰਧੀ ਜਾਗਰੁਕਤਾ ਵਧਾਉਣ ਦੇ ਉਪਰਾਲੇ ਕਰਨੇ ਚਾਹੀਦੇ ਹਨ, ਨਾਲ ਹੀ, ਨੀਤੀਵਾਨਾਂ ਵੱਲੋਂ ਭੀ ਧਾਰਮਿਕ ਪਰਚਾਰ ਉੱਤੇ ਆਲੋਚਨਾਤਮਕ ਨਜ਼ਰ ਰੱਖੀ ਜਾਣੀ ਚਾਹੀਦੀ ਹੈ ਤਾਂਕਿ ਧਰਮ ਦੇ ਨਾਂ ਉੱਤੇ ਕਲੇਸ਼ ਪੈਦਾ ਕਰਨ ਵਾਲਿਆਂ ਨੂੰ ਰੋਕਿਆ ਅਤੇ ਟੋਕਿਆ ਜਾ ਸਕੇ।
- ਪ੍ਰਤਿਯੋਗਤਾ: ਨੀਤੀਵਾਨਾਂ ਅਤੇ ਸਮਾਜ ਨੂੰ ਵੱਖ-ਵੱਖ ਮੱਤਾਂ ਦੀ ਆਪਸੀ ਪ੍ਰਤੀਯੋਗਤਾ ਨੂੰ ਉਤਸ਼ਾਹਿਤ ਕਰਨਾ ਚਾਹੀਦਾ ਹੈ। ਜੇਕਰ ਧਾਰਮਿਕ ਮੁੱਦੇ ਪਾਰਦਰਸ਼ਤਾ ਨਾਲ ਪੇਸ਼ ਕੀਤੇ ਜਾਣ, ਫੇਰ ਇਹ ਆਸਾਨੀ ਨਾਲ ਨਿਸ਼ਚਿਤ ਕੀਤਾ ਜਾ ਸਕਦਾ ਹੈ ਕਿ ਕਿਸ ਮੱਤ ਦਾ ਕਿਹੜਾ ਦ੍ਰਿਸ਼ਟੀਕੋਣ ਸਹੀ ਅਤੇ ਮਨੁੱਖਤਾ ਦੇ ਭਲੇ ਲਈ ਹੈ, ਅਤੇ ਜਿਸਦਾ ਕਿ ਵਿਆਪਕ ਪਰਚਾਰ ਕੀਤਾ ਜਾਣਾ ਚਾਹੀਦਾ ਹੈ।
- ਪਰਿਵਰਤਨ: ਸੱਚਾ ਪਰਿਵਰਤਨ ਹਮੇਸ਼ਾ ਵਿਅਕਤੀਗਤ ਪੱਧਰ ਉੱਤੇ ਸ਼ੁਰੂ ਹੁੰਦਾ ਹੈ। ਸੱਚ ਧਰਮ ਇਸ ਵਿੱਚ ਸਹਾਈ ਹੋ ਸਕਦਾ ਹੈ। ਸੱਚ ਧਰਮ ਦੀ ਮੂਲ ਪ੍ਰਕਿਰਤੀ ਹੀ ਸਾਡੇ ਅਤੇ ਸਮਾਜ ਅੰਦਰੋਂ ਸਵਾਰਥ ਅਤੇ ਤੰਗ-ਦ੍ਰਿਸ਼ਟੀ ਨੂੰ ਖਤਮ ਕਰਨ ਦੀ ਹੈ। ਇਸ ਲਈ ਲੋੜ ਹੈ ਪ੍ਰਾਚੀਨ ਮਨੋਬਿਰਤੀਆਂ ਨੂੰ ਪਾਸੇ ਰੱਖਣ ਦੀ। ਜੋ ਲੋਕ ਧਾਰਮਕ ਅਖਵਾਉਂਦੇ ਹਨ, ਓਹਨਾਂ ਦੀ ਜ਼ਿੰਮੇਵਾਰੀ ਹੈ ਕਿ ਓਹ ਆਪਣੇ ਧਰਮ ਅਤੇ ਇਤਿਹਾਸ ਨੂੰ ਨਿਰਪੱਖ ਹੋਕੇ ਸਵੈ-ਆਲੋਚਨਾ ਅਤੇ ਵਿਚਾਰ ਸਹਿਤ ਪੜ੍ਹਨ ਅਤੇ ਸਮਝਣ।
- ਕੁਦਰਤ ਦੀ ਸੰਭਾਲ: ਵਾਤਾਵਰਣ ਵਿੱਚ ਆ ਰਹੇ ਨਿਘਾਰ ਦਾ ਕਾਰਣ ਹੈ ਸਾਡੇ ਵੱਲੋਂ ਆਪਣੀ ਅੰਤਰ-ਆਤਮਾ ਤੋਂ ਮੁੱਖ ਮੋੜ ਲੈਣਾ। ਜੇਕਰ ਅਸੀਂ ਆਪਣੀ ਅੰਤਰ-ਆਤਮਾ ਦੀ ਆਵਾਜ਼ ਸੁਣਾਂਗੇ, ਇਸ ਨਾਲ ਸਾਡਾ ਆਪਸ ਵਿੱਚ ਅਤੇ ਕੁਦਰਤ ਦੇ ਨਾਲ ਰਿਸ਼ਤਾ ਵਧੀਆ ਬਣਿਆ ਰਹੇਗਾ।
- ਏਕਤਾ: ਆਤਮਿਕਤਾ ਲੋਕਾਂ ਵਿੱਚ ਨੇੜਤਾ ਪੈਦਾ ਕਰਦੀ ਹੈ। ਆਤਮਿਕਤਾ ਦੀ ਪਹਿਚਾਨ ਆਤਮ ਗਿਆਨੀਆ ਨੂੰ ਹੀ ਹੋ ਸਕਦੀ ਹੈ। ਆਤਮਦਰਸੀ ਹੀ ਪ੍ਰੇਮ ਵਿੱਚ ਭਿਜਿਆ ਹੁੰਦਾ ਹੈ ਜੋ ਹਰ ਆਤਮਾ ਲਈ ਪ੍ਰੇਮ ਰਖਦਾ ਹੈ। ਪ੍ਰੇਮ ਬਿਨਾ ਏਕਤਾ ਨਹੀ ਹੋ ਸਕਦੀ। ਜਰਮਨੀ ਦੀ ਏਕਤਾ, ਇਸ ਕਰਕੇ ਇੱਕ ਆਤਮਕ ਪ੍ਰੇਮ ਦਾ ਵਰਤਾਰਾ ਹੀ ਸੀ। ਇਸਨੇ ਦੋ ਵੱਖ ਹੋਏ ਮੁਲਕਾਂ ਨੂੰ ਫੇਰ ਇੱਕ ਹੀ ਨਹੀ ਬਣਾਇਆ ਸਗੋਂ ਧਰਮ ਅਧਾਰਤ ਵਿਕਾਸ ਕਰਵਾਉਣ ਦਾ ਹੋਂਸਲਾ ਵੀ ਬਖਸ਼ਿਆ।
ਧਰਮ ਸਿੰਘ ਨਿਹੰਗ ਸਿੰਘ ਦੀ ਨਜ਼ਰ ਵਿੱਚਅੱਜ ਦੁਨੀਆ ਨੂੰ ਇੱਕ ਐਸੀ ਸੁਤੰਤਰ ਸੰਸਥਾ ਦੀ ਲੋੜ ਹੈ ਜਿਸ ਵਿੱਚ ਦੁਨੀਆ ਭਰਦੀਆਂ ਸਾਰੀਆਂ ਮੱਤਾਂ ਦੀ ਡੂੰਘੀ ਜਾਣਕਾਰੀ ਰੱਖਣ ਵਾਲੇ ਮਾਹਿਰ ਅਤੇ ਨੁਮਾਇੰਦੇ ਰਲ਼-ਮਿਲ ਕੇ ਗੁਣਾਂ ਅਤੇ ਸਹਿਭਾਵ ਦੇ ਬੁਨਿਆਦੀ ਅਸੂਲਾਂ ਉੱਤੇ ਇੱਕ-ਰਾਇ ਕਾਇਮ ਕਰ ਸਕਣ। ਇਹ ਸੰਸਥਾ ਬਹੁਗਿਣਤੀ ਵਾਲੀ ਚੋਣ ਪ੍ਰਕਿਰਿਆ ਦੀ ਬਜਾਏ ਕਾਬਲੀਅਤ ਦੇ ਆਧਾਰਤੇ ਸਥਾਪਤ ਹੋਵੇ। ਇਸ ਸੰਸਥਾ ਦੀ ਰਾਇ ਸਾਰੀਆਂ ਸਰਕਾਰਾਂ ਉੱਤੇ ਪਾਬੰਧ ਹੋਣੀ ਚਾਹੀਦੀ ਹੈ, ਜਿਸ ਨਾਲ ਕਿ ਓਹ ਮਨੁੱਖਤਾ ਦੇ ਦਰਪੇਸ਼ ਮਸਲਿਆਂ ਨਾਲ ਨਜਿੱਠ ਸਕਣ। ਇਸ ਸੰਸਥਾ ਦੀ ਇਹ ਵੀ ਜ਼ਿੰਮੇਵਾਰੀ ਹੋਣੀ ਚਾਹੀਦੀ ਹੈ ਕਿ ਸਭ ਨੂੰ ਗਲਤ ਸਿਆਸੀ ਅਤੇ ਸਮਾਜਿਕ ਵਰਤਾਰਿਆਂ ਬਾਰੇ ਜਾਣੂ ਕਰਵਾਏ ਅਤੇ ਟਕਰਾਉ ਦੀ ਸਥਿਤੀ ਵਿੱਚ ਸਾਲਸ ਦੀ ਭੂਮਿਕਾ ਨਿਭਾਵੇ।
ਸਿੱਖ-ਮੱਤ
ਸੋਲ੍ਹਵੀਂ ਸ਼ਤਾਬਦੀ ਦੌਰਾਨ ਉੱਤਰੀ ਭਾਰਤ ਵਿੱਚ ਸਿੱਖ-ਮੱਤ (ਸਿੱਖੀ) ਨੇ ਇੱਕ ਵਿਲੱਖਣ ਧਰਮ ਦਾ ਰੂਪ ਧਾਰ ਲਿਆ। ਅੱਜ ਦੀ ਤਾਰੀਖ ਵਿੱਚ, ਤਕਰੀਬਨ ਢਾਈ ਕਰੋੜ ਲੋਕ ਆਪਣੇ ਆਪ ਨੂੰ ਸਿੱਖ, ਜਾਣੀਕਿ ਸੱਚ ਦੇ ਖੋਜੀ ਅਖਵਾਉਂਦੇ ਹਨ। ਇਹ ਧਰਮ, ੩੬ ਬੁੱਧਵਾਨਾਂ ਵੱਲੋਂ ਪਰਗਟ ਕੀਤੇ ਆਤਮਿਕ ਗਿਆਨ ਜਿਸਨੂੰ ਕਿ ਕਾਵਿਸ਼ੈਲੀ ਦੇ ਲਿਖਤੀ ਰੂਪ (ਗੁਰਬਾਣੀ) ਵਿੱਚ ਪਰਸਾਰਿਆ ਗਿਆ, ਉੱਤੇ ਆਧਾਰਿਤ ਹੈ। ਇਹ ਧਰਮ ਲੋਕਾਂ ਅੰਦਰ ਏਕਤਾ ਵਧਾਉਣ ਅਤੇ ਕੁਦਰਤ ਨਾਲ ਤਾਲਮੇਲ ਬਣਾ ਕੇ ਉਸ ਅਨਾਮ ਕਰਤਾਰ ਦੇ ਭਾਣੇ ਵਿੱਚ ਗੁਣਮਈ ਅਤੇ ਨਿਮਾਣੀ ਜ਼ਿੰਦਗੀ ਜਿਓਣ ਦੀ ਪ੍ਰੇਰਣਾ ਦਿੰਦਾ ਹੈ। ਸਿੱਖ ਧਰਮ ਦਰਸਾਉਂਦਾ ਹੈ ਕਿ ਆਪਣੀ ਖੁਦਾਈ ਪਵਿਤ੍ਰਤਾ ਦੇ ਸਵੈ-ਬੋਧ ਰਾਹੀਂ ਇਨਸਾਨ ਕਿਵੇਂ ਮਨੌਤਾਂ ਅਤੇ ਵਿਦਵਤਾ ਤੋਂ ਉੱਚਾ ਉੱਠ ਸਕਦੇ ਹਨ।