ਖਾਲਸਾ ਮੇਰੋ ਸਤਿਗੁਰ ਪੂਰਾ
ਖਾਲਸਾ ਪੰਥ ਤੋਂ ਭਾਵ ਹੈ, ਉਹ ਰਸਤਾ (ਪੰਥ) ਜੋ ਪਰਮੇਸ਼ਰ ਵੱਲ ਲੈ ਜਾਂਦਾ ਹੋਵੇ ਜਾਂ ਜਾ ਰਿਹਾ ਹੋਵੇ । ਪਰਮੇਸ਼ਰ ਸੱਚ ਹੈ ਤੇ ਇਹ ਦੁਨੀਆ ਝੂਠ ਹੈ । ਝੂਠ ਸੰਸਾਰ ਵਿਚੋਂ ਕੱਢ ਕੇ ਆਪਣੇ ਅਤੀਤ ਸੱਚ ਨਾਲ ਜੌੜਨ ਦੀ ਵਿਧੀ ਗੁਰਮਤਿ ਵਿਚਾਰਧਾਰਾ ਵਿੱਚਲੇ ਗਿਆਨ ਗੁਰੂ ਦੀ ਰੋਸ਼ਨੀ ਤੋਂ ਬਿਨ੍ਹਾਂ ਸਚਖੰਡ ਤੱਕ ਪਹੁੰਚ ਜਾਣਾ ਅਸੰਭਵ ਹੈ । ਇਹ ਮਾਰਗ ਦੁਨੀਆਂ ਦੀ ਸਾਜਨਾ ਤੋਂ ਲੈ ਕੇ ਹੁਣ ਤੱਕ ਰਿਹਾ ਹੈ ਤੇ ਰਹਿੰਦੀ ਦੁਨੀਆਂ ਤੱਕ ਰਹੇਗਾ । ਭਾਂਵੇ ਇਹ ਮਾਰਗ ਪਰਗਟ ਰੂਪ ਵਿੱਚ ਹਰ ਵੇਲੇ ਦੁਨੀਆ ਵਿੱਚ ਪਰਚਾਰਿਆ ਨਹੀ ਜਾਂਦਾ ਰਿਹਾ ਫਿਰ ਵੀ ਸਮੇਂ-ਸਮੇਂ ਸਿਰ ਪਰਮੇਸ਼ਰ ਵਲੋਂ ਭਗਤ ਪ੍ਰਗਟ ਕੀਤੇ ਜਾਂਦੇ ਰਹੇ ਹਨ ਜਿਹੜੇ ਇਸ ਬੰਦ ਹੋ ਚੁਕੇ ਮਾਰਗ ਨੂੰ ਦੁਬਾਰਾ ਖੌਜ ਕੇ ਚਾਲੂ ਕਰਦੇ ਰਹੇ ਹਨ ।
    ਅਜੋਕੇ ਯੁਗ ਵਿੱਚ ਭਗਤ ਕਬੀਰ ਜੀ ਤੋਂ ਲੈ ਕੇ ਦਸਮ ਪਾਤਸ਼ਾਹ ਤੱਕ ਸਾਡੇ ਕੋਲ ਇਸ ਰਸਤੇ ਦੇ ਰਖਵਾਲੇ ਮੋਜੂਦ ਰਹੇ ਹਨ । ਜਿਨ੍ਹਾਂ ਦੇ ਉਪਦੇਸ਼ ਸ੍ਰੀ ਪੋਥੀ ਸਾਹਿਬ ਤੇ ਸ੍ਰੀ ਦਸਮ ਗਰੰਥ ਸਾਹਿਬ ਦੇ ਰੂਪ ਵਿਚ ਮੋਜੂਦ ਹਨ । ਭਗਤ ਕਾਲ ਸਮੇਂ, ਭਗਤਾਂ ਨੇ ਇਸ ਮਾਰਗ ਨੂੰ ਖੌਜ ਕੇ ਪਰਚਲਤ ਕਰ ਦਿੱਤਾ ਸੀ ਪਰ ਭਗਤਾਂ ਤੋਂ ਪਿੱਛੋਂ ਝੱਟ-ਪੱਟ ਹੀ ਗੁਰਮਤਿ ਵਿਰੋਧੀ ਅਨਮਤੀਆਂ ਨੇ ਗੁਰਬਾਣੀ ਦੇ ਅਰਥਾਂ ਦੇ ਅਨਰਥ ਕਰ ਕੇ ਇਨ੍ਹੇ ਜੋਰ-ਸ਼ੋਰ ਨਾਲ ਪਰਚਾਰ ਕੀਤਾ ਕਿ ਇਸ ਸਚੁ ਦੇ ਮਾਰਗ ਨੂੰ ਕੂੜ੍ਹ ਦਾ ਮਾਰਗ ਬਣਾ ਕੇ ਰੱਖ ਦਿੱਤਾ । ਜੈਸਾ ਕਿ ਪਹਿਲਾਂ ਵੀ ਗੁਰਮਤਿ ਵਿਰੋਧੀ ਅਜਿਹਾ ਹੀ ਕਰਦੇ ਰਹੇ ਨੇ । ਇਸੇ ਲਈ ਦਸਮ ਪਾਤਸ਼ਾਹ ਨੂੰ ਪਰਮੇਸ਼ਰ ਦਾ ਹੁਕਮ ਹੋਇਆ ਕਿ ਤੁਸੀ ਇੱਕ ਪੰਥ ਸਿਰਜੋ ਜੋ ਕਿ ਸਚੁ ਧਰਮ ਦਾ ਝੰਡਾ ਬਰਦਾਰ ਬਣ ਕੇ ਸਦਾ ਲਈ ਕੂੜ੍ਹ ਪਰਚਾਰ ਦੀ ਢਾਹ ਤੋਂ ਇਸ ਵਿਚਾਰਧਾਰਾ ਨੂੰ ਬਚਾਈ ਰਖੇ ਇਹੀ ਖਾਲਸਾ ਪੰਥ ਦੀ ਸਿਰਜਨਾ ਦਾ ਉਦੇਸ਼ ਸੀ, 
ਯਾਹੀ ਕਾਜ ਧਰਾ ਹਮ ਜਨਮੰ॥ ਸਮਝ ਲੇਹੁ ਸਾਧੂ ਸਭ ਮਨਮੰ॥
ਧਰਮ ਚਲਾਵਨ ਸੰਤ ਉਬਾਰਨ॥ ਦੁਸਟ ਸਭਨ ਕੋ ਮੂਲ ਉਪਾਰਨ॥੪੩॥
(ਬਚਿਤ੍ਰ ਨਾਟਕ, ਧਿਆਇ ੬)
ਇਸ ਤਰ੍ਹਾਂ ਦਸਮ ਪਾਤਸ਼ਾਹ ਜੀ ਨੇ ਸੱਚੇ ਧਰਮ ਦੇ ਚਲਾਵਣ ਦਾ ਸੰਕੇਤ ਦਿੱਤਾ । ਜਿਸ ਦੇ ਪ੍ਰਚਾਰ ਦਾ ਮੁੱਢ ਗੁਰ ਨਾਨਕ ਦੇਵ ਜੀ ਬੰਨ੍ਹ ਚੁਕੇ ਸਨ । ਹੋਰ ਫੋਕਟ ਧਰਮਾਂ ਦਾ ਖੰਡਨ ਕਰ ਕੇ ਕੇਵਲ ਇਕ ਅਕਾਲ ਪੁਰਖ ਜੋ ਅੰਤ ਸਮੇਂ ਸਹਾਈ ਹੁੰਦਾ ਹੈ, ਉਸ ਨੂੰ ਹੀ ਜਪਣ ਲਈ ਹੁਕਮ ਕੀਤਾ:-
ਕਿਉਂ ਨ ਜਪੋ ਤਾਂ ਕੋ ਤੁਮ ਭਾਈ॥ ਅੰਤਿ ਕਾਲ ਜੋ ਹੋਇ ਸਹਾਈ॥
ਫੋਕਟ ਧਰਮ ਲਖੋ ਕਰ ਭਰਮਾ॥ ਇਨ ਤੇ ਸਰਤ ਨ ਕੋਈ ਕਰਮਾ॥੪੯॥
(ਬਚਿਤ੍ਰ ਨਾਟਕ, ਧਿਆਇ ੬)
ਇਸ ਕਾਰਜ ਦੀ ਪੂਰਤੀ ਲਈ ਦਸਮ ਪਾਤਸ਼ਾਹ ਨੇ ਪੰਜ ਪਿਆਰੇ ਸਾਜੇ, ਓਨ੍ਹਾਂ ਨੂੰ ਖੰਡੇ ਦੀ ਪਾਹੁਲ ਦਿੱਤੀ ਤਦ ਉਪਰੰਤ ਓਨ੍ਹਾਂ ਪੰਜਾਂ ਕੋਲੋ ਪਾਹੁਲ ਤਿਆਰ ਕਰਵਾ ਕੇ ਭਰੇ ਦਰਬਾਰ ਵਿੱਚ ਸਭ ਦੇ ਸਾਹਮਣੇ ਪੰਜਾਂ ਪਿਆਰਿਆਂ ਕੋਲੋ ਆਪ ਪਾਹੁਲ ਪ੍ਰਾਪਤ ਕਰਕੇ ਗੋਬਿੰਦ ਰਾਇ ਤੋਂ ਗੋਬਿੰਦ ਸਿੰਘ ਕਹਾਏ । ਇਸ ਤੋਂ ਪਿਛੋਂ ਹਮੇਸ਼ਾਂ ਲਈ ਹੀ ਪੰਜ ਪਿਆਰੇ ਪਾਹੁਲ ਤਿਆਰ ਕਰਦੇ ਤੇ ਸਿੰਘ ਸਜਾਂਦੇ ਰਹੇ ਹਨ ।
                      ਪਾਹੁਲ ਪ੍ਰਾਪਤ ਕਰਕੇ ਸਿੰਘ ਸਜ ਜਾਣ ਦਾ ਭਾਵ ਸੀ ਕਿ ਖਾਲਸਾ ਫੌਜ ਵਿੱਚ ਮੈਂ ਭਰਤੀ ਹੋ ਗਿਆਂ ਹਾਂ, ਸਚੁ ਦੇ ਮਾਰਗ ਦਾ ਝੰਡਾ ਬਰਦਾਰ ਹੋ ਗਿਆ ਹਾਂ ਤੇ ਰਹਾਂਗਾ, ਦੁਨੀਆਂ ਦੀ ਕੋਈ ਵੀ ਤਾਕਤ ਮੈਨੂੰ ਇਸ ਸ਼ੁਭ ਕਾਰਜ ਤੋਂ ਰੋਕ ਨਹੀਂ ਸਕਦੀ, ਅੱਜ ਤੋਂ ਮੋਤ ਮੇਰੇ ਵਾਸਤੇ ਕੋਈ ਚੀਜ ਹੀ ਨਹੀ ਰਹਿ ਗਈ ।
                                                   ਜਿਵੇਂ ਕਿ ਸਭ ਨੂੰ ਪਤਾ ਹੀ ਹੈ ਕਿ ਧਰਮਾਂ ਵਿੱਚ ਦਾਖਲਾ ਧਰਮਾਂ ਦੇ ਆਗੂ ਹੀ ਕਰਵਾਇਆ ਕਰਦੇ ਹਨ ਇਵੇਂ ਹੀ ਖਾਲਸਾ ਫੌਜ ਵਿੱਚ ਭਰਤੀ ਪੰਜ ਪਿਆਰੇ ਹੀ ਕਰਿਆ ਕਰਦੇ ਸਨ । ਜਿਸਤੋਂ ਪਤਾ ਲਗਦਾ ਹੈ ਕਿ ਦਸਮ ਪਾਤਸ਼ਾਹ ਨੇ ੧੬੯੯ ਈ: ਦੀ ਵਿਸਾਖੀ ਤੋਂ ਬਾਅਦ ਖਾਲਸਾ ਫੋਜ ਦਾ ਜਿਮਾਂ ਪੰਜ ਪਿਆਰਿਆਂ ਨੂੰ ਸੌਪ ਦਿੱਤਾ ਸੀ ਤੇ ਆਪ ਓਨ੍ਹਾਂ ਦੇ ਕੋਚ ਬਣ ਕੇ ਰਾਜਨੀਤੀ, ਧਰਮਨੀਤੀ ਤੇ ਯੁਧਨਿਤੀ ਦੀ ਸਿਖਲਾਈ ਦਿੰਦੇ ਰਹੇ ਤਾਂ ਕਿ ਓਨ੍ਹਾਂ ਤੋਂ ਪਿੱਛੋਂ ਖਾਲਸਾ ਪੰਥ ਦੀ ਰਹਨੁਮਾਈ ਕਰਨ ਵਾਲੇ ਪੰਜ ਪਿਆਰਿਆਂ ਅੰਦਰ ਕਿਸੀ ਕਿਸਮ ਦੀ ਵੀ ਕੋਈ ਕਮੀ ਨਾ ਰਹਿ ਜਾਵੇ । ਭਾਂਵੇ ਖਾਲਸਾ ਪੰਥ ਨੂੰ ਇਸ ਗੱਲ ਦੀ ਕੋਈ ਸਮਝ ਨਹੀ ਸੀ ।
                                                                              ਉਪਰੋਕਤ ਗੱਲ ਦਾ ਪੰਜ ਪਿਆਰਿਆਂ ਸਾਹਮਣੇ ਭੇਤ ਓਸ ਵਕ਼ਤ ਖੁਲਿਆ ਜਦੋਂ ਚਮਕੋਰ ਦੀ ਗੜ੍ਹੀ ਅੰਦਰੋਂ ਸਾਹਿਬਜਾਦਾ ਜੁਝਾਰ ਸਿੰਘ ਦੇ ਜਥੇ ਸਮੇਤ ਸ਼ਹੀਦ ਹੋ ਜਾਣ ਤੋਂ ਬਾਅਦ ਦਸਮ ਪਾਤਸ਼ਾਹ ਨੇ ਆਪ ਜੰਗ ਵਿੱਚ ਕੁਦ ਜਾਣ ਦੀ ਇੱਛਾ ਪੰਜ ਪਿਆਰਿਆਂ ਸਾਹਮਣੇ ਜਾਹਰ ਕੀਤੀ ਤੇ ਗੜ੍ਹੀ ਵਿੱਚਲੇ ਸਾਰੇ ਸਿੰਘਾਂ ਨੇ ਦਸਮ ਪਾਤਸ਼ਾਹ ਦੀ ਇਸ ਇੱਛਾ ਨਾਲ ਸਹਿਮਤ ਹੋਣ ਤੋਂ ਇਸ ਲਈ ਇਨਕਾਰ ਕਰ ਦਿੱਤਾ ਤੇ ਕਿਹਾ ਕਿ ਆਪ ਜੀ ਨੂੰ ਗੜ੍ਹੀ ਵਿਚੋਂ ਸੁਰਖਿਅਤ ਬਾਹਰ ਨਿਕਲ ਜਾਣਾ ਚਾਹੀਦਾ ਹੈ ਤੇ ਦੁਬਾਰਾ ਖਾਲਸਾ ਫੌਜ ਤਿਆਰ ਕਰਕੇ ਇਸ ਧਰਮ ਯੁਧ ਨੂੰ ਜਾਰੀ ਰਖਣਾ ਚਾਹੀਦਾ ਹੈ ।
              ਪਰ ਦਸਮ ਪਾਤਸ਼ਾਹ ਦਾ ਕਹਿਣਾ ਸੀ ਕਿ ਖਾਲਸਾ ਫੌਜ ਤਾਂ ਤੁਸੀ ਪੰਜ ਪਿਆਰੇ ਹੀ ਤਿਆਰ ਕਰਦੇ ਰਹਿਓ, ਮੈ ਤਾਂ ਖਾਲਸਾ ਫੌਜ ਦੀ ਭਰਤੀ ਵਿਚ ਕਦੀ ਕੋਈ ਦਾਖਲ ਹੀ ਨਹੀ ਦਿੱਤਾ ਤੇ ਅੱਗੇ ਵਾਸਤੇ ਇਸ ਪ੍ਰਮਪਰਾ ਨੂੰ ਚਾਲੂ ਰਖਣ ਲਈ ਜਰੂਰੀ ਹੈ ਕਿ ਤੁਸੀ ਆਪਣੇ ਅਧਿਕਾਰਾਂ ਨੂੰ ਪਹਿਚਾਣੋ ਜਿਹੜੇ ਅਧਿਕਾਰ ਤੁਹਾਨੂੰ ਮੈਂ ਤੁਹਾਡੇ ਕੋਲੋਂ ਪਾਹੁਲ ਲੈਣ ਤੋਂ ਪਹਿਲਾਂ ਸੌਪ ਦਿੱਤੇ ਸਨ, ਤੁਹਾਡੇ ਇੱਕਲੇ-ਇੱਕਲੇ ਦਾ ਗੁਰਦੇਵ ਭਾਂਵੇ ਮੈਂ ਸੀ ਪਰ ਤੁਹਾਡੇ ਪੰਜਾਂ ਦੀ ਇੱਕਜੁਟਤਾ ਦੇ ਸਾਹਮਣੇ ਮੇਰੀ ਪਦਵੀ ਤੁਹਾਡੇ ਬਰਾਬਰ ਨਹੀਂ ਹੈ ਕਿਓਂਕਿ ਤੁਹਾਨੂੰ ਪੰਜਾਂ ਨੂੰ ਗੁਰਦੇਵ ਮੰਨ ਕੇ ਤੁਹਾਡੇ ਕੋਲੋਂ ਮੈਂ ਪਾਹੁਲ ਲਈ ਹੈ ।
 ਇਸ ਤੋਂ ਬਾਅਦ ਪੰਜ ਪਿਆਰੇ ਕਹਿਣ ਲਗੇ ਕਿ ਆਪ ਜੀ ਦੇ ਸਾਰੇ ਬਚਨ ਸਤ ਕਰਕੇ ਮੰਨਦੇ ਹਾਂ ਪਰ ਸਾਨੂੰ ਥੋੜ੍ਹਾ ਸਮਾਂ ਦਿਉ ਤਾਂ ਕਿ ਅਸੀ ਸਲਾਹ ਕਰ ਲਈਏ । ਇਹ ਕਹਿ ਕੇ ਪੰਜ ਪਿਆਰੇ ਗੜ੍ਹੀ ਦੇ ਇੱਕ ਕੋਨੇ ਵਿੱਚ ਖੜ੍ਹੇ ਹੋ ਗਏ ਤੇ ਥੋੜ੍ਹੀ ਦੇਰ ਪਿੱਛੋਂ ਆ ਕੇ ਜੋ ਉਨ੍ਹਾਂ ਨੇ ਆਪਣਾ ਫੈਂਸਲਾ ਸੁਣਾਇਆ ਉਹ ਇਹ ਸੀ ਕਿ ਭਾਈ ਦਇਆ ਸਿੰਘ ਤੇ ਭਾਈ ਧਰਮ ਸਿੰਘ ਸਮੇਤ ਤੁਸੀ ਚਮਕੋਰ ਦੀ ਗੜ੍ਹੀ ਦੇ ਗੁਪਤ ਰਸਤੇ ਦੁਆਰਾ ਬਾਹਰ ਜਾਉਗੇ ਤੇ ਭਾਈ ਦਇਆ ਸਿੰਘ ਤੇ ਭਾਈ ਧਰਮ ਸਿੰਘ ਆਪ ਜੀ ਦੇ ਸੱਜੇ-ਖੱਬੇ ਆਪ ਜੀ ਦੇ ਨਾਲ ਚਲਣਗੇ ।
            ਪੰਜ ਪਿਆਰਿਆਂ ਦੇ ਫੈਂਸਲੇ ਅੱਗੇ ਦਸਮ ਪਾਤਸ਼ਾਹ ਨੇ ਸਿਰ ਝੁਕਾ ਦਿੱਤਾ ਤੇ ਭਾਈ ਧਰਮ ਸਿੰਘ ਤੇ ਭਾਈ ਦਇਆ ਸਿੰਘ ਦੇ ਨਾਲ ਗੜ੍ਹੀ ਦੇ ਗੁਪਤ ਰਸਤੇ ਦੁਆਰਾ ਤਾੜ੍ਹੀ ਸਾਹਿਬ ਵਾਲੇ ਗੁਰਦੁਆਰੇ ਵਾਲੇ ਥਾਂ ਤੋਂ ਬਾਹਰ ਜਾ ਨਿਕਲੇ । 
~: ਧਰਮ ਸਿੰਘ ਨਿਹੰਗ ਸਿੰਘ :~
