October 30, 2013

Aastik Naastk Gurmati Dristikon


  ਆਸਤਿਕ -ਨਾਸਤਿਕ : ਗੁਰਮਤਿ ਦ੍ਰਿਸ਼ਟੀਕੋਣ 
     

ਗੁਰਮਤਿ ਤੋਂ ਬਿਨ੍ਹਾਂ ਕਿਸੇ ਵੀ ਦੂਸਰੀ ਮੱਤ ਦੁਆਰਾ ਸੱਚ ਤੱਕ ਪਹੁੰਚਣ ਦੀ ਸਮਰੱਥਾ ਨਹੀਂ ਹੈ । ਇਸੇ ਲਈ ਗੁਰਮਤਿ ਨੇ ਇਨ੍ਹਾਂ ਮੱਤਾਂ ਨੂੰ ਮਨਮੱਤਾਂ ਆਖ ਕੇ ਇਨ੍ਹਾਂ ਨੂੰ ਜਮ-ਜਾਲ ਵਿੱਚ ਫਸਾਈ (ਫਾਸਨ ਕੀ ਬਿਧਿ ਸਭੁ ਕੋਊ ਜਾਨੈ ਛੂਟਨ ਕੀ ਇਕੁ ਕੋਈ ॥ ਗਉੜੀ (ਭ. ਕਬੀਰ) ਗੁਰੂ ਗ੍ਰੰਥ ਸਾਹਿਬ - ਅੰਗ ੩੩੧) ਰੱਖਣ ਵਾਲੀਆਂ ਹੀ ਮੰਨਿਆ ਹੈ ਜਦਕਿ ਇਨ੍ਹਾਂ ਮੱਤਾਂ ਵਾਲਿਆਂ ਨੇ ਸੱਚ ਦੇ ਖੋਜੀਆਂ ਨੂੰ ਭੀ ਨਾਸਤਿਕ (ਕੁਰਾਹੀਏ) ਆਖ ਦਿੱਤਾ । ਮਨਮੱਤਾਂ ਦੇ ਪ੍ਰਚਾਰਕਾਂ ਨੇ ਆਪਣੀ ਮੱਤ ਨਾਲ ਸਹਿਮਤੀ ਰੱਖਣ ਵਾਲਿਆਂ ਨੂੰ ਆਸਤਿਕ ਅਤੇ ਅਸਹਿਮਤੀ ਪ੍ਰਗਟਾਉਣ ਵਾਲਿਆਂ ਨੂੰ ਨਾਸਤਿਕ ਦੀ ਸੰਗਿਆ ਦੇ ਦਿੱਤੀ ।


                                                                            ਆਸਤਿਕ ਅਤੇ ਨਾਸਤਿਕ, ਬ੍ਰਾਹਮਣੀ ਮੱਤ ਅਨੁਸਾਰ ਆਪਾ-ਵਿਰੋਧੀ ਅਰਥ ਰੱਖਦੇ ਹਨ । ਬ੍ਰਾਹਮਣ ਦੀ ਵਿਚਾਰਧਾਰਾ ਨਾਲ ਅਸਹਿਮਤੀ ਪ੍ਰਗਟਾਉਣ ਵਾਲੇ ਜਾਂ ਸ਼ਾਸਤਰਾਂ ਵਿੱਚਲੇ ਝੂਠ ਨੂੰ ਤਰਕਾਂ ਰਾਹੀਂ ਝੁਠਲਾਉਣ ਵਾਲੇ ਨੂੰ ਬ੍ਰਾਹਮਣਾਂ ਨੇ ਨਾਸਤਿਕ ਪ੍ਰਚਾਰਿਆ ਹੈ ਪਰ ਗੁਰਮਤਿ, ਜਿਹੜੀ ਕਿ ਸੱਚ ਦੀ ਜਾਣਕਾਰੀ ਕਰਾਉਣ ਵਿੱਚ ਸਮਰੱਥ ਹੈ, ਇਨ੍ਹਾਂ ਦੋਹਾਂ ਲਫਜਾਂ (ਆਸਤਿਕ ਅਤੇ ਨਾਸਤਿਕ) ਨੂੰ ਇਕੋ ਜਿਹੇ ਅਰਥਾਂ ਵਿੱਚ ਹੀ ਰੱਖਦੀ ਹੈ ਕਿਉਂਕਿ ਸੱਚ ਨਾਲ ਇਨ੍ਹਾਂ ਦੋਵਾਂ ਦਾ ਕੋਈ ਸਰੋਕਾਰ ਨਹੀਂ ਹੈ । ਇਸ ਲਈ ਗੁਰਮਤਿ ਨੇ ਇਨ੍ਹਾਂ ਦੋਵਾਂ ਸ਼ਬਦਾਂ ਵਿੱਚਲੀ ਭਾਵਨਾ ਨੂੰ ਦਰਸਾਉਣ ਲਈ ਦੋ ਨਵੇਂ ਲਫਜ਼ ਗੁਰਮੁਖ ਅਤੇ ਮਨਮੁਖ ਘੜ ਲਏ, ਗੁਰਮਤਿ ਨੇ ਗੁਰਮੁਖ ਨੂੰ ਗੁਰੂ-ਪ੍ਰਮੇਸ਼ਰ ਨਾਲ ਜੁੜਿਆਂ ਹੋਇਆਂ ਨੂੰ ਮੰਨਿਆ ਅਤੇ ਮਨਮੁਖ ਲਫਜ਼ ਉਨ੍ਹਾਂ ਦੋਹਾਂ ਲਈ ਵਰਤਿਆ ਜਿਨ੍ਹਾਂ ਲਈ ਬ੍ਰਾਹਮਣ ਨੇ ਆਸਤਿਕ ਅਤੇ ਨਾਸਤਿਕ ਵਰਤਿਆ ਸੀ । ਮਨਮੁਖ ਆਪਣੇ ਅੰਦਰੋਂ ਉੱਠੇ ਫੁਰਨਿਆਂ ਅਨੁਸਾਰ ਜੀਵਨ ਬਤੀਤ ਕਰਦਾ ਹੈ, ਪਰ ਗੁਰਮੁਖ ਸਤਗੁਰ ਦੇ ਭਾਣੇ ਅੰਦਰ ਜੀਉਂਦਾ ਹੈ ।
                                                            ਗੁਰਮਤਿ ਅਨੁਸਾਰ ਸਤਗੁਰ ਸਭ ਦੇ ਅੰਦਰ ਹੈ ਉਸ ਤੋਂ ਖਾਲੀ ਕੋਈ ਨਹੀਂ ਹੈ ਪਰ ਪਹਿਲੀ ਅਵਸਥਾ ਵਿੱਚ ਅਸੀਂ ਸ਼ਬਦ-ਗੁਰੂ (ਗੁਰਬਾਣੀ) ਦੇ ਅੰਦਰ ਰਹਿ ਕੇ ਹੀ ਅਗਲੀ ਸੋਝੀ ਪ੍ਰਾਪਤ ਕਰਨੀ ਹੁੰਦੀ ਹੈ । ਇਸ ਲਈ ਸ਼ੁਰੂ ਵਚ ਗੁਰਬਾਣੀ ਹੀ ਸਾਡੇ ਲਈ ਪਰਮੇਸ਼ਰ ਦਾ ਹੁਕਮ ਹੈ । ਇਸ ਅਨੁਸਾਰ ਜੀਵਨ ਬਤੀਤ ਕਰਕੇ ਅਸੀਂ ਅੰਦਰਲੇ ਨਿਰਾਕਾਰੀ ਸ਼ਬਦ-ਗੁਰੂ ਨਾਲ ਇਕਮਿਕ ਹੋ ਸਕਦੇ ਹਾਂ ।
                         ਗੁਰਬਾਣੀ ਅੰਦਰ ਗੁਰਮੁਖ ਅਤੇ ਮਨਮੁਖ ਦਾ ਜ਼ਿਕਰ ਥਾਂ ਥਾਂ ਆਉਂਦਾ ਹੈ । ਆਸਤਿਕ ਅਤੇ ਨਾਸਤਿਕ ਦਾ ਜ਼ਿਕਰ ਗੁਰਬਾਣੀ ਵਿੱਚ ਜੇ ਕਿਤੇ ਆਇਆ ਵੀ ਹੈ, ਤਾਂ ਉਥੇ ਇਨ੍ਹਾਂ ਦੋਵਾਂ ਨੂੰ ਸਮ-ਅਰਥੀ ਰੂਪ ਦੇਣ ਵਾਸਤੇ ਹੀ ਆਇਆ ਹੈ, ਜਿਵੇਂ,

ਆਸਤਿ ਨਾਸਤਿ ਏਕੋ ਨਾਉ ॥
                          (ਪੰਨਾ ੯੫੩)

ਆਸਤਿਕ ਤੋਂ ਉਨ੍ਹਾਂ ਮੱਤਾਂ ਵਾਲਿਆ ਦਾ ਭਾਵ ਸੀ ਕਿ ਸਾਡੀ ਮੱਤ ਉਪਰ ਅੰਨ੍ਹੀ ਸ਼ਰਧਾ ਰੱਖਣ ਵਾਲਾ । ਜਿਸ ਮੱਤ ਨੇ ਆਪਣੇ ਮੰਨਣ ਵਾਲਿਆਂ ਨੂੰ ਅਤਿ ਦਰਜੇ ਦੇ ਲੋਭੀ ਬਣਾਇਆ ਹੋਵੇ ਅਤੇ ਇਸ ਮੱਤ ਦੇ ਧਾਰਨੀ ਹੋਣਾ ਸਵਾਰਥ ਸਿਧੀ ਹੀ ਉਨ੍ਹਾਂ ਦਾ ਨਿਸ਼ਾਨਾ ਹੋਵੇ ਐਸੇ ਆਸਤਿਕਾਂ ਨੂੰ ਨਾਸ਼ਵੰਤ (ਨਾਸਤਿਕ) ਨਾ ਕਿਹਾ ਜਾਂਦਾ ਤਾਂ ਹੋਰ ਕੀ ਮੰਨਿਆ ਜਾਂਦਾ ? ਇਸੇ ਲਈ ਨਾਸਤੀ (ਨਾਸਤਕ) ਅਤੇ ਆਸਤੀ (ਆਸਤਕ) ਸਮਾਰਥੀ ਹਨ ।
                          ਗੁਰਬਾਣੀ ਜਾਂ ਗੁਰਮੁਖੀ ਭਾਸ਼ਾ ਸੰਸਾਰੀ ਭਾਸ਼ਾ ਨਾਲੋਂ ਵੱਖਰੀ ਹੈ । ਗੁਰੂ ਗ੍ਰੰਥ ਸਾਹਿਬ ਵਿੱਚ ਆਏ ਬਹੁਤ ਸਾਰੇ ਸ਼ਬਦਾਂ (ਲਫਜਾਂ) ਦੇ ਅਰਥ, ਸੰਸਾਰ ਦੀਆਂ ਹੋਰਾਂ ਮੱਤਾਂ ਵਿੱਚ ਆਏ, ਉਨ੍ਹਾਂ ਹੀ ਲਫਜਾਂ ਦੇ ਅਰਥ, ਕਈ ਵਾਰ ਭਿੰਨ ਹਨ ਅਤੇ ਉਨ੍ਹਾਂ ਦੇ ਵੱਖਰੇ ਅਰਥ ਗੁਰਬਾਣੀ ਅੰਦਰ ਹੀ ਮੌਜੂਦ ਹਨ । ਹਿੰਦੂ ਮੱਤ ਦੇ ਕਾਫੀ ਸ਼ਬਦਾਂ ਨੂੰ ਗੁਰਮਤਿ ਨੇ ਨਵੇਂ ਅਰਥ ਦਿੱਤੇ ਹਨ । ਜਿਵੇਂ ਕਿ ਸਵਰਗ, ਪੁੰਨ-ਪਾਪ, ਜੰਮਣ-ਮਰਣ, ਬ੍ਰਹਮ, ਚਾਰੇ ਜੁਗ ਤੇ ਚਾਰਿ ਪਦਾਰਥ ਆਦਿਕ, ਪਰ ਇਥੇ ਅਸੀਂ ਕੇਵਲ ਇਕੋ ਉਦਾਹਰਣ ਹੀ ਦਿੰਦੇ ਹਾਂ ਜਿਵੇਂ : ਜੇ ਸਵਰਗ ਦੇ ਅੱਖਰੀ ਅਰਥ ਕਰੀਏ ਤਾਂ ਇਸ ਦੇ ਅਰਥ ਬਣਦੇ ਹਨ : "ਸਵੈ + ਘਰ = ਆਪਣਾ ਘਰ" ਗੁਰਮਤਿ ਨੇ ਸੁਰਗ ਲਫਜ਼ ਦੀ ਥਾਂ ਨਵਾਂ ਸ਼ਬਦ 'ਨਿਜ ਘਰ' ਵਰਤਿਆ ਹੈ ਤਾਂ ਕਿ ਭੁਲੇਖਾ ਪਾਊ ਸ਼ਕਤੀਆਂ ਤੋਂ ਬਚਿਆ ਜਾ ਸਕੇ, ਕਿਉਂਕਿ ਗੁਰਮਤਿ ਅਨੁਸਾਰ ਖੋਜ ਅੰਤਰਮੁਖੀ ਹੋਣ ਕਰਕੇ ਨਿਜ-ਘਰਿ (ਹਿਰਦਾ) ਆਪਣੇ ਅੰਦਰ ਹੀ ਹੈ, ਜਦ ਕਿ ਸਵਰਗ ਨੂੰ ਲੋਕ ਕਿਤੇ ਆਕਾਸ਼ਾਂ ਵਿਚ ਮੰਨੀ ਬੈਠੇ ਹਨ । ਗੁਰਬਾਣੀ ਵਿਚ ਪ੍ਰਮਾਣ ਹੈ,

     ਸਭਿ ਸਖੀਆ ਪੰਚੇ ਮਿਲੇ ਗੁਰਮੁਖਿ ਨਿਜ ਘਰਿ ਵਾਸੁ ॥
                          ਸਬਦੁ ਖੋਜਿ ਇਹੁ ਘਰੁ ਲਹੈ ਨਾਨਕੁ ਤਾ ਕਾ ਦਾਸੁ ॥੧॥                      
                                                            (ਪੰਨਾ ੧੨੯੧) 
   
    ਸਭ ਕਿਛੁ ਘਰ ਮਹਿ ਬਾਹਰਿ ਨਾਹੀ ॥
ਬਾਹਰਿ ਟੋਲੈ ਸੋ ਭਰਮਿ ਭੁਲਾਹੀ ॥
       ਗੁਰ ਪਰਸਾਦੀ ਜਿਨੀ ਅੰਤਰਿ ਪਾਇਆ
       ਸੋ ਅੰਤਰਿ ਬਾਹਰਿ ਸੁਹੇਲਾ ਜੀਉ ॥੧॥
                                        (ਪੰਨਾ ੧੦੨)



~: ਧਰਮ ਸਿੰਘ ਨਿਹੰਗ ਸਿੰਘ :~

ਨੋਟ:- ਇਹ ਲੇਖ ਗੁਰਮਤਿ ਪ੍ਰਕਾਸ਼ ਮੈਗਜੀਨ ਜੋ ਸ੍ਰੋਮਣੀ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਵਲੋਂ ਮਹੀਨਾਵਾਰ ਪ੍ਰਕਾਸ਼ਿਤ ਹੁੰਦੀ ਹੈ ਵਿੱਚ 'ਨਵੰਬਰ ੨੦੦੦' ਵਿੱਚ ਛੱਪ ਚੁੱਕਾ ਹੈ ।







October 16, 2013

Gurmati Anusaar Agiaantaa Dee Gandh Hee Kundalnee Hai

"ਗੁਰਮਤਿ ਅਨੁਸਾਰ ਅਗਿਆਨਤਾ ਦੀ ਗੰਡ ਹੀ ਕੁੰਡਲਨੀ ਹੈ"

ਮਹਾਨ ਕੋਸ਼ ਅਨੁਸਾਰ, "ਕੁੰਡਲਨੀ - ਸੰ. ਕੁੰਡਲਿਨੀ. ਸੰਗ੍ਯਾ- ਤੰਤ੍ਰਸ਼ਾਸਤ੍ਰ ਅਤੇ ਯੋਗਮਤ ਅਨੁਸਾਰ ਇੱਕ ਨਾੜੀ, ਜੋ ਸੁਖਮਨਾ ਨਾੜੀ ਦੀ ਜੜ ਵਿੱਚ ਕਿਵਾੜਰੂਪ ਹੋਕੇ ਰਹਿੰਦੀ ਹੈ. ਸਾਢੇ ਤਿੰਨ ਕੁੰਡਲ (ਚੱਕਰ) ਮਾਰਕੇ ਸੱਪ ਦੀ ਤਰਾਂ ਸੌਣ ਕਾਰਣ ਇਸ ਦਾ ਨਾਉਂ 'ਕੁੰਡਲਿਨੀ' ਹੈ. ਯੋਗਾਭ੍ਯਾਸ ਨਾਲ ਕੁੰਡਲਿਨੀ ਜਾਗਦੀ ਹੈ ਅਤੇ ਸੁਖਮਨਾ ਦੇ ਰਸਤੇ ਦਸ਼ਮਦ੍ਵਾਰ ਨੂੰ ਜਾਂਦੀ ਹੈ. ਜਿਉਂ ਜਿਉਂ ਇਹ ਉਪੱਰ ਨੂੰ ਚੜ੍ਹਦੀ ਹੈ, ਤਿਉਂ ਤਿਉਂ, ਯੋਗੀ ਨੂੰ ਆਨੰਦ ਆਉਂਦਾ ਹੈ. ਕੁੰਡਲਿਨੀ ਨੂੰ ਦਸ਼ਮਦ੍ਵਾਰ ਵਿੱਚ ਠਹਿਰਾਉਣਾ ਅਤੇ ਉਸ ਨੂੰ ਫੇਰ ਹੇਠਾਂ ਨਾ ਉਤਰਣ ਦੇਣਾ ਇਹੀ ਯੋਗੀ ਦੀ ਪੁਰਣ ਸਿੱਧੀ ਹੈ. ਇਸ ਦਾ ਨਾਉਂ ਭੁਜੰਗਮਾ ਭੀ ਹੈ।#੨. ਜਲੇਬੀ. ਇੱਕ ਪ੍ਰਕਾਰ ਦੀ ਮਿਠਾਈ। ੩. ਗੁਰਮਤ ਅਨੁਸਾਰ ਅਵਿਦ੍ਯਾ ਦੀ ਗੱਠ ਦਾ ਨਾਉਂ ਕੁੰਡਲਨੀ ਹੈ. ਮਨ ਦੀ ਗੁੰਝਲ. "ਕੁੰਡਲਨੀ ਸੁਰਝੀ ਸਤਸੰਗਤਿ." (ਸਵੈਯੇ ਮ: ੪. ਕੇ)"
ਗੁਰਮਤਿ ਅਨੁਸਾਰ ਅਵਿਦਿਆ/ਅਗਿਆਨਤਾ ਦੀ ਗੰਡ ਦਾ ਨਾਓਂ ਕੁੰਡਲਨੀ ਹੈ ਭਾਵ, ਮਨ ਦੀ ਗੁੰਝਲ, ਉਲਝਣ ਜਾਂ ਮਨ ਅੰਦਰਲੇ ਭਰਮ-ਭੁਲੇਖਿਆਂ ਨੂੰ ਕੁੰਡਲਨੀ ਮੰਨਿਆ ਗਿਆ ਹੈ । "ਕੁੰਡਲਨੀ ਸੁਰਝੀ ਸਤਸੰਗਤਿ...ਅੰਗ ੧੪੦੨"


ਉਪਰੋਕਤ ਦੋਹਾਂ ਅਰਥਾਂ ਤੰਤ੍ਰਸ਼ਾਸਤ੍ਰ ਜਾਂ ਯੋਗਮਤ ਅਤੇ ਗੁਰਬਾਣੀ ਤੋਂ ਪਤਾ ਲਗਦਾ ਹੈ ਕਿ ਜੋਗੀਆਂ ਦੁਆਰਾ ਮੰਨੀ ਗਈ "ਕਲਪਤਿ ਕੁੰਡਲਨੀ" ਦਾ ਸਬੰਧ ਬਾਹਰਲੇ ਜੜ੍ਹ ਸਰੀਰ ਨਾਲ ਹੈ, ਜਦਕਿ ਗੁਰਮਤਿ, "ਕੁੰਡਲਨੀ" ਨੂੰ ਚੇਤਨ ਸਰੀਰ ਨਾਲ ਸਬੰਧਤ ਮੰਨਦੀ ਹੈ ।

ਜੋਗੀ ਬਾਹਰਲੇ ਸਰੀਰ ਅਤੇ ਮਨੋਕਲਪਤ ਭਰਮਾ ਨਾਲ ਹੀ ਜੁੜੇ ਰਹੇ, ਬਾਹਰਲੇ ਸਰੀਰ ਬਾਰੇ ਤਾਂ ਉਨ੍ਹਾਂ ਨੇ ਕਾਫੀ ਕੁਝ ਜਾਣ ਲਿਆ ਪਰ ਅੰਦਰਲੇ ਸੂਖਮ ਸਰੀਰ ਤੱਕ ਜੋਗੀਆਂ ਦੀ ਪਹੁੰਚ ਨਹੀਂ ਹੋ ਸਕੀ । ਜੋਗੀਆਂ ਨੇ ਬਾਹਰਲੇ ਸਰੀਰ ਨੂੰ ਹਮੇਸ਼ਾਂ ਲਈ ਜੀਵਤ ਰਖਣ ਦੀ ਕਲਪਨਾ ਅਤੇ ਉਪਰਾਲੇ ਕੀਤੇ । ਇਸੇ ਨੂੰ ਉਨ੍ਹਾਂ ਨੇ ਜਨਮ ਮਰਨ ਤੋਂ ਛੁਟਕਾਰਾ ਪਾਉਣਾ ਭੀ ਮੰਨ ਲਿਆ । ਬਾਹਰਲੇ ਸਰੀਰ ਨੂੰ ਛੱਡ ਕੇ ਅੰਦਰਲੀ ਸੂਖਮ ਦੇਹੀ (ਮਨ) ਦੀ ਖੋਜ ਬਾਰੇ ਜੋਗਮੱਤ ਚੁੱਪ ਹੈ ਜਾਂ ਇਉਂ ਕਹਿ ਲਵੋ ਕਿ ਨਿਰਾਕਾਰ ਦੀ ਖੋਜ ਦਾ ਵਿਸ਼ਾ ਜੋਗਮੱਤ ਵਿੱਚ ਹੈ ਹੀ ਨਹੀ । ਇਸੇ ਲਈ ਗੁਰਬਾਣੀ ਵਿੱਚ ਅੰਕਿਤ ਹੈ,

ਸਨਕਾਦਿਕ ਨਾਰਦ ਮੁਨਿ ਸੇਖਾ ॥ 
ਤਿਨ ਭੀ ਤਨ ਮਹਿ ਮਨੁ ਨਹੀ ਪੇਖਾ ॥੩॥ 
(ਗਉੜੀ, ਪੰਨਾ ੩੩੦)

ਉਪਰੋਕਤ ਪੰਕਤਿ ਤੋਂ ਪਤਾ ਲੱਗਦਾ ਹੈ ਕਿ ਜੋਗੀ ਤਾਂ ਕੀ, ਹਿੰਦੁਸਤਾਨ ਵਿਚਲੀਆਂ, ਗੁਰਮਤਿ ਤੋਂ ਬਿਨਾਂ, ਸਾਰੀਆਂ ਹੀ ਮੱਤਾਂ ਸਣੇ ਇਸਲਾਮ ਮੱਤ ਦੇ, ਕਿਸੇ ਨੇ ਭੀ ਇਸ ਬਾਹਰਲੀ ਪੰਜ ਭੋਤਿਕ ਦੇਹੀ ਅੰਦਰੋਂ ਸੂਖਮ ਦੇਹੀ ਨੂੰ ਨਹੀਂ ਵੇਖਿਆ । ਗੁਰਮਤਿ ਹੀ ਜੀਵ ਆਤਮਾ ਦਾ ਆਪਨੇ ਮੂਲ ਨਿਰਾਕਾਰ ਨਾਲ ਮਿਲਾਪ ਕਰਾ ਸਕਦੀ ਹੈ, ਜਿਸ ਨੇ ਅੱਜ ਤਕ ਬੇਅੰਤ ਜੀਵਾਂ ਦਾ ਇਸ ਭਵਸਾਗਰ 'ਚੋਂ ਛੁਟਕਾਰਾ ਕਰਵਾਇਆ ਵੀ ਹੈ । ਪਹਿਲਾਂ ਭਾਵੇਂ ਉਹ ਕਿਸੇ ਭੀ ਮੱਤ ਦੇ ਧਾਰਨੀ ਸਨ, ਪਰ ਗੁਰਮਤਿ ਦੇ ਧਾਰਨੀ ਹੋ ਜਾਣ ਅਤੇ ਆਪਣੀ ਪਿਛਲੀ ਮੱਤ ਦਾ ਤਿਆਗ ਕਰ ਦੇਣ ਉਪਰੰਤ, ਉਹ ਆਪਣੇ ਮੂਲ ਨਿਰਾਕਾਰ ਵਿੱਚ ਹੀ ਸਮਾ ਗਏ, ਜਿਵੇਂ ਕਿ ਉਨ੍ਹਾਂ ਸੱਤਰਾਂ ਤੋਂ ਸਪਸ਼ਟ ਹੋ ਜਾਂਦਾ ਹੈ,

ਗੁਰ ਕੈ ਸਬਦਿ ਤਰੇ ਮੁਨਿ ਕੇਤੇ ਇੰਦ੍ਰਾਦਿਕ ਬ੍ਰਹਮਾਦਿ ਤਰੇ ॥ 
ਸਨਕ ਸਨੰਦਨ ਤਪਸੀ ਜਨ ਕੇਤੇ ਗੁਰ ਪਰਸਾਦੀ ਪਾਰਿ ਪਰੇ ॥੧॥ 
ਭਵਜਲੁ ਬਿਨੁ ਸਬਦੈ ਕਿਉ ਤਰੀਐ ॥ 
ਨਾਮ ਬਿਨਾ ਜਗੁ ਰੋਗਿ ਬਿਆਪਿਆ ਦੁਬਿਧਾ ਡੁਬਿ ਡੁਬਿ ਮਰੀਐ ॥੧॥ ਰਹਾਉ ॥ 
(ਭੈਰਉ ਮ: ੧, ਪੰਨਾ ੧੧੨੫)

ਜਿਥੋਂ ਤਕ ਕੁੰਡਲਨੀ ਦੇ ਸੌਣ ਜਾਂ ਜਾਗਣ ਦਾ ਸਵਾਲ ਹੈ ਉਥੋ ਸਭ ਤੋਂ ਪਹਿਲੀ ਵਿਚਾਰਨ ਵਾਲੀ ਗੱਲ ਇਹ ਹੈ ਕਿ ਜਾਗਣ ਅਤੇ ਸੌਣ ਦਾ ਸੰਬੰਧ ਜੀਵ ਆਤਮਾ (ਚੇਤਨ ਸੱਤਾ) ਨਾਲ ਹੈ । ਜੜ੍ਹ ਮਾਇਆ (ਚੇਤਨ ਰਹਿਤ) ਨੂੰ ਚੇਤਨ ਜਾਣਨ ਕਰਕੇ ਜਾਗਣ ਅਤੇ ਸੌਣ ਦਾ ਭੁਲੇਖਾ ਪੈ ਜਾਣਾ ਹੀ ਅਵਿੱਦਿਆ ਹੈ ਕਿਉਂਕਿ ਸਰੀਰ ਜੜ੍ਹ ਹੈ । ਇਸ ਵਿਚਲੀ ਜੀਵ ਆਤਮਾ ਚੇਤਨ ਹੈ, ਜਿਵੇਂ ਬੈਟਰੀ, ਬੈਟਰੀ ਦਾ ਖੋਲ, ਬਲਬ, ਬਟਨ ਜੜ੍ਹ ਹੈ ਪਰ ਰੋਸ਼ਨੀ (ਇੱਕ ਤਰ੍ਹਾਂ ਨਾਲ) ਚੇਤਨ ਹੈ । ਜੜ੍ਹ ਵਸਤੂ ਦਾ ਜਾਗਣ ਜਾਂ ਸੌਣ ਨਾਲ ਕੋਈ ਸੰਬੰਧ ਹੀ ਨਹੀਂ । ਬਾਹਰਲਾ ਪੰਜ ਭੌਤਿਕ ਸਰੀਰ ਭੀ ਉਤਨੀ ਦੇਰ ਹੀ ਸੌਦਾ ਜਾ ਜਾਗਦਾ ਪ੍ਰਤੀਤ ਹੁੰਦਾ ਹੈ, ਜਿੰਨਾ ਚਿਰ ਜੀਵ-ਆਤਮਾ ਇਸ ਵਿੱਚ ਮੌਜੂਦ ਹੈ । ਜੀਵ-ਆਤਮਾ ਦੇ ਅਲੱਗ ਹੋ ਜਾਣ ਉਪਰੰਤ ਇਹ ਜੜ੍ਹ ਸਰੀਰ ਮੁੜ ਨਹੀਂ ਜਾਗਿਆ ਕਰਦਾ । ਇਸ ਲਈ ਇਸ ਪੰਜ ਭੌਤਿਕ ਸਰੀਰ ਵਿੱਚਲੀ ਇਕ ਨਾੜੀ ਨੂੰ ਜਗਾ ਲੈਣ ਦਾ ਭਰਮ ਹੀ ਜੋਗੀਆਂ ਨੂੰ ਆਪਣੇ ਮੂਲ ਨਾਲ ਜੁੜ ਜਾਣ ਵਿੱਚ ਰੋੜਾ ਬਣ ਗਿਆ । ਜੋਗ ਮੱਤ ਜਦੋਂ ਆਪਣੇ ਮੂਲ ਨਾਲ ਜੁੜਨ ਵਿੱਚ ਅਸਫਲ ਹੋ ਗਈ ਤਾਂ ਜੋਗੀਆਂ ਨੇ ਰਿਧੀਆਂ-ਸਿਧੀਆਂ ਦੀਆਂ ਸ਼ਕਤੀਆਂ ਪ੍ਰਾਪਤ ਕਰ ਲੈਣ ਦਾ ਪ੍ਰਾਪੋਗੰਡਾ ਕਰਕੇ ਹੀ ਆਪਣੇ ਮੱਤ ਦੀ ਹੋਂਦ ਨੂੰ ਬਚਾਈ ਰੱਖਣ ਦਾ ਓਹੜ-ਪੋਹੜ ਕਰਨ ਦਾ ਜਤਨ ਕੀਤਾ । ਪਰਮੇਸ਼ਰ ਦੇ ਹੁਕਮ ਤੋਂ ਬਿਨਾਂ ਕੁਝ ਵੀ ਨਹੀਂ ਹੋ ਸਕਦਾ, ਇਸ ਗੱਲ ਨੂੰ ਦੁਨੀਆਂ ਦੀਆਂ ਲਗਭਗ ਸਾਰੀਆਂ ਹੀ ਮੱਤਾਂ (ਆਸਤਕ) ਮੰਨਦੀਆਂ ਹਨ । ਪਰਮੇਸ਼ਰ ਦੀ ਕਰਨੀ ਵਿੱਚ ਦਖਲ ਦੇਣਾ ਜਾਂ ਦਖਲ ਦੇਣ ਦੀ ਇੱਛਾ ਦਾ ਪੈਦਾ ਹੋ ਜਾਣਾ ਹੀ ਪਰਮੇਸ਼ਰ ਦੇ ਹੁਕਮ ਖਿਲਾਫ਼ ਬਗਾਵਤ ਸਮਾਨ ਹੈ । ਇਸੇ ਨੂੰ ਗੁਰਬਾਣੀ ਅੰਦਰ ਪਾਪ ਮੰਨਿਆ ਗਿਆ ਹੈ ਪਰ ਕੁਝ ਲੋਕ ਅਜਿਹੇ ਕੂੜ ਦਾ ਪ੍ਰਚਾਰ ਜਰੂਰ ਕਰਦੇ ਰਹਿੰਦੇ ਹਨ, ਜਿਸ ਤੋਂ ਇਸ ਸਿੱਧ ਹੁੰਦਾ ਹੋਵੇ ਕਿ ਉਨ੍ਹਾਂ ਦੀ ਮੱਤ ਦੇ ਵੱਡੇ-ਵਡੇਰੇ, ਪਰਮੇਸ਼ਰ ਦੇ ਸ਼ਰੀਕ ਸ਼ਕਤੀਆਂ ਵਾਲੇ ਮਹਾਪੁਰਖ ਸਨ । ਜੇ ਉਨ੍ਹਾਂ ਦੀਆਂ ਇਹ ਗੱਲਾਂ ਮੰਨ ਲਈਏ ਤਾਂ ਫਿਰ ਇਸ ਗੱਲ ਵਿਚ ਕੋਈ ਵਜ਼ਨ ਨਹੀਂ ਰਹਿੰਦਾ ਕਿ ਇਸ ਸੰਸਾਰ ਅੰਦਰ ਪਰਮੇਸ਼ਰ ਦੀ ਰਜ਼ਾ ਤੋਂ ਬਿਨਾਂ ਕੁਝ ਵੀ ਨਹੀਂ ਹੋ ਸਕਦਾ । ਹੁਣ ਇਕ ਨਵੀਂ ਦਲੀਲ ਦਿੱਤੀ ਜਾ ਸਕਦੀ ਹੈ ਕਿ ਗੁਰੂ ਪੀਰ ਲੋਕ ਪਰਮੇਸ਼ਰ ਨਾਲ ਸਿੱਧੇ ਜੁੜੇ ਹੁੰਦੇ ਹਨ । ਇਸ ਲਈ ਉਹ ਪਰਮੇਸ਼ਰ ਤੋਂ ਕੁਝ ਵੀ ਕਰਵਾ ਸਕਦੇ ਹਨ । ਅਸਲ ਗੱਲ ਤਾਂ ਇਹ ਹੈ ਕਿ ਸੱਚ ਤੋਂ ਥਿੜਕੀਆਂ ਹੋਈਆਂ ਮੱਤਾਂ ਨੂੰ ਆਪਣੀ ਹੋਂਦ ਬਚਾਉਣ ਲਈ ਝੂਠ ਦਾ ਸਹਾਰਾ ਲੈਣਾ ਹੀ ਪੈਂਦਾ ਹੈ । ਇਸ ਲਈ ਉਹ ਸੰਸਾਰੀ ਲੋਕਾਂ ਨੂੰ ਲੋਭ ਲਾਲਚ ਵਿੱਚ ਭਰਮਾ ਕੇ ਜਾਂ ਉਨ੍ਹਾਂ ਦੇ ਦੁੱਖ-ਦਰਦ ਮਿਟਾਉਣ ਦਾ ਝਾਂਸਾ ਦੇ ਕੇ ਹੀ ਆਪਣੀ-ਆਪਣੀ 'ਜਨਸੰਖਿਆ' ਵਧਾਉਣ ਵਿੱਚ ਹੀ ਲੱਗੀਆਂ ਰਹਿੰਦੀਆਂ ਹਨ ਪਰ ਇਸ ਦੇ ਮੁਕਾਬਲੇ ਵਿੱਚ ਗੁਰਮਤਿ ਅੰਦਰ ਖਰੀਆਂ-ਖਰੀਆਂ ਸੁਣਾਈਆਂ ਗਈਆਂ ਹਨ । ਇਸ ਵਿਚ ਝੂਠ ਲਾਲਚ ਦੀ ਪੂਰਤੀ ਦਾ ਝਾਂਸਾ ਦੇਣ ਦੀ ਥਾਂ ਸੰਸਾਰੀ ਪਦਾਰਥਾਂ ਦੇ ਲਾਲਚ ਦਾ ਤਿਆਗ ਕਰ ਦੇਣ ਉਪਰ ਹੀ ਜੋਰ ਦਿੱਤਾ ਗਿਆ ਹੈ ।
ਜਿਥੇ ਜੋਗ ਮੱਤ ਨੇ ਕੁੰਡਲਨੀ ਨੂੰ ਜਗਾਉਣ ਦੀ ਗੱਲ ਕੀਤੀ ਹੈ, ਉਥੇ ਗੁਰਬਾਣੀ ਅੰਦਰ "ਕੁੰਡਲਨੀ ਦੇ ਸੁਲਝ" ਜਾਣ ਦੀ ਲੋੜ ਮੰਨੀ ਗਈ ਹੈ,

ਕੁੰਡਲਨੀ ਸੁਰਝੀ ਸਤਸੰਗਤਿ ਪਰਮਾਨੰਦ ਗੁਰੂ ਮੁਖਿ ਮਚਾ ॥
ਸਿਰੀ ਗੁਰੂ ਸਾਹਿਬੁ ਸਭ ਊਪਰਿ ਮਨ ਬਚ ਕ੍ਰੰਮ ਸੇਵੀਐ ਸਚਾ ॥੫॥
ਸਵਈਏ ਮਹਲੇ ਚਉਥੇ ਕੇ (ਭਟ ਗਯੰਦ) ਗੁਰੂ ਗ੍ਰੰਥ ਸਾਹਿਬ - ਅੰਗ ੧੪੦੨

ਵਿਆਖਿਆ:- ਐਮਪੀ੩

ਇਸ ਪੰਕਤਿ ਵਿਚ ਭੱਟ ਆਖ ਰਹੇ ਹਨ ਕਿ ਜਦੋਂ ਸੱਚ ਦੀ ਪ੍ਰਾਪਤੀ ਹੋਈ ਸੰਸਾਰੀ ਮੱਤਾਂ ਦੇ ਪਰਮੇਸ਼ਰ ਬਾਰੇ ਪਾਏ ਹੋਏ ਭਰਮ ਭੁਲੇਖੇ ਦੂਰ ਹੋ ਗਏ, ਤਦ ਸੱਚ ਦੇ ਗਿਆਨ (ਸੋਝੀ) ਨਾਲ ਹਿਰਦੇ ਵਿੱਚ (ਪਰਮਾਨੰਦ) ਸ਼ਬਦ ਗੁਰੂ ਦਾ ਅਨੁਭਵ ਹੋਇਆ । ਗੁਰਬਾਣੀ ਅੰਦਰ ਭਰਮ ਦੇ ਨਾਸ ਕਰਨ ਵਾਲੇ ਨੂੰ ਹੀ ਗੁਰੂ ਮੰਨਿਆ ਗਿਆ ਹੈ । ਭਗਤ ਕਬੀਰ ਜੀ ਉਨ੍ਹਾਂ ਝੂਠੇ ਗੁਰੂਆਂ ਦੀਆਂ ਮਾਵਾਂ (ਮੱਤਾਂ) ਦੇ ਸਿਰ ਮੁੰਨ ਦੇਣ, ਭਾਵ ਉਨ੍ਹਾਂ ਦੀਆਂ ਝੂਠੀਆਂ ਮੱਤਾਂ ਦੇ ਪਾਏ ਹੋਏ ਭਰਮ-ਜਾਲ ਨੂੰ ਜਾਹਰ ਕਰ ਦੇਣ ਲਈ ਗੁਰਮੁਖਾਂ ਨੂੰ ਲਾਮਬੰਦ ਹੋਣ ਲਈ ਆਖਦੇ ਹਨ, ਉਹ ਅਖੌਤੀ ਗੁਰੂ ਤਾਂ ਆਪਣੇ ਕੂੜ ਗਿਆਨ ਕਰਕੇ ਸੰਸਾਰ ਰੂਪੀ ਭਵ ਸਾਗਰ ਵਿੱਚ ਡੁੱਬੇ ਹੋਏ ਹੀ ਹਨ, ਸਗੋਂ ਆਪਣੇ ਨਿਰਦੋਸ਼ ਚੇਲਿਆਂ ਨੂੰ ਭੀ ਡੁਬੋ ਰਹੇ ਹਨ,

ਕਬੀਰ ਮਾਇ ਮੂੰਡਉ ਤਿਹ ਗੁਰੂ ਕੀ ਜਾ ਤੇ ਭਰਮੁ ਨ ਜਾਇ ॥ 
ਆਪ ਡੁਬੇ ਚਹੁ ਬੇਦ ਮਹਿ ਚੇਲੇ ਦੀਏ ਬਹਾਇ ॥੧੦੪॥
(ਸਲੋਕ ਕਬੀਰ ਜੀ, ਪੰਨਾ ੧੩੬੯)

ਗੁਰਮਤਿ ਦੇ ਧਾਰਨੀ ਗੁਰਮੁਖਾਂ ਨੇ ਸੱਚ ਸਰੂਪ ਪਰਮੇਸ਼ਰ ਦਾ ਆਸਰਾ ਲਿਆ ਹੈ । ਇਸ ਲਈ ਉਨ੍ਹਾਂ ਨੂੰ ਕਿਸੇ ਝੂਠੇ ਆਸਰੇ ਦੀ ਲੋੜ ਹੀ ਨਹੀਂ ਰਹੀ । ਗੁਰਬਾਣੀ ਸੱਚੀ ਬਾਣੀ ਹੈ ਇਸ ਵਿੱਚ ਸੰਸਾਰੀ ਮੱਤਾਂ ਦੁਆਰਾ ਫੈਲਾਏ ਗਏ ਭਰਮ-ਜਾਲ ਨੂੰ ਕੱਟ ਦੇਣ ਦੀ ਸਮਰੱਥਾ ਹੈ । ਇਹ ਕਿਸੇ ਇਕ ਵਿਅਕਤੀ ਦੀ ਮੱਤ ਨਾ ਹੋ ਕੇ ਸ੍ਰਿਸ਼ਟੀ ਦੇ ਸਿਰਜਣਹਾਰੇ ਸ਼ਬਦ-ਗੁਰੂ ਦੀ ਆਪ ਪ੍ਰਗਟ ਕਰਵਾਈ ਹੋਈ ਮੱਤ ਹੈ । ਪਰਮੇਸ਼ਰ ਵਿੱਚ ਕਿਉਂਕਿ ਕੋਈ ਕਮੀ ਨਹੀਂ ਹੈ, ਉਹ ਹਰ ਪੱਖ ਤੋਂ ਪਰੀਪੂਰਨ ਹੈ, ਇਸ ਲਈ ਉਸ ਦੀ ਮੱਤ ਭੀ ਅਧੂਰੀ ਨਹੀਂ ਹੈ । ਅੱਜ ਦੰਭੀ ਗੁਰੂ-ਬਾਬੇ ਆਪਣੀਆਂ ਮੱਤਾਂ ਨੂੰ ਪ੍ਰਚਾਰਨ ਲਈ ਗੁਰਮਤਿ ਦੀ ਰਹਿਨੁਮਾਈ ਨੂੰ ਆਪਣੇ ਕੋਝੇ ਢੰਗ ਤਰੀਕਿਆਂ ਨਾਲ ਵਰਤ ਕੇ ਆਪਣੀ ਮੱਤ ਅਨੁਸਾਰ ਪ੍ਰਚਾਰਦੇ ਹਨ । ਉਹ ਗੁਰਮਤਿ ਨੂੰ ਤਾਂ ਸ੍ਰੇਸ਼ਟ ਮੱਤ ਵਜੋਂ ਮੰਨ ਰਹੇ ਹਨ ਪਰ ਨਾਲ ਦੀ ਨਾਲ ਉਹ ਆਪਣੀ ਮੱਤ ਦੀਆਂ ਕਮੀਆਂ ਨੂੰ (ਗੁਰਬਾਣੀ ਨੂੰ ਤੋੜ-ਮਰੋੜ ਕੇ) ਠੀਕ ਸਾਬਤ ਕਰਨ ਦੀ ਕੋਸ਼ਿਸ਼ ਵੀ ਕਰਦੇ ਰਹਿੰਦੇ ਹਨ । ਇਸ ਵਿੱਚ ਉਨ੍ਹਾਂ ਦੀ ਅਗਿਆਨਤਾ ਜਾਂ ਚਲਾਕੀ ਦੋਹਾਂ ਵਿਚੋਂ ਇੱਕ ਗੱਲ ਜਰੂਰ ਹੁੰਦੀ ਹੈ । ਆਮ ਤੌਰ 'ਤੇ ਝੂਠੀਆਂ ਮੱਤਾਂ ਦੇ ਪ੍ਰਚਾਰਕ ਚਤੁਰ-ਚਲਾਕ ਕਿਸਮ ਦੇ ਲੋਕ ਹੀ ਹਨ ਜਿਹੜੇ ਆਪਣੇ ਕੂੜ ਨੂੰ ਸੱਚ ਬਣਾਉਣ ਲਈ ਸੱਚੀ ਮੱਤ ਨੂੰ ਭੀ ਗਲਤ ਅਰਥ ਕੇ ਆਪਣੀ ਮੱਤ ਵਰਗੀ ਹੀ ਝੂਠੀ ਮੱਤ ਬਣਾਉਂਦੇ ਰਹਿੰਦੇ ਹਨ ਪਰ ਗੁਰਮਤਿ ਨੇ ਤਾਂ ਸਾਫ਼-ਸਾਫ਼ ਆਖਿਆ ਹੋਇਆ ਹੈ ਕਿ ਇਸ ਸੰਸਾਰ ਵਿੱਚੋਂ ਛੁਟਕਾਰੇ ਦੀ ਵਿਧੀ ਹੀ ਕੇਵਲ ਇਕ ਹੀ ਹੈ, ਜਿਹੜੀ ਆਪ ਸ੍ਰਿਸ਼ਟੀ ਦੇ ਸਿਰਜਣਹਾਰੇ ਪਰਮੇਸ਼ਰ ਨੇ ਪ੍ਰਗਟ ਕਰਵਾਈ ਹੈ, ਇਸ ਪਰਮੇਸ਼ਰ ਦੀ ਮੱਤ ਤੋਂ ਬਿਨਾਂ ਬਾਕੀ ਦੀਆਂ ਸਾਰੀਆਂ ਹੀ ਮੱਤਾਂ, ਸੰਸਾਰੀ ਲੋਕਾਂ ਨੂੰ ਭੰਭਲਭੂਸੇ ਵਿੱਚ ਪਾ ਕੇ ਇਸ ਭਵਸਾਗਰ ਵਿੱਚ ਫਸਾਈ ਰੱਖਣ ਵਾਲੀਆਂ ਹਨ । ਭਗਤ ਕਬੀਰ ਜੀ ਦਾ ਫੁਰਮਾਨ ਹੈ,

ਫਾਸਨ ਕੀ ਬਿਧਿ ਸਭੁ ਕੋਊ ਜਾਨੈ ਛੂਟਨ ਕੀ ਇਕੁ ਕੋਈ ॥ 
(ਗਉੜੀ, ਪੰਨਾ ੩੩੧) 

ਜਿਵੇਂ ਪਿੱਛੇ ਭੀ ਦੱਸਿਆ ਗਿਆ ਹੈ ਕਿ ਜਾਗਣ ਅਤੇ ਸੌਣ ਦਾ ਸਬੰਧ ਚੇਤਨ ਜੀਵ-ਆਤਮਾ ਨਾਲ ਹੁੰਦਾ ਹੈ ਇਸੇ ਲਈ ਗੁਰਬਾਣੀ ਮਨ ਨੂੰ ਜਾਗਣ ਲਈ ਪੁਕਾਰਦੀ ਹੈ,

ਜਾਗੁ ਰੇ ਮਨ ਜਾਗਨਹਾਰੇ ॥ 
ਬਿਨੁ ਹਰਿ ਅਵਰੁ ਨ ਆਵਸਿ ਕਾਮਾ ਝੂਠਾ ਮੋਹੁ ਮਿਥਿਆ ਪਸਾਰੇ ॥੧॥ ਰਹਾਉ ॥ 
(ਆਸਾ ਮ: ੫, ਪੰਨਾ ੩੮੭)

ਜਾਗ ਲੇਹੁ ਰੇ ਮਨਾ ਜਾਗ ਲੇਹੁ ਕਹਾ ਗਾਫਲ ਸੋਇਆ ॥ 

ਜੋ ਤਨੁ ਉਪਜਿਆ ਸੰਗ ਹੀ ਸੋ ਭੀ ਸੰਗਿ ਨ ਹੋਇਆ ॥੧॥ ਰਹਾਉ ॥
(ਤਿਲੰਗ ਮ: ੯, ਪੰਨਾ ੭੨੬)

ਉਪਰੋਕਤ ਪੰਕਤੀਆਂ ਵਿੱਚ ਚੇਤਨ-ਸੱਤਾ ਨੂੰ ਪੁਲਿੰਗ ਰੂਪ ਵਿੱਚ ਸੰਬੋਧਨ ਮਾਇਆ-ਮੋਹ ਦਾ ਤਿਆਗ ਕਰ ਦੇਣ ਲਈ ਆਖਿਆ ਗਿਆ ਹੈ । ਇਹ ਮਨੁੱਖਾ ਦੇਹੀ ਤਾਂ ਇਸ ਜੀਵ ਨੂੰ ਆਪਣੇ ਮੂਲ ਨੂੰ ਜਾਣਨ, ਪਛਾਣਨ ਅਤੇ ਫਿਰ ਪੱਕੇ ਤੋਰ ਤੇ ਆਪਣੇ ਮੂਲ ਨਾਲ ਹੀ ਜੁੜੇ ਰਹਿਣ ਵਾਸਤੇ ਮਿਲੀ ਸੀ । ਇਸ ਗੱਲ ਨੂੰ ਵਿਸਰ ਜਾਣ ਕਾਰਨ ਹੀ ਇਸ ਨੂੰ ਸੁੱਤਾ ਹੋਇਆ ਆਖਿਆ ਗਿਆ ਹੈ । ਜਦੋਂ ਇਸ ਜੀਵ ਨੂੰ ਇਹ ਸੋਝੀ ਆ ਜਾਵੇਗੀ ਕਿ ਮਨੁੱਖਾ ਜਨਮ ਮੈਨੂੰ ਕਿਸ ਲਈ ਮਿਲਿਆ ਹੈ ਅਤੇ ਇਹ ਜੀਵ ਆਪਣੇ ਸਹੀ ਕੰਮ ਵੱਲ ਧਿਆਨ ਕੇਂਦਰਤ ਕਰ ਲਵੇਗਾ, ਫਿਰ ਇਹ ਮਾਇਆ ਦਾ ਮੋਹ ਤਿਆਗਦਾ ਹੀ ਚਲਾ ਜਾਵੇਗਾ । ਸਰੀਰ ਦਾ ਮੋਹ ਤਾਂ ਇਸ ਜੀਵ ਅੰਦਰ ਇਸ ਦੀ ਅਗਿਆਨਤਾ ਕਾਰਨ ਬਣਿਆ ਹੋਇਆ ਹੈ ।
ਕੁੰਡਲਨੀ ਦੇ ਜਾਗਣ ਬਾਰੇ ਇਕ ਹੋਰ ਗਿਆਨ ਗੁਰਬਾਣੀ ਅੰਦਰ ਆਉਂਦਾ ਹੈ, ਉਹ ਹੈ, "ਹਿਰਦੇ ਅੰਦਰ ਗਿਆਨ ਮੱਤ (ਗੁਰਮਤਿ) ਦੇ ਪ੍ਰਗਟ ਹੋ ਜਾਣ ਦਾ ।" ਗੁਰਬਾਣੀ ਦੀ ਸੋਝੀ ਨਾਲ ਜਦੋਂ ਮਨੁਖ ਸੰਤੋਖੀ ਹੋ ਜਾਂਦਾ ਹੈ, ਨਾਮ ਦੀ ਭੁੱਖ ਉਸ ਅੰਦਰ ਪੈਦਾ ਹੋ ਜਾਂਦੀ ਹੈ, ਸੰਸਾਰੀ ਪਦਾਰਥਾਂ ਦੀ ਭੁੱਖ ਉਸ ਦੇ ਅੰਦਰੋਂ ਮਿੱਟ ਜਾਂਦੀ ਹੈ ਤਦ ਉਪਰੰਤ ਉਸ ਦੇ ਅੰਦਰ ਗੁਰਮਤਿ ਰੂਪੀ ਬਾਣੀ ਪ੍ਰਗਟ ਹੋਣ ਲੱਗ ਪੈਂਦੀ ਹੈ । ਇਸੇ ਨੂੰ ਗਿਆਨ ਮੱਤ ਦਾ ਜਾਗਣਾ ਮੰਨਿਆ ਗਿਆ ਹੈ । ਗੁਰੂ ਪਰਮੇਸ਼ਰ ਸਭ ਦਾ ਪਿਤਾ ਹੈ ਅਤੇ ਉਸ ਦੀ ਬਾਣੀ (ਗੁਰਮਤਿ) ਸਭ ਦੀ ਮਾਤਾ ਰੂਪ ਹੈ । ਇਸ ਲਈ ਭਗਤ ਕਬੀਰ ਜੀ 'ਸੁਖ ਮਨਾ' ਭਾਵ ਮਨ ਨੂੰ ਸੁਖ ਦੇਣ ਵਾਲੀ, ਗੁਰਮਤਿ ਨੂੰ ਦ੍ਰਿੜ੍ਹ ਕਰਨ ਲਈ ਆਖ ਰਹੇ ਹਨ,

ਐਸਾ ਗਿਆਨੁ ਕਥੈ ਬਨਵਾਰੀ ॥ 

ਮਨ ਰੇ ਪਵਨ ਦ੍ਰਿੜ ਸੁਖਮਨ ਨਾਰੀ ॥੧॥ ਰਹਾਉ ॥
(ਗਉੜੀ ਕਬੀਰ ਜੀ, ਪੰਨਾ ੩੨੭)


ਇਸ ਪੰਕਤੀ ਤੋਂ ਪਤਾ ਲੱਗਦਾ ਹੈ ਕਿ ਸੁਖਮਨਾ ਭੀ ਕੋਈ ਬਾਹਰਲੇ ਸਰੀਰ ਦੀ ਨਾੜੀ ਨਾ ਹੋ ਕੇ, ਅੰਦਰਲੇ ਚੇਤਨ ਸਰੀਰ ਨਾਲ ਹੀ ਸਬੰਧਤ ਹੈ । ਜਦੋਂ ਮਨ ਆਪਣੀ ਮੱਤ ਦਾ ਤਿਆਗ ਕਰਕੇ ਆਪਣੇ ਅੰਦਰਲੇ ਸਾਰੇ ਭਰਮ-ਭੁਲੇਖੇ ਦੂਰ ਕਰ ਲੈਂਦਾ ਹੈ ਤਾਂ ਉਸ ਦੀ ਕੁੰਡਲਨੀ ਭਾਵ ਉਸ ਦੀ ਮੱਤ (ਬੁੱਧੀ) ਸੁਲਝ ਜਾਂਦੀ ਹੈ । ਨਿਰੰਕਾਰ ਬਾਰੇ ਉਹ ਆਪਣੀ ਹਰ ਸ਼ੰਕਾ ਦਾ ਸਮਾਧਾਨ ਕਰ ਲੈਂਦਾ ਹੈ ਤਦ ਉਪਰੰਤ ਉਸ ਦੇ ਹਿਰਦੇ ਵਿੱਚ ਸ਼ਬਦ-ਗੁਰੂ ਪ੍ਰਗਟ ਹੋ ਜਾਂਦਾ ਹੈ, ਸੁਰਤ ਸ਼ਬਦ ਨਾਲ ਜੁੜ ਜਾਂਦੀ ਹੈ ਅਤੇ ਕਾਲ ਦਾ ਭੈ ਨਹੀਂ ਰਹਿੰਦਾ । ਮੌਤ ਦਾ ਭੈਅ ਖਤਮ ਹੋ ਜਾਣ ਤੋਂ ਬਾਅਦ ਹੀ ਮਨ ਨੂੰ ਪਰਮ ਸੁੱਖ ਦੀ ਪ੍ਰਾਪਤੀ ਹੁੰਦੀ ਹੈ ਜਾਂ ਇਉਂ ਕਹਿ ਲਵੋ ਕਿ ਸੁਰਤ-ਸ਼ਬਦ ਦੇ ਮੇਲ ਤੋਂ ਹੀ ਪਰਮ ਸੁੱਖ ਦੀ ਪ੍ਰਾਪਤੀ ਹੁੰਦੀ ਰਹਿੰਦੀ ਹੈ ।
                                                                                                      ਸੋ ਸ਼ਬਦ-ਗੁਰੂ ਆਪ ਹੀ ਮਨ ਲਈ ਸੁਖਦਾਇਕ ਵਸਤੂ ਹੈ । ਇਸ ਸ਼ਬਦ ਜਾਂ ਗੁਰਮਤਿ ਦੇ ਹਿਰਦੇ ਵਿਚ ਪੈਦਾ ਹੋ ਜਾਣ ਨੂੰ ਹੀ "ਗਿਆਨ ਮੱਤ ਜਾਗੀ" ਆਖਿਆ ਗਿਆ ਹੈ ਜਾਂ ਜੀਵ-ਆਤਮਾ ਦਾ ਸੁਖਮਨਾ ਰੂਪੀ ਨਾਰੀ ਵਿਚ ਪ੍ਰਵੇਸ਼ ਹੋ ਜਾਣਾ ਮੰਨਿਆ ਗਿਆ ਹੈ । ਜਿਤਨੀ ਦੇਰ ਸੁਰਤ (ਜੀਵ ਆਤਮਾ) ਸ਼ਬਦ ਵਿਚ ਸਮਾਈ ਰਹਿੰਦੀ ਹੈ, ਉਤਨੀ ਦੇਰ ਹੀ ਉਹ ਮੌਤ (ਕਾਲ) ਦੀ ਪਕੜ ਤੋਂ ਪਰ੍ਹੇ ਰਹਿੰਦੀ ਹੈ । ਇਸ ਗੱਲ ਨੂੰ ਤਾਂ ਜੋਗੀ ਭੀ ਮੰਨਦੇ ਹਨ ਕਿ ਪ੍ਰਾਣਾਂ ਦਾ ਸੁਖਮਨ ਨਾੜੀ ਵਿਚ ਪ੍ਰਵੇਸ਼ ਕਰ ਜਾਣਾ ਹੀ ਜੋਗੀ ਦਾ ਕਾਲ ਦੀ ਪਹੁੰਚ ਤੋਂ ਪਰ੍ਹੇ ਹੋ ਜਾਣਾ ਹੈ । ਕੁੰਡਲਨੀ ਅਤੇ ਸੁਖਮਨਾ ਜੋਗ ਮੱਤ ਅਨੁਸਾਰ ਭਾਵੇਂ ਦੋ ਹੋਣ ਪਰ ਗੁਰਮਤਿ ਅਨੁਸਾਰ ਇਹ ਇੱਕ ਦੇ ਹੀ ਦੋ ਨਾਉਂ ਹਨ ਜਿਵੇਂ ਮਨ, ਮੱਤ, ਬੁੱਧ ਅਤੇ ਸੁਰਤ ਕਹਿਣ-ਸੁਣਨ ਨੂੰ ਵੱਖ ਵੱਖ ਹਨ ਅਸਲ ਵਿੱਚ ਇਹ ਇੱਕ ਦੇ ਹੀ ਵੱਖ ਵੱਖ ਗੁਣਵਾਚਕ ਨਾਉਂ ਹਨ । ਜਦ ਤੱਕ ਬੁਧੀ (ਮੱਤ) ਨਿਰਾਕਾਰ ਦੀ ਸੋਝੀ ਬਾਰੇ ਉਲਝੀ ਹੋਈ ਹੈ, ਤਦ ਤੱਕ ਇਹ ਧੁਰ ਅੰਦਰਲੇ ਸ਼ਬਦ-ਗੁਰੂ ਤਕ ਅੱਪੜ ਨਹੀਂ ਸਕਦੀ ਪਰ ਗੁਰਮਤਿ ਦੀ ਸੋਝੀ ਨਾਲ ਜਿਉਂ-ਜਿਉਂ ਇਸ ਦੀਆਂ ਗੁੰਝਲਾਂ ਖੁੱਲ੍ਹਦੀਆਂ ਜਾਂਦੀਆਂ ਹਨ, ਤਿਉਂ-ਤਿਉਂ ਇਹ ਮਨ ਅੰਦਰਲੇ ਸ਼ਬਦ ਗੁਰੂ ਦੇ ਚਰਨਾਂ ਦੀ ਛੋਹ ਪ੍ਰਾਪਤ ਕਰਨ ਲਈ ਅੰਤਰ-ਆਤਮੇ ਵੱਲ ਅਗਰਸਰ ਹੁੰਦੀ ਰਹਿੰਦੀ ਹੈ । ਗੁਰਮਤਿ ਦੀ ਪੂਰਨ ਸੋਝੀ ਪ੍ਰਾਪਤ ਕਰ ਲੈਣ ਉਪਰੰਤ ਮਨ ਥਿਰ ਹੋ ਜਾਂਦਾ ਹੈ ਅਤੇ ਸੁਰਤ "ਗੋਵਿੰਦ ਦੇ ਚਰਨ ਕਮਲਾਂ" ਤਕ ਅੱਪੜ ਜਾਂਦੀ ਹੈ ਤਦ ਉਪਰੰਤ ਪਰਮੇਸ਼ਰ ਤਰੁਠਦਾ ਹੈ ਅਤੇ ਸੁਰਤ ਨੂੰ ਆਪਣੇ ਚਰਨ-ਕਮਲਾਂ (ਸ਼ਬਦ ਜਾਂ ਨਾਮ) ਦਾ ਸਪਰਸ਼ ਬਖਸ਼ਿਸ਼ ਕਰਦਾ ਹੈ । ਨਾਮ ਦੇ ਸਪਰਸ਼ ਨਾਲ ਬੁਧਿ ਬਦਲ ਕੇ ਬਿਬੇਕ-ਬੁਧਿ ਬਣ ਜਾਂਦੀ ਹੈ । ਇਸੇ ਅਵਸਥਾ ਦਾ ਜ਼ਿਕਰ ਕਰਦੇ ਹੋਏ ਭਗਤ ਕਬੀਰ ਜੀ ਫੁਰਮਾ ਰਹੇ ਹਨ,

ਕਹਿ ਕਬੀਰ ਬੁਧਿ ਹਰਿ ਲਈ ਮੇਰੀ ਬੁਧਿ ਬਦਲੀ ਸਿਧਿ ਪਾਈ ॥੨॥੨੧॥੭੨॥ 

(ਗਉੜੀ, ਪੰਨਾ ੩੩੯) 

ਜੋਗੀ ਭੀ ਰਿਧੀਆਂ ਸਿਧੀਆਂ ਪ੍ਰਾਪਤ ਹੋ ਜਾਣ ਦੀ ਗੱਲ ਕਰਦੇ ਹਨ ਪਰ ਉਨ੍ਹਾਂ ਦੀਆਂ ਰਿਧੀਆਂ ਸਿਧੀਆਂ ਸੰਸਾਰੀ ਪਦਾਰਥਾਂ ਤੱਕ ਹੀ ਸੀਮਤ ਹਨ । ਜੋਗ ਮਤ ਦਾ ਸੰਬੰਧ ਹੀ ਬਾਰਲੇ ਸ਼ਰੀਰ (ਮਾਇਆ) ਨਾਲ ਜੁੜਿਆ ਹੋਇਆ ਹੈ । ਉਨਾਂ ਦੇ ਸ਼ਬਦ ਵੀ ਸ਼ਰੀਰ ਅੰਦਰੋ ਪੈਦਾ ਹੋਣ ਵਾਲੀਆਂ ਧੂਨੀਆਂ ਹਨ, ਜਿਨਾਂ ਨੂੰ ਡਾਕਟਰ ਲੋਕ ਕੰਨਾਂ ਨੂੰ ਟੂਟੀਆਂ (stethoscope) ਲਾ ਕੇ ਸੁਣਦੇ ਹਨ ਅਤੇ ਸ਼ਰੀਰ ਦੀਆਂ ਵੱਖ-ਵੱਖ ਬਿਮਾਰੀਆਂ ਦਾ ਪਤਾ ਇਨ੍ਹਾਂ ਧੁਨੀਆਂ ਨੂੰ ਸੁਣ ਕੇ ਹੀ ਲਗਾ ਲੈਂਦੇ ਹਨ । ਜੋਗੀ ਲੋਕ ਭੀ ਬਾਹਰੀ ਸ਼ਰੀਰ ਦੀਆਂ ਬਹੁਤ ਸਾਰੀਆਂ ਬਿਮਾਰੀਆਂ ਦੀ ਜਾਣਕਾਰੀ, ਇਨ੍ਹਾਂ ਧੁਨੀਆਂ ਨੂੰ ਸੁਣਨ ਕਰਕੇ ਹੀ ਪ੍ਰਾਪਤ ਕਰ ਲੈਣ ਵਿੱਚ ਸਫਲ ਹੋਏ ਸਨ ਪਰ ਅੰਦਰਲੇ ਸੂਖਮ ਸਰੀਰ ਬਾਰੇ ਜੋਗਮਤ ਕੁਝ ਵੀ ਦੱਸਣ ਵਿੱਚ ਅਸਮਰਥ ਹੈ । ਗੁਰਮਤਿ ਨੇ ਇਸ ਬਾਹਰਲੇ ਤਨ ਵਿੱਚ ਨਿਰਾਕਾਰੀ ਮਨ ਨੂੰ ਜਾਨਣਾ ਸੀ, ਇਸੇ ਨੂੰ ਆਤਮ ਗਿਆਨ ਕਿਹਾ ਗਿਆ ਹੈ । ਆਪਣੇ ਟੀਚੇ (target) ਦੀ ਪ੍ਰਾਪਤੀ ਨੂੰ ਹੀ ਕਾਰਜ ਸਿਧਿ ਆਖਿਆ ਜਾਂਦਾ ਹੈ । "ਬੁਧਿ ਬਦਲੀ ਸਿਧਿ ਪਾਈ" ਤੋਂ ਭਾਵ ਹੈ ਕਿ ਜਿਨ੍ਹਾ ਚਿਰ ਮੇਰੀ ਆਪਣੀ ਬੁਧੀ ਸੰਸਾਰੀ ਮਤਾਂ ਤੋ ਪ੍ਰਾਪਤ ਹੋਏ ਗਿਆਨ ਦੁਆਰਾ ਨਿਰਾਕਾਰ ਦਾ ਦਰਸ਼ਨ ਕਰ ਲੈਣ ਦਾ ਜਤਨ ਕਰਦੀ ਰਹੀ, ਉਦੋਂ ਤੱਕ ਸਫਲਤਾ ਪ੍ਰਾਪਤ ਨਹੀ ਹੋਈ ਪਰ ਗੁਰਮਤਿ ਦੇ ਗਿਆਨ ਨਾਲ ਜਦੋਂ ਬੁਧਿ ਹੀ ਬਦਲ ਗਈ, ਭਾਵ ਪਹਿਲੀਆਂ ਮੱਤਾਂ ਉਪਰ ਇਸ ਦਾ ਬਿਲਕੁਲ ਵੀ ਵਿਸ਼ਵਾਸ ਨਾ ਰਿਹਾ ਜਾਂ ਦੂਜੇ ਸ਼ਬਦਾਂ ਵਿੱਚ ਪਹਿਲੀਆਂ ਮੱਤਾਂ ਦੀਆਂ ਕਮੀਆਂ ਦੀ ਇਸ ਨੂੰ ਸਮਝ ਆ ਗਈ, ਉਸ ਤੋਂ ਪਿਛੋਂ ਹੀ ਇਸ ਬੁਧਿ ਨੂੰ ਨਿਰਾਕਾਰ ਦੀ ਸਮਝ ਆਈ । ਨਿਰਾਕਾਰ ਨੂੰ ਸਮਝਣ ਵਿੱਚ ਸਫਲਤਾ ਪ੍ਰਾਪਤੀ ਨੂੰ ਹੀ ਭਗਤ ਕਬੀਰ ਜੀ 'ਸਿਧਿ ਪਾਈ' ਆਖ ਰਹੇ ਹਨ ।

~: ਧਰਮ ਸਿੰਘ ਨਿਹੰਗ ਸਿੰਘ :~

ਨੋਟ:- ਇਹ ਲੇਖ ਗੁਰਮਤਿ ਪ੍ਰਕਾਸ਼ ਮੈਗਜੀਨ ਜੋ ਸ੍ਰੋਮਣੀ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਵਲੋਂ ਮਹੀਨਾਵਾਰ ਪ੍ਰਕਾਸ਼ਿਤ ਹੁੰਦੀ ਹੈ ਵਿੱਚ 'ਫ਼ਰਵਰੀ ੨੦੦੩' ਵਿੱਚ ਛੱਪ ਚੁੱਕਾ ਹੈ ।

October 9, 2013

Jaitsaree Mahlaa 5 Vaar Salokaa Naali

ਜੈਤਸਰੀ ਮਹਲਾ ੫ ਵਾਰ ਸਲੋਕਾ ਨਾਲਿ

ੴ ਸਤਿਗੁਰ ਪ੍ਰਸਾਦਿ ॥
ਸਲੋਕ ॥
ਆਦਿ ਪੂਰਨ ਮਧਿ ਪੂਰਨ ਅੰਤਿ ਪੂਰਨ ਪਰਮੇਸੁਰਹ ॥
ਸਿਮਰੰਤਿ ਸੰਤ ਸਰਬਤ੍ਰ ਰਮਣੰ ਨਾਨਕ ਅਘਨਾਸਨ ਜਗਦੀਸੁਰਹ ॥੧॥
ਪੇਖਨ ਸੁਨਨ ਸੁਨਾਵਨੋ ਮਨ ਮਹਿ ਦ੍ਰਿੜੀਐ ਸਾਚੁ ॥
ਪੂਰਿ ਰਹਿਓ ਸਰਬਤ੍ਰ ਮੈ ਨਾਨਕ ਹਰਿ ਰੰਗਿ ਰਾਚੁ ॥੨॥

ਪਉੜੀ ॥
ਹਰਿ ਏਕੁ ਨਿਰੰਜਨੁ ਗਾਈਐ ਸਭ ਅੰਤਰਿ ਸੋਈ ॥
ਕਰਣ ਕਾਰਣ ਸਮਰਥ ਪ੍ਰਭੁ ਜੋ ਕਰੇ ਸੁ ਹੋਈ ॥
ਖਿਨ ਮਹਿ ਥਾਪਿ ਉਥਾਪਦਾ ਤਿਸੁ ਬਿਨੁ ਨਹੀ ਕੋਈ ॥
ਖੰਡ ਬ੍ਰਹਮੰਡ ਪਾਤਾਲ ਦੀਪ ਰਵਿਆ ਸਭ ਲੋਈ ॥
ਜਿਸੁ ਆਪਿ ਬੁਝਾਏ ਸੋ ਬੁਝਸੀ ਨਿਰਮਲ ਜਨੁ ਸੋਈ ॥੧॥
ਜੈਤਸਰੀ  ਕੀ ਵਾਰ: (ਮ: ੫) ਗੁਰੂ ਗ੍ਰੰਥ ਸਾਹਿਬ - ਅੰਗ ੭੦੬


ਉਪਰੋਕਤ ਬਾਣੀ ਆਨਲਾਇਨ ਪੜ੍ਹੋ ਤੇ ਵਿਆਖਿਆ ਸੁਣੋ ।
ਐਮ.ਪੀ.੩ ਮੋਬਾਇਲ ਤੇ ਪੀ.ਸੀ ਲਈ

ਇੱਕਲੀ ਇੱਕਲੀ ਐਮ.ਪੀ.੩ ਡਾਉਨਲੋਡ ਕਰਨ ਦਾ ਤਰੀਕਾ 

ਨਿੱਚੇ ਐਮ.ਪੀ.੩ ਨਾਲ (SIZE)MB ਲਿੱਖਿਆ ਹੈ ਉਸ ਨੂੰ ਦਬਾਉਣ ਨਾਲ ਇਹ ਐਮ.ਪੀ.੩ ਚੱਲ ਪਵੇਗੀ, ਫਿਰ ਤੁਸੀਂ ਮਾਊਸ ਤੋਂ RIGHT CLICK ਕਰੋ ਤੇ ਉੱਥੇ ਲਿੱਖਿਆ ਆਵੇਗਾ ਕਿ Save as... ਉਸਨੂੰ ਦਬਾਉਣ ਨਾਲ ਤੁਸੀਂ ਇਹ ਐਮ.ਪੀ.੩ ਡਾਉਨਲੋਡ ਕਰ ਸਕਦੇ ਹੋ ।


01_salok_01_aadi_pooran_maddi_pooran_parmaysureh.mp31.3 MB 
02_salok_02_paykhan_sunan_sunavano.mp31.5 MB 
03_paudee_01_hari_eyk_niranjan_gaaeeai.mp32.0 MB 
04_salok_01_ranchati_jeea_rachna.mp3726.9 KB 
05_salok_02_mukhu_talai_pair_upray.mp3586.0 KB 
06_paudee_02_rakatu_bindu_kari_nimiaa.mp31.5 MB 
07_salok_01_man_ichha_daan_karnaG.mp3737.7 KB 
08_salok_02_habbi_rang_maanehi.mp3465.6 KB 
09_paudee_03_jiou_praan_tanu.mp31.2 MB 
10_salok_01_kutamb_jatan_karnanG.mp3786.2 KB 
11_salok_02_tuttadeeaa_sa_preeti.mp3352.1 KB 
12_paudee_04_jis_bisrat_tanu.mp31.0 MB 
13_salok_01_koti_daan_isnanang.mp3527.8 KB 
14_salok_02_edhanu_keetomoo_ghanaa.mp3431.8 KB 
15_paudee_05_koti_aghaa_sabhi_naas_hohi.mp3823.3 KB 
16_salok_01_grehi_rachna_apparanG.mp3452.1 KB 
17_salok_02_muchu_aadambaru_habhu.mp3637.9 KB 
18_paudee_06_sundar_sej_anek_sukh.mp3730.1 KB 
19_salok_01_charan_kamal_bihranG.mp3769.9 KB 
20_salok_02_man_saain_mukh.mp3735.3 KB 
21_paudee_07_basta_tooti_jhoompdee.mp31.6 MB 
22_salok_01_anik_leelaa_raaj_ras_roopanG.mp3640.6 KB 
23_salok_02_supnay_habhi_rang_maaniaa.mp3406.3 KB 
24_paudi_08_supnay_saytee_chitu.mp3791.9 KB 
25_salok_01_basant_saVarg_lokeh.mp3532.2 KB 
26_salok_02_kautak_kod_tamasiaa.mp3602.0 KB 
27_paudi_09_maha_bhaiaan_udiaan.mp31.6 MB 
28_salok_01_raaj_kaptanG_roop_kaptanG.mp3912.1 KB 
29_salok_02_paykhandardo_kee_bhulu.mp3446.8 KB 
30_paudee_10_chaldiaa_naali_N_chalai.mp31.0 MB 
31_salok_01_nach_raaj_sukh_mastanG.mp3826.9 KB 
32_salok_02_lagda_so_nayhu.mp3448.9 KB 
33_paudee_11_hari_binu_kachoo_N_laagee.mp31.0 MB 
34_salok_01_tiakat_jalan_nah_jeev_meenaG.mp3943.5 KB 
35_salok_02_mukhu_daykhaaoo_palak_chhadi.mp3524.6 KB 
36_paudee_12_jiou_machhulee_binu_paaneeai.mp3643.6 KB 
37_salok_01_chitvanti_charan_kamalanG.mp3568.7 KB 
38_salok_02_seetrhaa_man_manjhahi.mp3517.9 KB 
39_paudee_13_aasavanti_aas_gusaaee_pooreeai.mp3898.6 KB 
40_salok_01_rasnaa_uchranti_naamanG.mp3780.7 KB 
41_salok_02_habhi_koodavay_kamm.mp3914.6 KB 
42_paudee_14_sad_baliharee_tina.mp31.9 MB 
43_salok_01_bhaavee_oudot_karananG.mp3988.9 KB 
44_jaitsree ki vaar m5_shalok_02_keem na saka paaie.mp3445.1 KB 
45_paudee_15_saa_vaylaa_kahu_kaounu_hai.mp3881.7 KB 
46_salok_01_patit_puneet_gobindah.mp3571.2 KB 
47_salok_02_chhadio_habhu_aapu.mp3344.7 KB 
48_paudee_16_maylu_laihu_dayaal.mp3965.3 KB 
49_salok_01_sant_udhran_dayalanG.mp3970.1 KB 
50_salok_02_chandan_chandu_N_sarad_ruti.mp3829.2 KB 
51_paudee_17_charan_kamal_kee_ot.mp31.1 MB 
52_salok_01_daiaa_karnanG_dukh_harnG.mp3544.4 KB 
53_salok_02_bhahi_balandarhee_bujhi_gaee.mp3479.7 KB 
54_paudee_18_ja_parabh_bhaye.mp31.2 MB 
55_salok_01_gur_gobind_gopaal_gur.mp3454.8 KB 
56_salok_02_bhaujalu_bikhamu_asgaahu.mp3470.2 KB 
57_paudee_19_dhanu_dhanu_gurdev.mp31.0 MB 
58_salok_01_dristant_eyko_suneeant_ayko.mp3923.5 KB 
59_salok_02_hikku_sayvee_hikku_sammlaa.mp3367.5 KB 
60_paudee_20_prabh_dayaal_bayant.mp31.1 MB 

October 3, 2013

Jawaab - Ki Gurgadi Gurbani Guru Giaan Noon Nahi Milee?

ਜਵਾਬ - ਕੀ ਗੁਰਗੱਦੀ ਗੁਰਬਾਣੀ ਗੁਰੂ ਗਿਆਨ ਨੂੰ ਨਹੀਂ ਮਿਲੀ?

ਇਸ ਲੇਖ ਦਾ ਸਿਰਲੇਖ ਹੀ ਆਪਣੇ ਆਪ ਵਿੱਚ ਸਵਾਲ ਹੈ । ਸਵਾਲ ਇਹ ਬਣਦਾ ਹੈ ਕਿ ਗੁਰਗੱਦੀ ਗਿਆਨ ਗੁਰੂ ਨੂੰ ਨਹੀਂ ਮਿਲੀ ? ਭਾਵ ਗੁਰਗੱਦੀ ਗੁਰਬਾਣੀ ਜਾਂ ਗੁਰ ਗਿਆਨ ਨੂੰ ਨਹੀਂ ਮਿਲੀ ? ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਗੁਰਬਾਣੀ ਜਾਂ ਗੁਰ ਗਿਆਨ ਦੋਵੇਂ ਇੱਕ ਹਨ ਜਾਂ ਦੋ ?
                                  ਜਿਨ੍ਹਾਂ ਨੇ ਗੁਰਬਾਣੀ ਨੂੰ ਸਮਝ ਨਾਲ ਅਤੇ ਜਾਗਰੂਕ ਹੋ ਕੇ ਵਿਚਾਰਿਆ ਹੈ ਉਨ੍ਹਾਂ ਦੀ ਨਜਰ ਵਿੱਚ ਗੁਰਬਾਣੀ ਅਤੇ ਗੁਰਬਾਣੀ ਦਾ ਗਿਆਨ ਦੋ ਅਲੱਗ-ਅਲੱਗ ਚੀਜਾ ਨੇ ।
                      ਬਾਣੀ (ਬਿਨ੍ਹਾਂ ਕੰਨ੍ਹਾਂ ਤੋਂ) ਸੁਣੀ ਜਾ ਸਕਦੀ ਹੈ ਪਰ ਅੱਖਾਂ ਨਾਲ ਦੇਖੀ ਨਹੀ ਜਾ ਸਕਦੀ । ਅੱਖਾਂ ਨਾਲ ਦੇਖਣ ਵਾਲੀ ਚੀਜ਼ ਗੁਰਬਾਣੀ ਦਾ ਅੱਖਰੀ ਰੂਪ ਪੋਥੀ ਸਾਹਿਬ ਹੈ । ਜਿਨ੍ਹਾਂ ਨੂੰ ਅਸੀਂ ਅੱਜ "ਗੁਰੂ ਗ੍ਰੰਥ" ਕਹਿੰਦੇ ਹਾਂ । 
                                                             ਲੇਖ ਦੇ ਸਿਰਲੇਖ ਵਿੱਚ "ਗ੍ਰੰਥ" ਸਬਦ ਨਹੀ ਵਰਤਿਆ ਗਿਆ ਪਰ ਲਿਖਾਰੀ ਨੇ ਬਹੁਤ ਸੈਤਾਨੀ ਨਾਲ ਇੱਕ ਕਹਾਣੀ ਘੜ੍ਹ ਕੇ ਗ੍ਰੰਥ ਸਬਦ ਨੂੰ ਵੀ ਸਿਰਲੇਖ ਦਾ ਹਿੱਸਾ ਬਣਾਉਣ ਦਾ ਜਤਨ ਕੀਤਾ ਹੈ ਜਦਕਿ ਗੁਰਬਾਣੀ ਵਿੱਚ ਇਨ੍ਹਾਂ ਅੱਖਰਾਂ ਨੂੰ ਖੋਜ ਕੇ ਗੁਰਮਤਿ ਵਿੱਚਲਾ ਗਿਆਨ ਪ੍ਰਾਪਤ ਕਰਨ ਦੀ ਸਲਾਹ ਦਿਤੀ ਗਈ ਹੈ ।
   
ਅਖਰੀ ਨਾਮੁ ਅਖਰੀ ਸਾਲਾਹ ॥
ਅਖਰੀ ਗਿਆਨੁ ਗੀਤ ਗੁਣ ਗਾਹ ॥
ਅਖਰੀ ਲਿਖਣੁ ਬੋਲਣੁ ਬਾਣਿ ॥
ਅਖਰਾ ਸਿਰਿ ਸੰਜੋਗੁ ਵਖਾਣਿ ॥
ਜਪੁ (ਮ: ੧) - ਅੰਗ ੪
                                             
ਬਾਵਨ ਅਛਰ ਲੋਕ ਤ੍ਰੈ ਸਭੁ ਕਛੁ ਇਨ ਹੀ ਮਾਹਿ ॥
ਏ ਅਖਰ ਖਿਰਿ ਜਾਹਿਗੇ ਓਇ ਅਖਰ ਇਨ ਮਹਿ ਨਾਹਿ ॥੧॥
ਗਉੜੀ ਬਾਵਨ ਅਖਰੀ (ਭ. ਕਬੀਰ) - ਅੰਗ ੩੪੦

ਏਨਾ ਅਖਰਾ ਮਹਿ ਜੋ ਗੁਰਮੁਖਿ ਬੂਝੈ ਤਿਸੁ ਸਿਰਿ ਲੇਖੁ ਨ ਹੋਈ ॥੨॥
ਆਸਾ ਪਟੀ (ਮ: ੧) - ਅੰਗ ੪੩੨

ਜਪੁ ਬਾਣੀ ਵਿੱਚ ਹੀ ਇਹ ਮੰਨ ਲਿਆ ਗਿਆ ਸੀ ਕਿ ਲਿਖਤੀ ਅੱਖਰੀ ਰੂਪ ਹੈ ਤੇ ਪੜ੍ਹ ਕੇ ਬੋਲਣ ਵੇਲੇ ਹੀ ਬਾਣੀ ਬਣੇਗੀ । ਅੱਖਰਾਂ ਦੀ ਖੋਜ ਵਿੱਚ ਪ੍ਰਾਪਤ ਹੋਣ ਵਾਲੇ "ਗੁਰ ਗਿਆਨ ਪਦਾਰਥ" (ਨਾਮ) ਨੂੰ ਤਾਂ ਗੁਰੂ ਦਾ ਦਰਜਾ ਪ੍ਰਾਪਤ ਹੈ ਹੀ । 



ਗਿਆਨ ਗੁਰੂ ਆਤਮ ਉਪਦੇਸਹੁ ਨਾਮ ਬਿਭੂਤ ਲਗਾਓ ॥੧॥
ਸ਼ਬਦ ਹਜ਼ਾਰੇ - ਸ੍ਰੀ ਦਸਮ ਗ੍ਰੰਥ ਸਾਹਿਬ

ਗਿਆਨ ਪ੍ਰਾਪਤੀ ਬੁਧਿ ਦਾ ਵਿਸ਼ਾ ਹੈ, ਗੁਰਬਾਣੀ ਕੰਨ੍ਹਾਂ ਦਾ ਵਿਸ਼ਾ ਹੈ ਤੇ ਅੱਖਰ ਅੱਖਾਂ ਦਾ ਵਿਸ਼ਾ ਹਨ । ਜਿਨ੍ਹਾਂ ਲੋਗਾਂ ਨੂੰ ਇਸ ਸਬਦ ਭੇਦ ਦਾ ਗਿਆਨ ਨਹੀਂ ਉਨ੍ਹਾਂ ਨੂੰ ਗੁਰਬਾਣੀ "ਅਤਿ ਅੰਨਾ ਬੋਲਾ" ਆਖਦੀ ਹੈ,


ਮਾਇਆਧਾਰੀ ਅਤਿ ਅੰਨਾ ਬੋਲਾ ॥
ਸਬਦੁ ਨ ਸੁਣਈ ਬਹੁ ਰੋਲ ਘਚੋਲਾ ॥
ਗਉੜੀ  ਕੀ ਵਾਰ:੧ (ਮ: ੩) - ਅੰਗ ੩੧੩

ਇਸ "ਰੋਲ ਘਚੋਲੇ" ਦਾ ਮਤਲਬ ਹੀ ਇਨ੍ਹਾਂ ਦਾ "ਅਤਿ ਅੰਨਾ ਬੋਲਾ" ਹੋਣਾ ਹੈ । ਅੰਨ੍ਹੇ ਬੋਲੇ ਲੋਗ ਤਾਂ "ਚੋਰ ਹਰਾਮਖੋਰਾਂ" ਦੇ ਪਾਏ ਹੋਏ ਭੁਲੇਖਿਆਂ ਨੂੰ ਵੀ ਸੱਚ ਮੰਨੀ ਬੈਠੇ ਨੇ ਕਿਉਂਕਿ ਗੁਰਬਾਣੀ ਦੀ ਮੂਲ ਭਾਵਨਾ ਤੋਂ ਉਲਟ ਜੋ ਧਾਰਨਾਵਾਂ ਪ੍ਰਚਲਤ ਹੋ ਗਈਆਂ ਨੇ ਉਨ੍ਹਾਂ ਨੂੰ ਠੀਕ ਨਾ ਕੀਤਾ ਜਾ ਸਕੇ । ਮੋਜੂਦਾ ਪਰਚਾਰ ਜੋ ਸਾਡੇ ਕੋਲ ਹੈ ਇਹ ਗਿਣਿਆ-ਮਿਥਿਆ ਅਤੇ ਨਿਰਮਲਿਆਂ ਦੀ ਦੇਣ ਹੈ ਜਿਹੜੇ ਕਿ ਸਿੱਖੀ ਵਿਚਾਰਧਾਰਾ ਨੂੰ ਫੁੱਟੀ ਅੱਖ ਨਾਲ ਵੀ ਨਹੀਂ ਦੇਖਣਾ ਚਾਹੁੰਦੇ । ਅੱਜ ਸਾਰੀ ਸਿੱਖ ਸੰਗਤ ਇਹ ਮੰਨਦੀ ਹੈ ਕਿ ਗੁਰਮਤਿ ਦੀ ਅਸਲੀ ਵਿਚਾਰਧਾਰਾ ਕੀਤੇ ਗੁੰਮ ਹੋ ਗਈ ਹੈ । ਸਾਰੀਆਂ ਯੂਨੀਵਰਸੀਟੀਆਂ ਦੇ ਵਿਦਵਾਨ ਵੀ ਇਸ ਖਿਆਲ ਨਾਲ ਸਹਿਮਤ ਹਨ ਪਰ ਪਤਾ ਨਹੀਂ ਇਹ ਮੀਣੇ ਕਿਉਂ ਇਸ ਸੱਚ ਨੂੰ ਪਚਾ ਨਹੀਂ ਪਾ ਰਹੇ ।
               ਜਿਥੋਂ ਤੱਕ ਚੇਲੇ ਸਬਦ ਦੀ ਵਿਆਖਿਆ ਦਾ ਸਵਾਲ ਹੈ ਤਾਂ ਇਹ ਮੀਣਾ ਵਿਦਵਾਨ, ਗੁਰਬਾਣੀ ਤੋਂ ਬਾਹਰ ਜਾ ਕੇ ਕਰ ਰਿਹਾ ਹੈ ਜਦਕਿ ਗੁਰਬਾਣੀ ਵਿੱਚ ਇਹ ਦਰਜ ਹੈ, 
                                       
ਗੁਰ ਚੇਲੇ ਕੀ ਸੰਧਿ ਮਿਲਾਏ ॥
ਰਾਮਕਲੀ (ਮ: ੧) - ਅੰਗ ੮੭੭

ਇਸ ਉਪਰੋਕਤ ਪੰਗਤੀ ਵਾਲਾ ਚੇਲਾ ਕੋਣ ਹੈ ਜਿਸਨੂੰ ਇਹ ਮੀਣਾ ਵੀ ਮੰਨਦਾ ਹੈ ਕਿ ਗੁਰਬਾਣੀ ਦੇ ਗਿਆਨ ਨੂੰ ਸਮਝ ਕੇ ਸਮਝਾਉਣ ਦੀ ਜਿੰਮੇਵਾਰੀ ਇੱਕ ਵਿਅਕਤੀ ਨੂੰ ਗੁਰੂ ਘਰ ਦਿੰਦਾ ਰਿਹਾ ਹੈ ।



                                ਪੋਥੀ ਸਾਹਿਬ ਜਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਂਦ ਤਾਂ ਪੰਜਵੇਂ ਪਾਤਸ਼ਾਹ ਵੇਲੇ ਤੋਂ ਹੀ ਆ ਗਈ ਸੀ ਫਿਰ ਉਸ ਤੋਂ ਪਿੱਛੋਂ ਬਾਕੀ ਵਿਅਕਤੀ ਸਤਿਗੁਰਾਂ ਦੀ ਜਰੂਰਤ ਕਿਉਂ ਸੀ ? ਜਿਸ ਤੋਂ ਸਾਫ਼ ਪਤਾ ਚਲਦਾ ਹੈ ਕਿ ਕੋਈ ਵਿਅਕਤੀ ਹੀ ਗੁਰਬਾਣੀ ਰੂਪੀ ਅੱਖਰਾਂ ਵਿਚੋਂ ਗੁਰਮਤਿ ਖੋਜ ਕੇ ਅੱਗੇ ਗੁਰਸਿਖਾਂ ਲਈ ਲੰਗਰ ਲਗਾ ਸਕੇਗਾ । ਮੋਜੂਦਾ ਸਮੇਂ ਇਹ ਜਿੰਮੇਵਾਰੀ ਖਾਲਸੇ ਕੋਲ ਹੈ । ਇਥੇ ਇਹ ਦੱਸਣਾ ਜਰੂਰੀ ਹੈ ਕਿ ਜਿਨ੍ਹਾਂ ਵਿਅਕਤੀਆਂ ਨੂੰ ਗੁਰਮਤਿ ਪਰਚਾਰ ਦੀ ਜਿਮੇਵਾਰੀ ਸੌਪੀ ਜਾਂਦੀ ਰਹੀ ਹੈ ਉਹ ਪੂਰੀ ਤਰ੍ਹਾਂ ਪਰਖੇ ਹੋਏ ਸਨ । ਜਿਨ੍ਹਾਂ ਵਿਚੋਂ ਇੱਕ ਵੀ ਨਹੀਂ ਡੋਲਿਆ । 


ਸੀਸੁ ਦੀਆ ਪਰੁ ਸਿਰਰੁ ਨ ਦੀਆ ॥
ਬਚਿਤ੍ਰ ਨਾਟਕ ਅ. ੫ - ੧੪ - ਸ੍ਰੀ ਦਸਮ ਗ੍ਰੰਥ ਸਾਹਿਬ

ਉਸ ਤੋਂ ਬਾਅਦ ਦਸਮ ਪਾਤਿਸਾਹ ਆਨੰਦਪੁਰ ਦਾ ਕਿਲਾ ਛੱਡਣ ਅਤੇ ਚਮਕੌਰ ਦੀ ਜੰਗ ਪਿੱਛੋਂ ਇਹੀ ਕਹਿੰਦੇ ਹਨ ਕਿ,


ਯਾਰੜੇ ਦਾ ਸਾਨੂੰ ਸਥਰ ਚੰਗਾ ਭਠ ਖੇੜਿਆਂ ਦਾ ਰਹਣਾ ॥੧॥੧॥੬॥
ਸ਼ਬਦ ਹਜ਼ਾਰੇ - ਸ੍ਰੀ ਦਸਮ ਗ੍ਰੰਥ ਸਾਹਿਬ

ਭਾਵ ਸੱਚ ਨਾਲ ਜੁੜ੍ਹੇ ਰਹਿਣ ਕਰਕੇ ਜੇ ਸਾਨੂੰ ਜਮੀਨ ਤੇ ਵੀ ਸੌਣਾ ਪਵੇ ਤਾਂ ਵੀ ਸਾਨੂੰ ਕੋਈ ਚਿੰਤਾ ਨਹੀਂ ਪਰ ਸੱਚ ਨਾਲੋਂ ਟੁੱਟ ਕੇ ਸੱਚ ਤੋਂ ਮੁੱਖ ਫੇਰ ਕੇ ਸਾਡੇ ਲਈ ਐਸ਼ੋ-ਇਸ਼ਰਤ ਦੇ ਸਮਾਨ ਮਹਿਲਾਂ ਵਿੱਚ ਵੱਸਣਾ, ਸੁਰਾਹੀਆਂ ਦਾ ਇਸਤੇਮਾਲ ਆਦਿਕ ਖੰਜਰ ਵਰਗੇ (ਦੁਖਦਾਈ) ਹਨ । ਇਸ ਤੋਂ ਪਹਿਲਾਂ ਇਸੇ ਲਈ ਉਨ੍ਹਾਂ ਨੇ ਆਪਣੇ ਉਤਰਾਅਧਿਕਾਰੀਆਂ ਨੂੰ ਪਰਖਣ ਲਈ ਸਿਰਾਂ ਦੀ ਬਾਜੀ ਲਗਾ ਦੇਣ ਦੀ ਪ੍ਰੀਖਿਆ ਲਈ ਸੀ । ਜਿਨ੍ਹਾਂ ਦੇ ਹਥੋਂ ਉਨ੍ਹਾਂ ਨੇ ਆਪ ਪਾਹੁਲ ਲੈ ਕੇ ਆਪੇ ਗੁਰ-ਚੇਲਾ ਕਹਾਇਆ ਅਤੇ ਖਾਲਸੇ ਨੂੰ ਆਪਣਾ ਸਤਿਗੁਰ ਮੰਨਿਆ ਅਤੇ "ਖਾਲਸਾ ਮੇਰੋ ਸਤਿਗੁਰ ਪੂਰਾ" ਵਿਸ਼ੇਸਣ ਨਾਲ ਨਿਵਾਜਿਆ ਪਰ ਧੀਰਮਲੀਏ, ਰਾਮ ਰਾਈਏ, ਮੀਣੇ, ਮਸੰਦ ਆਦਿ ਇਨ੍ਹਾਂ ਸਾਰੀਆਂ ਤੋਂ ਖਾਲਸੇ ਨੂੰ ਦੂਰ ਰਹਿਣ ਦੀ ਹਿਦਾਇਤ ਕੀਤੀ । ਇਨ੍ਹਾਂ ਨਾਲ ਕਿਸੇ ਕਿਸਮ ਦਾ ਮਿਲਵਰਤਨ ਰੱਖਣ ਤੋਂ ਖਾਲਸੇ ਨੂੰ ਵਰਜਿਆ । ਇਸ ਲਈ ਇਹ ਲੋਗ ਖਾਲਸੇ, ਖਾਲਸੇ ਦੇ ਗ੍ਰੰਥ (ਸ੍ਰੀ ਦਸਮ ਗ੍ਰੰਥ ਸਾਹਿਬ), ਖਾਲਸੇ ਦੀਆਂ ਦੇਗਾਂ, ਤੇਗਾਂ ਅਤੇ ਖਾਲਸੇ ਦੇ ਸਰੂਪ ਤੋਂ ਨਫਰਤ ਕਰਦੇ ਆਏ ਹਨ  ।



                                     ਜਿਥੋਂ ਤੱਕ "ਸਬਦੁ ਗੁਰੂ ਸੁਰਤਿ ਧੁਨਿ ਚੇਲਾ" ਦਾ ਸਵਾਲ ਹੈ ਉਥੇ ਇਹ ਦੱਸ ਦੇਣਾ ਵੀ ਜਰੂਰੀ ਹੈ ਕਿ ਗੁਰ ਨਾਨਕ ਦੇਵ ਜੀ ਜਦੋਂ ਇਹ ਆਖਦੇ ਹਨ ,

ਸਬਦੁ ਗੁਰੂ ਸੁਰਤਿ ਧੁਨਿ ਚੇਲਾ ॥
ਰਾਮਕਲੀ ਗੋਸਟਿ (ਮ: ੧)  - ਅੰਗ ੯੪੩

ਤਾਂ ਉਨ੍ਹਾਂ ਦਾ ਇਸ਼ਾਰਾ ਕਿਹੜੇ ਗ੍ਰੰਥ ਵੱਲ ਹੈ ? ਜਦਕਿ ਪੋਥੀ ਸਾਹਿਬ ਜਾਂ ਗੁਰੂ ਗ੍ਰੰਥ ਸਾਹਿਬ ਜੀ ਦਾ ਉਸ ਵਕ਼ਤ ਵਜੂਦ ਹੀ ਨਹੀ ਹੈ ਸਗੋਂ ਸਵਾਲ ਇਹ ਉੱਠਦਾ ਹੈ ਕਿ ਗੁਰ ਨਾਨਕ, ਦਸਵੇਂ ਜਾਮੇਂ ਵਿੱਚ ਆਪਣੇ ਹੀ ਗੁਰੂ (ਸਬਦੁ ਗੁਰੂ) ਨੂੰ ਆਪਣੀ ਚੇਲੇ ਵਾਲੀ ਗੱਦੀ ਦੇਣਗੇ ? ਐਸੀ ਸੋਚ ਗੁਰਸਿਖਾਂ ਦੀ ਨਹੀਂ ਹੋ ਸਕਦੀ ਪਰ ਹਾਂ ਮਿਣਿਆ ਦੀ ਹੋ ਸਕਦੀ ਹੈ ।
            ਹੁਣ ਗੱਲ ਕਰਦੇ ਹਾਂ ਇਨ੍ਹਾਂ ਮਿਣਿਆ ਦੇ ਸ੍ਰੀ ਦਸਮ ਗ੍ਰੰਥ ਸਾਹਿਬ ਜੀ ਦਾ ਵਿਰੋਧ ਕਰਨ ਅਤੇ ਪ੍ਰੋਫ਼: ਸਾਹਿਬ ਸਿੰਘ ਦੇ ਟੀਕੇ ਨਾਲ ਚਿਪਕੇ ਰਹਿਣ ਦੀ । ਇਨ੍ਹਾਂ ਨੂੰ ਇਹ ਦੱਸ ਦਈਏ ਕਿ ਪ੍ਰੋਫ਼: ਸਾਹਿਬ ਸਿੰਘ ਨੇ ਫਰੀਦਕੋਟੀਏ ਟੀਕੇ ਦੀ ਨਕ਼ਲ ਕੀਤੀ ਹੈ ਜਿਸਦਾ ਸਬੂਤ ਇਨ੍ਹਾਂ ਦੋਹਾਂ ਟਿਕੀਆਂ ਨੂੰ ਮਿਲਾ ਕੇ ਪੜਨ ਨਾਲ ਮਿਲ ਜਾਂਦਾ ਹੈ । ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਆਪ ਇੱਕ ਚੰਗੇ ਖੋਜੀ ਹਨ ਉਨ੍ਹਾਂ ਨੇ ਸਾਡੇ ਨਾਲ ਇਸ ਖੋਜ ਬਾਰੇ ਸਹਿਮਤੀ ਪ੍ਰਗਟ ਕੀਤੀ ਹੋਈ ਹੈ । 
         ਸਾਨੂੰ ਇਹ ਭਰਮ ਨਹੀ ਕਿ ਮੀਣੇ ਹੁਣ ਸ੍ਰੀ ਦਸਮ ਗ੍ਰੰਥ ਸਾਹਿਬ ਨਾਲ ਸਹਿਮਤ ਹੋ ਜਾਣਗੇ ਜਾਂ ਬ੍ਰਾਹਮਣੀ ਵਿਚਾਰਧਾਰਾ ਦੇ ਹੋਏ ਪਿੱਛਲੇ ਟੀਕੇ ਨੂੰ ਰੱਦ ਕਰ ਦੇਣਗੇ ਕਿਉਂਕਿ ਮੀਣੇ ਤਾਂ ਗੁਰ ਸਾਹਿਬਾਨ ਦੇ ਜੀਵਨ ਕਾਲ ਵਿੱਚ ਵੀ ਗੁਰੂਘਰ ਨਾਲ ਕਦੇ ਸਹਿਮਤ ਹੋਏ ਹੀ ਨਹੀਂ । ਅਸੀ ਤਾਂ ਮਿਣਿਆ ਵਲੋਂ ਪਾਏ ਗਏ ਭੁਲੇਖਿਆਂ ਬਾਰੇ ਸੰਗਤ ਨੂੰ ਜਾਗਰੂਕ ਕਰਨਾ ਹੈ ।


~: ਧਰਮ ਸਿੰਘ ਨਿਹੰਗ ਸਿੰਘ :~
੦੨-੧੦-੨੦੧੩  



October 1, 2013

Khalsa Panth Dee Jathebandak Majbootee Layi Gurbani Dee Sedh'ch Turna Pavega

  "ਪੰਥ-ਖਾਲਸਾ ਦੀ ਜਥੇਬੰਦਕ ਮਜਬੂਤੀ ਲਈ
 ਗੁਰਬਾਣੀ ਦੀ ਸੇਧ 'ਚ ਤੁਰਨਾ ਪਵੇਗਾ"


         

ਗੁਰਬਾਣੀ ਅੰਦਰ ਦਰਸਾਇਆ ਗਿਆ ਪਰਮੇਸ਼ਰ ਪ੍ਰਾਪਤੀ ਦਾ ਮਾਰਗ (ਪੰਥ) ਹੀ 'ਗੁਰੂ ਪੰਥ' ਹੈ । 'ਪੰਥ' ਸ਼ਬਦ ਸੰਸਕ੍ਰਿਤ ਦੇ 'ਪਥ' ਸ਼ਬਦ ਦਾ ਦੂਸਰਾ ਰੂਪ ਹੈ, ਜਿਸ ਦਾ ਅਰਥ ਹੁੰਦਾ ਹੈ ਮਾਰਗ ਜਾਂ ਰਸਤਾ । ਗੁਰ ਸਾਹਿਬਾਨ ਸਮੇਂ ਇਸ ਸ਼ਬਦ ਨੂੰ ਇੰਨ੍ਹਾਂ ਅਰਥਾਂ ਵਿੱਚ ਹੀ ਸਮਝਿਆ ਜਾਂਦਾ ਸੀ, ਜਿਵੇਂ ਕਿ ਗੁਰਬਾਣੀ ਵਿੱਚੋਂ ਪਤਾ ਲੱਗਦਾ ਹੈ,

ਪੰਥੁ ਨਿਹਾਰੈ ਕਾਮਨੀ ਲੋਚਨ ਭਰੀ ਲੇ ਉਸਾਸਾ ॥
ਉਰ ਨ ਭੀਜੈ ਪਗੁ ਨਾ ਖਿਸੈ ਹਰਿ ਦਰਸਨ ਕੀ ਆਸਾ ॥
(ਰਾਗੁ ਗਉੜੀ ਕਬੀਰ ਜੀ ਕੀ, ਪੰਨਾ ੩੩੭)

ਪੰਥੁ ਦਸਾਵਾ ਨਿਤ ਖੜੀ ਮੁੰਧ ਜੋਬਨਿ ਬਾਲੀ ਰਾਮ ਰਾਜੇ ॥
ਹਰਿ ਹਰਿ ਨਾਮੁ ਚੇਤਾਇ ਗੁਰ ਹਰਿ ਮਾਰਗਿ ਚਾਲੀ ॥ 
(ਆਸਾ ਮਹਲਾ ੪, ਪੰਨਾ ੪੪੯)

ਉਪਰੋਕਤ ਦੋਹਾਂ ਪੰਗਤੀਆਂ ਵਿੱਚ ਵਰਤਿਆ ਗਿਆ ਸ਼ਬਦ 'ਪੰਥ', ਮਾਰਗ ਜਾਂ ਰਸਤੇ ਦੇ ਹੀ ਅਰਥ ਰੱਖਦਾ ਹੈ । ਪਰ ਅੱਜਕੱਲ੍ਹ ਅਸੀਂ ਗੁਰੂ ਦੇ ਪੰਥ ਉੱਤੇ ਚੱਲਣ ਵਾਲੇ ਸਿੱਖਾਂ ਦੇ ਸਮੂਹ ਵਾਸਤੇ ਵੀ ਇਸ ਲਫ਼ਜ਼ ਦੀ ਵਰਤੋਂ ਕਰਨ ਲੱਗ ਪਏ ਹਾਂ ।


'ਪੰਥ ਖਾਲਸਾ' ਜਾਂ 'ਗੁਰੂ-ਪੰਥ' ਉਹ ਰਸਤਾ ਹੈ, ਜਿਸ ਉੱਤੇ ਚੱਲ ਕੇ ਗੁਰਸਿੱਖ ਗੁਰੂ (ਪਰਮੇਸ਼ਰ) ਨਾਲ ਅਭੇਦ (ਲੀਨ) ਹੋ ਜਾਂਦਾ ਹੈ । ਦੂਸਰੀ ਗੱਲ ਇਹ ਹੈ ਕਿ ਇਸ ਮਾਰਗ (ਪੰਥ) ਦੀ ਜਾਣਕਾਰੀ, ਕਿਉਂਕਿ ਗੁਰੂ (ਪਰਮੇਸ਼ਰ) ਨੇ ਖੁਦ ਆਪ ਕਰਵਾਈ ਹੈ, ਇਸ ਲਈ ਵੀ ਇਸਨੂੰ 'ਗੁਰੂ-ਪੰਥ' ਆਖਿਆ ਜਾਂਦਾ ਹੈ । ਮਨੁੱਖੀ ਮਨ (ਬੁਧਿ) ਇਸ ਮਾਰਗ ਨੂੰ ਆਪ ਖੋਜ ਲਵੇ, ਅਜਿਹਾ ਨਾ ਕਦੇ ਹੋਇਆ ਹੀ ਹੈ, ਨਾ ਹੋ ਸਕਦਾ ਹੈ ਅਤੇ ਨਾ ਹੀ ਕਦੇ ਅਜਿਹਾ ਹੋਵੇਗਾ । ਇਸ ਮਾਰਗ ਨੂੰ ਖੋਜ ਲੈਣ ਦੀ ਗੱਲ ਤਾਂ ਇੱਕ ਪਾਸੇ ਰਹੀ, ਇਸ ਦੀ ਤਾਂ ਸਮਝ ਵੀ ਪਰਮੇਸ਼ਰ ਦੀ ਕਿਰਪਾ ਤੋਂ ਬਿਨਾ ਨਹੀਂ ਆਇਆ ਕਰਦੀ, ਜਿਵੇਂ ਕਿ ਰਾਮਕਲੀ ਰਾਗ ਵਿੱਚ ਭਗਤ ਕਬੀਰ ਜੀ ਦਾ ਫੁਰਮਾਨ ਹੈ,

ਕੋਠਰੇ ਮਹਿ ਕੋਠਰੀ ਪਰਮ ਕੋਠੀ ਬੀਚਾਰਿ ॥
ਗੁਰਿ ਦੀਨੀ ਬਸਤੁ ਕਬੀਰ ਕਉ ਲੇਵਹੁ ਬਸਤੁ ਸਮ੍ਹ੍ਹਾਰਿ ॥੪॥
ਕਬੀਰਿ ਦੀਈ ਸੰਸਾਰ ਕਉ ਲੀਨੀ ਜਿਸੁ ਮਸਤਕਿ ਭਾਗੁ ॥
ਅੰਮ੍ਰਿਤ ਰਸੁ ਜਿਨਿ ਪਾਇਆ ਥਿਰੁ ਤਾ ਕਾ ਸੋਹਾਗੁ ॥ (ਪੰਨਾ ੯੭੦)

ਭਗਤ ਜੀ ਆਖ ਰਹੇ ਹਨ ਕਿ ਇਸ, ਪੰਜ ਤੱਤਾਂ ਦੇ ਮਾਇਆ ਰੂਪੀ ਕੋਠੜੇ (ਸਰੀਰ) ਅੰਦਰ ਇੱਕ ਹਿਰਦਾ ਰੂਪੀ ਕੋਠੜੀ ਹੈ । ਉਸ ਨੂੰ ਹੀ ਪਰਮ ਕੋਠੜੀ, ਇਸ ਲਈ ਆਖਿਆ ਹੈ, ਕਿਉਂਕਿ ਤੱਤ ਵਸਤੂ ਦੀ ਪ੍ਰਾਪਤੀ ਇਸੇ ਕੋਠੜੀ ਵਿੱਚੋਂ ਹੁੰਦੀ ਹੈ । ਇਸ ਵਿੱਚੋਂ ਹੀ ਕਬੀਰ ਜੀ ਨੂੰ ਪਰਮ ਤੱਤ (ਸ਼ਬਦ ਗੁਰੂ) ਦੀ ਪ੍ਰਾਪਤੀ ਹੋਈ ਹੈ ਅਤੇ ਕਬੀਰ ਜੀ ਨੇ ਇਸ ਨੂੰ ਅੱਖਰੀ ਰੂਪ ਦੇ ਕੇ, ਸੰਸਾਰੀ ਜੀਵਾਂ ਦੇ ਕਲਿਆਣ ਹਿੱਤ, ਸੰਭਾਲ ਲਿਆ ਅਤੇ ਸੰਸਾਰੀ ਲੋਕਾਂ ਨੂੰ ਇਹ ਵੀ ਦੱਸ ਦਿੱਤਾ ਕਿ ਇਸ ਵਸਤੂ ਦੀ ਪ੍ਰਾਪਤੀ ਕਰ ਲੈਣ ਉਪਰੰਤ ਜਨਮ-ਮਰਨ ਦਾ ਭਰਮ-ਚੱਕਰ ਮੁੱਕ ਜਾਂਦਾ ਹੈ । ਫਿਰ ਵੀ ਇਸ ਵਸਤੂ ਦੀ ਪ੍ਰਾਪਤੀ ਉਸੇ ਪ੍ਰਾਣੀ ਨੂੰ ਹੋ ਸਕੇਗੀ, ਜੋ ਪਰਮੇਸ਼ਰ ਦੀ ਕਿਰਪਾ ਦਾ ਪਾਤਰ ਬਣ ਜਾਣ ਵਿੱਚ ਸਫਲਤਾ ਪ੍ਰਾਪਤ ਕਰ ਲਵੇਗਾ ।

ਤੀਜੇ ਸਤਿਗੁਰੁ ਜੀ ਵੀ 'ਆਨੰਦ' ਬਾਣੀ (ਰਾਗ ਰਾਮਕਲੀ) ਵਿੱਚ ਕੁਝ ਅਜਿਹਾ ਹੀ ਸੰਕੇਤ ਕਰਦੇ ਹੋਏ ਆਖ ਰਹੇ ਹਨ,

ਭਗਤਾ ਕੀ ਚਾਲ ਨਿਰਾਲੀ ॥
ਚਾਲਾ ਨਿਰਾਲੀ ਭਗਤਾਹ ਕੇਰੀ ਬਿਖਮ ਮਾਰਗਿ ਚਲਣਾ ॥
ਲਬੁ ਲੋਭੁ ਅਹੰਕਾਰੁ ਤਜਿ ਤ੍ਰਿਸਨਾ ਬਹੁਤੁ ਨਾਹੀ ਬੋਲਣਾ ॥
ਖੰਨਿਅਹੁ ਤਿਖੀ ਵਾਲਹੁ ਨਿਕੀ ਏਤੁ ਮਾਰਗਿ ਜਾਣਾ ॥
ਗੁਰ ਪਰਸਾਦੀ ਜਿਨੀ ਆਪੁ ਤਜਿਆ ਹਰਿ ਵਾਸਨਾ ਸਮਾਣੀ ॥
ਕਹੈ ਨਾਨਕੁ ਚਾਲ ਭਗਤਾ ਜੁਗਹੁ ਜੁਗੁ ਨਿਰਾਲੀ ॥੧੪॥ (ਪੰਨਾ ੯੧੮) 

ਸਤਿਗੁਰੁ ਜੀ ਦਾ ਕਹਿਣਾ ਹੈ ਕਿ ਭਗਤ ਜਨਾਂ ਦਾ ਮਾਰਗ, ਸੰਸਾਰੀ ਸਾਕਤਾਂ ਦੇ ਚਲਾਏ ਹੋਏ ਮਾਰਗਾਂ ਨਾਲੋਂ ਨਿਆਰਾ (ਉਲਟ) ਹੁੰਦਾ ਹੈ । ਸੰਸਾਰੀ ਮੱਤਾਂ ਵਾਲੇ ਪਰਮੇਸ਼ਰ ਨੂੰ ਬਾਹਰੋਂ ਖੋਜ ਕੇ, ਸਰੀਰਕ ਅੱਖਾਂ ਦੁਆਰਾ ਦਰਸ਼ਨ ਕਰ ਲੈਣ ਵਿੱਚ ਵਿਸ਼ਵਾਸ ਰੱਖਦੇ ਹਨ, ਭਾਵੇਂ ਉਹ ਇਸ ਸੱਚਾਈ ਨੂੰ ਵੀ ਕਬੂਲਦੇ ਹਨ ਕਿ ਪਰਮੇਸ਼ਰ ਨਿਰਾਕਾਰ ਹੈ । ਦੂਸਰੇ ਨੰਬਰ 'ਤੇ ਉਹ ਲਬ, ਲੋਭ ਅਤੇ ਤ੍ਰਿਸ਼ਨਾ ਦੀ ਪੂਰਤੀ ਹਿੱਤ ਹੀ ਜਪ, ਤਪ ਜਾਂ ਦਾਨ ਆਦਿ ਕਰਿਆ ਕਰਦੇ ਹਨ ਪਰ ਇਸ ਦੇ ਉਲਟ "ਹਰਿ ਕੇ ਲੋਗ" ਆਪਨੇ ਪਿਆਰੇ ਨਾਲ ਇੱਕਮਿਕ ਹੋ ਜਾਣ ਤੋਂ ਇਲਾਵਾ, ਹੋਰ ਕੋਈ ਇੱਛਾ ਰੱਖਦੇ ਹੀ ਨਹੀਂ ਹੁੰਦੇ । ਉਹ ਲਬ, ਲੋਭ, ਅਹੰਕਾਰ ਅਤੇ ਤ੍ਰਿਸ਼ਨਾ ਆਦਿ ਔਗੁਣਾਂ ਨੂੰ ਤਿਆਗ ਦਿੰਦੇ ਹਨ । ਇਸੇ ਨੂੰ ਹੀ ਸਤਿਗੁਰੁ ਜੀ 'ਭਗਤਾ ਕੀ ਚਾਲ ਨਿਰਾਲੀ' ਆਖ ਰਹੇ ਹਨ । ਸਭ ਤੋਂ ਮਹੱਤਵਪੂਰਨ ਗੱਲ ਜੋ ਸਤਿਗੁਰੁ ਜੀ ਨੇ ਉਪਰੋਕਤ ਪੰਗਤੀਆਂ ਵਿੱਚ ਆਖੀ ਹੈ ਕਿ ਗੁਰਮਤਿ ਅੰਦਰ ਸੁਝਾਇਆ ਹੋਇਆ ਪੰਥ (ਮਾਰਗ) ਅਤਿ ਬਰੀਕ ਹੋਣ ਕਰਕੇ ਇਸ ਉੱਪਰ ਚੱਲਣਾ ਵੀ ਅਤਿ ਕਠਿਨ ਹੈ । ਇਸ ਨੂੰ ਬੁੱਝਣ ਜਾਂ ਜਾਣਨ ਵਾਸਤੇ ਪਰਮੇਸ਼ਰ ਦੀ ਕਿਰਪਾ ਦਾ ਪਾਤਰ ਬਣਨਾ ਅਤਿ ਜ਼ਰੂਰੀ ਹੈ । ਇਹ ਗੱਲ ਐਨੀ ਬਰੀਕ ਹੈ, ਜਿਹੜੀ ਕਿ ਮਨ-ਬੁੱਧੀ ਦੀ ਪਕੜ ਤੋਂ ਪਰ੍ਹੇ ਹੈ । ਇਸੇ ਲਈ ਸਤਿਗੁਰੁ ਜੀ ਗੁਰਮਤਿ ਵਿਚਲੇ ਪੰਥ ਨੂੰ "ਖੰਡੇ ਦੀ ਧਾਰ" ਅਤੇ ਵਾਲ ਤੋਂ ਬਰੀਕ' ਰਸਤਾ ਦੱਸ ਰਹੇ ਹਨ, ਜਿਸ ਉੱਤੇ ਚੱਲਣ ਲਈ ਪੂਰੇ ਧਿਆਨ ਦੀ ਲੋੜ ਹੈ ।

ਸਚੁ ਧਰਮ ਅੰਦਰ ਸੰਪਰਦਾਵਾਂ ਲਈ ਕੋਈ ਥਾਂ ਨਹੀਂ, ਕਿਉਂਕਿ ਖੰਡੇ ਦੀ ਧਾਰ ਜਾਂ ਵਾਲ ਜਿਹੇ ਬਰੀਕ ਰਸਤੇ ਨੂੰ ਨਾ ਤਾਂ ਵੰਡਿਆ ਹੀ ਜਾ ਸਕਦਾ ਹੈ ਅਤੇ ਨਾ ਹੀ ਇਸ ਅੰਦਰ ਕੋਈ ਦੂਸਰੀ ਵੱਟ ਹੀ ਪਾਈ ਜਾ ਸਕਦੀ ਹੈ । ਦੂਸਰੀ ਗੱਲ ਇਹ ਹੈ ਕਿ ਸਚੁ ਦਾ ਦੂਸਰਾ ਰੂਪ ਹੁੰਦਾ ਹੀ ਨਹੀਂ । ਜਿਹੜੇ ਲੋਕ ਸਚੁ ਦਾ ਦੂਸਰਾ ਰੂਪ ਪੇਸ਼ ਕਰਨ ਵਾਲੇ ਹੁੰਦੇ ਹਨ, ਉਨ੍ਹਾਂ ਨੂੰ ਗੁਰਬਾਣੀ ਅੰਦਰ ਝੂਠੇ, ਕਪਟੀ, ਪਖੰਡੀ, ਪਰਪੰਚੀ ਅਤੇ "ਬਨਾਰਸ ਕੇ ਠੱਗ" ਆਦਿ ਉਪਾਧੀਆਂ ਨਾਲ ਨਿਵਾਜਿਆ ਗਿਆ ਹੈ । ਇਸ 'ਪੰਥ ਖਾਲਸੇ' ਦੀ ਵਿਸ਼ੇਸ਼ਤਾ ਹੀ ਇਹ ਹੈ ਕਿ ਇਹ ਕੇਵਲ ਇੱਕੋ-ਇੱਕ ਰਸਤਾ ਹੈ ਜਿਸ ਵਿੱਚ ਕਿ ਆਤਮਾ ਅਤੇ ਪਰਾਤਮਾ (ਪਰਮਾਤਮਾ ਸਬਦ ਗੁਰਬਾਣੀ ਵਿੱਚ ਨਹੀ ਆਇਆ) ਨੂੰ ਇੱਕ ਕਰਕੇ 'ਪਰਮਾਤਮ' ਰੂਪ ਬਣਾ ਦੇਣ ਦੀ ਸਮਰੱਥਾ ਹੈ । ਪਰੰਤੂ ਸੰਪਰਦਾਵਾਂ ਦਾ ਨਿਰਮਾਣ, ਭਰਮ-ਗਿਆਨੀਆਂ ਦੀ ਸ਼ਾਤਰ ਬੁੱਧੀ ਵਿੱਚੋਂ ਹੁੰਦਾ ਹੈ । ਪਰਮੇਸ਼ਰ ਨੇ ਤਾਂ ਕੇਵਲ ਇੱਕ ਹੀ ਰਸਤਾ ਦੱਸਿਆ ਹੈ ਜਿਹੜਾ ਕਿ ਉਸ (ਪਰਮੇਸ਼ਰ) ਤੱਕ ਲੈ ਜਾਣ ਵਿੱਚ ਸਮਰੱਥ ਹੈ । ਬਾਕੀ ਭਰਮ-ਗਿਆਨੀਆਂ ਦੁਆਰਾ ਦੱਸੀਆਂ ਹੋਈਆਂ ਸਭ ਮੱਤਾਂ (ਸੰਪਰਦਾਵਾਂ) ਲਈ ਗੁਰਬਾਣੀ ਅੰਦਰ ਭਗਤ ਕਬੀਰ ਜੀ ਦਾ ਗਉੜੀ ਗੁਆਰੇਰੀ ਰਾਗ ਵਿੱਚ ਫ਼ੁਰਮਾਨ ਇਉਂ ਦਰਜ ਹੈ,

ਫਾਸਨ ਕੀ ਬਿਧਿ ਸਭੁ ਕੋਊ ਜਾਨੈ ਛੂਟਨ ਕੀ ਇਕੁ ਕੋਈ ॥
ਕਹਿ ਕਬੀਰ ਰਾਮੁ ਰਿਦੈ ਬਿਚਾਰੈ ਸੂਤਕੁ ਤਿਨੈ ਨ ਹੋਈ ॥ (ਪੰਨਾ ੩੩੧)

ਉਪਰੋਕਤ ਕਥਨ ਤੋਂ ਇਹ ਸਪਸ਼ਟ ਹੁੰਦਾ ਹੈ ਕਿ ਸੰਸਾਰ ਵਿੱਚ ਪਰਮੇਸ਼ਰ ਦੀ ਪ੍ਰਾਪਤੀ ਲਈ ਭਾਵੇਂ ਕਿੰਨੀਆਂ ਵੀ ਮੱਤਾਂ (ਸੰਪਰਦਾਵਾਂ) ਹਨ ਜਾਂ ਭਾਵੇਂ ਕਿੰਨੀਆਂ ਵੀ ਹੋਰ ਕਿਉਂ ਨਾ ਹੋ ਜਾਣ ਪਰ ਇਸ ਭਵ-ਸਾਗਰ ਵਿੱਚੋਂ ਛੁਟਕਾਰਾ ਕਰਾਉਣ ਵਾਲੀ ਕੇਵਲ ਇੱਕੋ-ਇੱਕ ਬਿਧਿ ਗੁਰਮਤਿ ਅੰਦਰ ਦਰਜ ਹੈ, ਜਿਸ ਨੂੰ ਕਿ ਪਰਮੇਸ਼ਰ ਜੀ ਨੇ ਭਗਤ ਸਾਹਿਬਾਨ ਪਾਸੋਂ ਆਪ ਉਚਾਰਨ ਕਰਵਾਇਆ ਹੈ । ਇਹ ਕਹਿਣਾ ਅਗਿਆਨਤਾ ਹੈ ਕਿ ਸਾਰੇ 'ਧਾਰਮਕ ਮੱਤ' ਬਰਾਬਰ ਹਨ । ਭਾਵੇਂ ਕੁਝ ਗੱਲਾਂ ਉੱਪਰ ਇਨ੍ਹਾਂ ਸਾਰੀਆਂ ਮੱਤਾਂ (ਸੰਪਰਦਾਵਾਂ) ਦਾ ਮੇਲ ਜਰੂਰ ਹੈ ਪਰ ਸਚੁ ਨੂੰ ਪ੍ਰਤੱਖ ਰੂਪ ਵਿੱਚ ਸਮਝਾ (ਦਰਸਾ) ਦੇਣ ਦੇ ਮਾਮਲੇ 'ਚ ਗੁਰਬਾਣੀ ਹੀ ਪੂਰਨ ਸਮਰੱਥ ਹੈ ।
                                                            ਖਾਲਸੇ ਵਿੱਚ ਜਥੇਦਾਰੀਆਂ ਪੁਰਾਤਨ ਸਮੇਂ ਤੋਂ ਹੀ ਪ੍ਰਚੱਲਤ ਹਨ । ਜਥੇਦਾਰ, ਜਥੇਬੰਦੀ ਦੇ ਆਗੂਆਂ ਨੂੰ ਹੀ ਆਖਿਆ ਜਾਂਦਾ ਸੀ । ਗੁਰੁ ਨਾਨਕ ਸਾਹਿਬ ਤੋਂ ਪਹਿਲਾਂ ਭਗਤਾਂ ਦੇ ਸਮੇਂ ਜਾਂ ਉਸ ਤੋਂ ਵੀ ਪਹਿਲਾਂ ਕਿਸੇ ਅਜਿਹੀ ਜਥੇਬੰਦੀ ਦਾ ਕੋਈ ਜਿਕਰ ਨਹੀਂ ਮਿਲਦਾ, ਜਿਹੜੀ ਕਿ ਸਚੁ ਧਰਮ ਦੀ 'ਝੰਡਾ ਬਰਦਾਰ' ਹੋਵੇ । ਇਸੇ ਲਈ ਭਗਤਾਂ ਤੋਂ ਝੱਟਪੱਟ ਬਾਅਦ ਉਸ ਲਹਿਰ ਦਾ, ਜਿਸ ਨੂੰ ਕਿ ਭਗਤਾਂ ਦੁਆਰਾ ਚਲਾਇਆ ਗਿਆ ਸੀ, ਵਿਰੋਧੀਆਂ ਦੁਆਰਾ ਭੋਗ ਪਾ ਦਿੱਤਾ ਗਿਆ । ਅਸਲ ਵਿੱਚ ਜਦੋਂ-ਜਦੋਂ ਵੀ ਸਚੁ ਧਰਮ ਦੀ ਲਹਿਰ ਪ੍ਰਗਟ ਹੋਇਆ ਕਰਦੀ ਹੈ, ਉਦੋਂ-ਉਦੋਂ ਹੀ ਸੰਸਾਰ ਵਿੱਚ ਪ੍ਰਚਾਰੀਆਂ ਜਾ ਰਹੀਆਂ ਦੂਸਰੀਆਂ ਮੱਤਾਂ ਵੱਲੋਂ ਇਸ ਦਾ ਵਿਰੋਧ ਸ਼ੁਰੂ ਹੋ ਜਾਂਦਾ ਹੈ । ਕੋਈ ਵੀ ਅਨਮੱਤੀਆ ਆਪਣੀ ਮੱਤ ਦੀ ਕਮੀ ਨੂੰ ਦੂਰ ਕਰਨ ਦੀ ਥਾਂ, ਸਚੁ ਧਰਮ ਦਾ ਵਿਰੋਧ ਕਰਨ ਵਿੱਚ ਹੀ ਆਪਣਾ ਭਲਾ ਸਮਝਦਾ ਹੈ । ਹਰ ਕੋਈ ਆਪਣੀ ਮੱਤ ਨੂੰ ਸਹੀ ਸਿੱਧ ਕਰਨ ਲਈ ਆਪਣੀ ਪੂਰੀ ਵਾਹ ਲਾਉਂਦਾ ਹੈ । ਸਚੁ ਧਰਮ ਦੇ ਪ੍ਰਚਾਰ ਦਾ ਜੋਰ ਜਿਆਦਾ ਵੱਧ ਜਾਣ ਦੀ ਸੂਰਤ ਵਿੱਚ, ਇਹ ਸਾਰੇ ਅਨਮੱਤੀਏ ਆਪਾ-ਵਿਰੋਧ ਭੁਲਾ ਕੇ ਇਸ ਸੱਚੀ ਮੱਤ ਦੇ ਦੁਸ਼ਮਣ ਬਣ ਜਾਇਆ ਕਰਦੇ ਹਨ ।
                                                                                 ਸਚੁ ਧਰਮ ਦੀ ਇਸ ਮੱਤ ਵੱਲੋਂ ਚਲਾਈ ਗਈ "ਗਿਆਨ ਕੀ ਆਂਧੀ" ਸਾਹਮਣੇ ਇਨ੍ਹਾਂ ਮੱਤਾਂ ਦਾ ਆਪਣਾ ਵਜੂਦ ਤਹਿਸ-ਨਹਿਸ ਹੋਇਆ ਨਜ਼ਰ ਆਉਣ ਲੱਗ ਪੈਂਦਾ ਹੈ । ਇਸੇ ਲਈ ਗੁਰੂ-ਘਰ ਵੱਲੋਂ ਸਚੁ ਧਰਮ ਦੇ ਝੰਡਾ ਬਰਦਾਰ "ਖਾਲਸੇ" ਨੂੰ ਜਥੇਬੰਦ ਕਰਨ ਹਿੱਤ ਮੁਹਿੰਮ ਵਿੱਢੀ ਗਈ ਸੀ ।
          ਗੁਰੂ-ਘਰ ਦੀ ਚੜ੍ਹਦੀ ਕਲਾ ਦੇਖ ਕੇ ਛੇਵੇਂ ਪਾਤਸ਼ਾਹ ਗੁਰ ਹਰਿਗੋਬਿੰਦ ਸਾਹਿਬ ਜੀ ਨੂੰ ਅਨਮੱਤੀਆਂ ਵੱਲੋਂ ਚਾਰ ਯੁੱਧ ਲੜਨ ਲਈ ਮਜ਼ਬੂਰ ਕੀਤਾ ਗਿਆ । ਭਾਵੇਂ ਇਨ੍ਹਾਂ ਚਾਰਾਂ ਯੁੱਧਾਂ ਵਿੱਚ ਫ਼ਤਹਿ ਛੇਵੇਂ ਪਾਤਸ਼ਾਹ ਜੀ ਦੀ ਹੀ ਹੋਈ, ਪਰ ਉਨ੍ਹਾਂ ਨੇ ਕਦੇ ਵੀ ਹਾਰ ਖਾ ਕੇ ਭੱਜਣ ਵਾਲਿਆਂ ਦਾ ਪਿੱਛਾ ਨਹੀਂ ਕੀਤਾ ਕਿਉਂਕਿ ਗੁਰੂ-ਘਰ ਦੀ ਲੜਾਈ ਨਾ ਤਾਂ ਸੰਸਾਰੀ ਰਾਜ ਲਈ ਸੀ ਅਤੇ ਨਾ ਹੀ ਕਿਸੇ ਹੋਰ ਲਾਲਚ ਵੱਸ । ਗੁਰੂ-ਘਰ ਦੀ ਲੜਾਈ ਤਾਂ ਸਚੁ ਧਰਮ 'ਤੇ ਹਮਲਾ ਕਰਨ ਵਾਲਿਆਂ ਵਿਰੁੱਧ, ਆਪਨੇ ਬਚਾਅ ਲਈ ਹੀ ਸੀ । ਸਚੁ ਧਰਮ ਦੇ ਝੰਡਾ ਬਰਦਾਰਾਂ ਨੂੰ ਕਿਸੇ ਉੱਤੇ ਹਮਲਾ ਕਰਨ ਦੀ ਆਗਿਆ ਨਹੀਂ । ਉਨ੍ਹਾਂ ਦੀ ਤਲਵਾਰ ਤਾਂ ਹੱਕ ਸਚੁ ਦਾ ਘਾਣ ਕਰਨ ਵਾਲੇ ਜਰਵਾਣਿਆਂ ਦੇ ਖਿਲਾਫ਼ ਹੀ ਉਠ ਸਕਦੀ ਹੈ । ਮਜਲੂਮ ਦੀ ਰਾਖੀ ਕਰਨਾ ਅਤੇ ਸਚੁ 'ਤੇ ਪਹਿਰਾ ਦੇਣਾ ਇਸ "ਪੰਥ ਖਾਲਸੇ" ਦੇ ਪੰਥੀਆਂ ਦਾ ਧਰਮ ਹੈ । ਇਸੇ ਲਈ ਕਸ਼ਮੀਰੀ ਪੰਡਤਾਂ ਦੇ ਵਿਰਲਾਪ ਸੁਣ ਕੇ ਨੌਵੇਂ ਪਾਤਸ਼ਾਹ ਗੁਰ ਤੇਗ ਬਹਾਦੁਰ ਸਾਹਿਬ ਜੀ ਨੇ ਦਿੱਲੀ ਦੀ ਹਕੂਮਤ ਨਾਲ ਟੱਕਰ ਲੈ ਕੇ ਆਪਣਾ ਬਲਿਦਾਨ ਦੇ ਦਿੱਤਾ ।
                                                 ਜਦੋਂ ਦਸਮ ਪਾਤਸ਼ਾਹ ਜੀ ਦੇ ਸਮੇਂ ਖਾਲਸੇ ਦੀ ਚੜ੍ਹਦੀ ਕਲਾ ਸਿਖਰਾਂ ਛੂਹ ਰਹੀ ਸੀ ਅਤੇ ਉਨ੍ਹਾਂ ਨੇ ਚਾਰ ਵਰਨਾਂ ਨੂੰ ਇੱਕੋ ਬਾਟੇ ਵਿੱਚ ਖੰਡੇ ਦੀ ਪਾਹੁਲ ਛਕਾ ਦਿੱਤੀ ਤਾਂ ਇਨ੍ਹਾਂ ਬ੍ਰਾਹਮਣਾਂ ਦੇ ਹਿਰਦੇ ਦਹਿਲ ਗਏ । ਇਨ੍ਹਾਂ ਨੇ ਝੱਟਪਟ ਮੌਲਾਣਿਆਂ ਨਾਲ ਮਿਲ ਕੇ ਸਚੁ ਧਰਮ ਨੂੰ ਖਤਮ ਕਰ ਦੇਣ ਦੀਆਂ ਵਿਉਂਤਾਂ ਬਨਾਉਣੀਆਂ ਆਰੰਭ ਕਰ ਦਿੱਤੀਆਂ । ਬਾਈ-ਧਾਰੀਏ ਰਾਜਪੂਤ ਰਾਜੇ, ਜਿਹੜੇ ਕਿ ਇਨ੍ਹਾਂ ਬ੍ਰਾਹਮਣਾਂ ਦੇ ਚੇਲੇ ਸਨ, ਦਸਮ ਪਾਤਸ਼ਾਹ ਜੀ ਦੇ ਵੈਰੀ ਬਣ ਗਏ । ਪਾਉਂਟਾ ਸਾਹਿਬ ਦੀ ਲੜਾਈ ਵਿੱਚ ਹਾਰ ਖਾਣ ਤੋਂ ਬਾਅਦ ਇਨ੍ਹਾਂ ਰਾਜਿਆਂ ਨੂੰ ਯਕੀਨ ਹੋ ਗਿਆ ਕਿ ਅਸੀਂ ਇਕੱਲੇ, ਇਸ ਸਚੁ ਧਰਮ ਦੇ ਪ੍ਰਚਾਰ ਦਾ ਮੂੰਹ ਬੰਦ ਕਰ ਦੇਣ ਵਿੱਚ ਕਾਮਯਾਬ ਨਹੀਂ ਹੋ ਸਕਦੇ । ਇਸ ਲਈ ਦਿੱਲੀ ਦੇ ਸਮਰਾਟ ਔਰੰਗਜੇਬ ਪਾਸੋਂ ਮੱਦਦ ਮੰਗੀ ਗਈ । ਉਸ ਤੋਂ ਬਾਅਦ ਅਨੰਦਪੁਰ ਸਾਹਿਬ ਨੂੰ ਘੇਰਾ ਪਾ ਲਿਆ ਗਿਆ, ਫਿਰ ਵਿ ਕਾਮਯਾਬੀ ਹੱਥ ਲੱਗਦੀ ਨਜ਼ਰ ਨਾ ਆਈ ਤਾਂ ਆਟੇ ਦੀ ਗਊ ਬਣਾ ਕੇ ਕਸਮਾਂ ਖਾਣ ਦਾ ਫਰੇਬ ਵੀ ਕੀਤਾ ਗਿਆ । ਕਿਲ੍ਹਾ ਛੱਡਣ ਉਪਰੰਤ ਜਿਸ ਤਰੀਕੇ ਨਾਲ, ਇਨ੍ਹਾਂ ਅਨਮੱਤੀਆਂ ਵੱਲੋਂ ਸਚੁ ਧਰਮ ਦਾ ਖੁਰਾ-ਖੋਜ ਮਿਟਾ ਦੇਣ ਲਈ, ਧੋਖਾ ਕੀਤਾ ਗਿਆ, ਉਹ ਕਿਸੇ ਕੋਲੋਂ ਵੀ ਲੁਕਿਆ ਹੋਇਆ ਨਹੀਂ ਹੈ । ਕਹਿਣ ਤੋਂ ਭਾਵ ਇਹ ਹੈ ਕਿ ਨੌਵੇਂ ਪਾਤਸ਼ਾਹ ਦੀ ਸ਼ਹਾਦਤ ਤੋਂ ਤੀਹ-ਬੱਤੀ ਸਾਲ ਦੇ ਅੰਦਰ-ਅੰਦਰ ਹੀ ਉਹ ਕਿਹੜੇ ਕਾਰਨ ਸਨ, ਜਿਨ੍ਹਾਂ ਕਰਕੇ ਇਹ 'ਬਾਈਧਾਰ ਦੇ ਹਿੰਦੂ ਰਾਜੇ', ਉਸੇ ਪਾਤਸ਼ਾਹ ਦੇ ਖਾਨਦਾਨ ਦਾ ਖੁਰਾ-ਖੋਜ ਮਿਟਾ ਦੇਣ ਲਈ ਚਿੰਤਾਤੁਰ ਹੋ ਗਏ, ਜਿਸ ਪਾਤਸ਼ਾਹ ਨੇ ਇਨ੍ਹਾਂ ਨੂੰ ਮੁਸਲਮਾਨ ਹੋਣੋਂ ਬਚਾਇਆ ਸੀ । ਗੁਰੂ-ਘਰ ਵੱਲੋਂ ਪੱਥਰ-ਪੂਜਾ ਦੀ ਇਤਨੀ ਤੀਬਰ ਵਿਰੋਧਤਾ ਪਹਿਲੇ ਪਾਤਸ਼ਾਹ ਵੇਲੇ ਕਦੇ ਨਹੀਂ ਸੀ ਹੋਈ, ਜਿਤਨੀ ਕਿ ਦਸਮ ਪਾਤਸ਼ਾਹ ਵੇਲੇ ਹੋਣ ਲੱਗ ਪਈ ਸੀ, ਜਿਹੜੀ ਕਿ ਪਹਾੜੀ ਰਾਜਿਆਂ ਅਤੇ ਉਨ੍ਹਾਂ ਦੇ ਮੋਹਰੀ/ਆਗੂ ਪੰਡਿਤਾਂ ਨੂੰ ਅਤਿ ਕੌੜੀ ਲੱਗਦੀ ਸੀ । ਮੁਸਲਮਾਨ ਧਰਮ ਦੇ ਵੀ ਬਹੁਤ ਸਾਰੇ ਫਕੀਰ ਗੁਰੂ-ਘਰ ਉੱਪਰ ਭਰੋਸਾ ਕਰਨ ਲੱਗ ਪਏ ਸਨ, ਜਿਸ ਕਰਕੇ ਮੌਲਾਣੇ ਭੀ ਦਿਨੋ-ਦਿਨ ਚਿੰਤਤ ਹੁੰਦੇ ਜਾ ਰਹੇ ਸਨ । ਇਹੀ ਕਾਰਨ ਸੀ ਦਸਮ ਪਾਤਸ਼ਾਹ ਤੋਂ ਬਾਅਦ ਇਸ ਸਚੁ ਧਰਮ ਉੱਤੇ ਕਹਿਰ ਢਾਹੇ ਜਾਣ ਦਾ । ਉਸ ਵੇਲੇ ਦੇ ਹਿੰਦੂਆਂ ਨੂੰ ਤਾਂ ਮੁਸਲਮਾਨਾਂ ਨਾਲੋਂ ਵੀ ਵਧੇਰੇ ਖਤਰਾ ਦਿਖਾਈ ਦੇ ਰਿਹਾ ਸੀ । ਇਸੇ ਲਈ ਉਨ੍ਹਾਂ ਨੇ ਮੁਗਲ ਹਕੂਮਤ ਨਾਲ ਮਿਲ ਕੇ ਇਸ ਸਚੁ ਧਰਮ ਦੇ ਪ੍ਰਚਾਰ ਦਾ ਖੁਰਾ-ਖੋਜ ਮਿਟਾ ਦੇਣ ਦੀਆਂ ਵਿਉਂਤਾਂ ਘੜਨੀਆਂ ਜਾਰੀ ਰੱਖੀਆਂ । ਖਾਲਸੇ ਨੂੰ ਘਰ-ਬਾਰ ਛੱਡ ਕੇ ਜੰਗਲਾਂ ਵਿੱਚ ਦਿਨ ਕਟੀ ਕਰਨ ਲਈ ਮਜਬੂਰ ਹੋਣਾ ਪਿਆ, ਪਰ ਉਨ੍ਹਾਂ ਨੇ ਸਚੁ ਧਰਮ ਨਾਲੋਂ ਆਪਣਾ ਨਾਤਾ ਨਹੀਂ ਤੋੜਿਆ ।
                              ਅੱਜ ਸਾਡੇ ਕੋਲ ਸਿੱਖੀ ਦੇ ਪ੍ਰਚਾਰ ਦਾ ਵਿਗੜਿਆ ਹੋਇਆ ਸਰੂਪ, ਉੱਪਰ ਦੱਸੇ ਗਏ ਇਤਿਹਾਸ ਦੀ ਹੀ ਦੇਣ ਹੈ । ਇਹ ਸਭ ਕੁਝ ਲਿਖਣ ਦਾ ਮਤਲਬ ਇਹ ਹੈ ਕਿ ਸਿੱਖ ਰਾਜ ਹੋਣ ਦੇ ਬਾਵਜੂਦ ਵੀ ਅਸੀਂ ਅੱਜ ਤੱਕ ਗੁਰਮਤਿ ਵਿੱਚ ਦਰਸਾਏ ਗਏ ਪੰਥ ਨੂੰ ਪਛਾਣ ਲੈਣ ਵਿੱਚ ਅਸਮਰੱਥ ਰਹੇ ਹਾਂ, ਜਿਸ ਕਾਰਨ ਸਾਨੂੰ ਹੁਣ ਵੀ ਗੁਰੂ-ਘਰ ਦੇ ਕੁਝ ਦੋਖੀ, 'ਕੇਸਾਧਾਰੀ-ਹਿੰਦੂ' ਆਖ ਕੇ ਚਿੜਾ ਰਹੇ ਹਨ । ਅਸੀਂ ਇਹ ਮੰਨਦੇ ਹਾਂ ਕਿ ਗੁਰਬਾਣੀ ਦੇ ਬਹੁਤੇ (ਸਾਰੇ) ਟੀਕੇ ਸਾਨੂੰ ਬਿਪਰਵਾਦ ਦੀਆਂ ਲੀਹਾਂ ਉੱਪਰ ਹੀ ਤੋਰੀ ਜਾ ਰਹੇ ਹਨ । ਜਿਨ੍ਹਾਂ ਲੋਕਾਂ ਨੇ ਪਿਛਲੇ ਸਮੇਂ ਗੁਰਬਾਣੀ ਨੂੰ ਅਰਥਾਇਆ ਜਾਂ ਅਰਥਾਉਣ ਵਾਲਿਆਂ ਨਾਲ ਸਹਿਯੋਗ ਦਿੱਤਾ, ਉਨ੍ਹਾਂ 'ਚੋਂ ਬਹੁਤਿਆਂ ਦਾ ਮੰਤਵ ਹੀ ਕਾਸ਼ੀ-ਮੱਤ ਅਤੇ ਸਿੱਖ ਮੱਤ ਨੂੰ ਰਲਗੱਡ ਕਰ ਦੇਣ ਦਾ ਸੀ ।
                                                                                       ਇੱਥੇ ਇਹ ਗੱਲ ਦੱਸਣੀ ਵੀ ਜ਼ਰੂਰੀ ਬਣਦੀ ਹੈ ਕਿ ਉਹ ਅਖੌਤੀ ਸਿੱਖ ਰਾਜੇ, ਜਿਹੜੇ ਕਿ ਪੰਥ ਖਾਲਸੇ ਦੇ ਸਰਬ-ਰਾਹ ਬਣੇ ਹੋਏ ਸਨ, ਉਹ ਆਪਣੀਆਂ ਸਿਆਸੀ ਮਜਬੂਰੀਆਂ ਕਾਰਨ ਗੁਰਮਤਿ ਦੇ ਦੋਖੀਆਂ ਨਾਲ ਅੰਦਰ-ਖਾਤੇ ਮਿਲੇ ਹੋਏ ਸਨ ਕਿਉਂਕਿ ਉਨ੍ਹਾਂ ਨੂੰ ਗੁਰਮਤਿ ਦੇ ਪ੍ਰਚਾਰ ਨਾਲੋਂ ਆਪਣੀਆਂ ਗੱਦੀਆਂ ਦੀ ਵਧੇਰੇ ਚਿੰਤਾ ਸੀ । ਪੋਥੀ ਸਾਹਿਬ ਜੀ ਦੀ ਬਾਣੀ ਵਿੱਚ ਰਲਾ ਪਾ ਦੇਣ ਦੀ ਹਿੰਮਤ ਤਾਂ ਉਨ੍ਹਾਂ ਵਿੱਚ ਨਹੀਂ ਸੀ ਪਰ ਉਨ੍ਹਾਂ ਨੇ ਅਖੌਤੀ ਸਿੱਖ ਬ੍ਰਾਹਮਣਾਂ ਕੋਲੋਂ ਗੁਰਬਾਣੀ ਨੂੰ ਇਸ ਢੰਗ ਨਾਲ ਅਰਥਾਉਣ ਦੀ ਸਾਜਿਸ਼ ਰਚੀ, ਜਿਸ ਨਾਲ "ਸਿੱਖ ਮੱਤ" ਦਾ ਸਰੂਪ, "ਹਿੰਦੂ ਮੱਤ" ਜਿਹਾ ਹੀ ਲੱਗਣ ਲੱਗ ਪਿਆ । ਬਿਪਰਵਾਦੀ ਸੋਚ ਵਾਲਿਆਂ ਨੇ ਆਪਣੀ ਸ਼ਾਤਰ-ਬੁੱਧੀ ਨਾਲ ਅਜਿਹੀਆਂ ਸਾਖੀਆਂ ਘੜ ਕੇ ਗੁਰਮਤਿ ਨਾਲ ਜੋੜ ਦਿੱਤੀਆਂ, ਜਿਨ੍ਹਾਂ ਨੂੰ ਸਮਝ ਲੈਣਾ, ਸਧਾਰਨ ਵਿਦਵਾਨਾਂ ਦੇ ਵੱਸ ਤੋਂ ਬਾਹਰ ਦੀ ਗੱਲ ਬਣੀ ਹੋਈ ਹੈ ।


:~ ਧਰਮ ਸਿੰਘ ਨਿਹੰਗ ਸਿੰਘ ~:

Gurmat Vs Varaan Bhai Gurdas Jee

ਗੁਰੁ ਕੁੰਜੀ ਪਾਹੂ ਨਿਵਲੁ ਮਨੁ ਕੋਠਾ ਤਨੁ ਛਤਿ ॥ ਨਾਨਕ ਗੁਰ ਬਿਨੁ ਮਨ ਕਾ ਤਾਕੁ ਨ ਉਘੜੈ ਅਵਰ ਨ ਕੁੰਜੀ ਹਥਿ ॥੧॥ ਬਾਣੀ: ਸਾਰੰਗ ਕੀ ਵਾਰ ਰਾਗੁ: ਰਾਗੁ ਸਾਰਗ, ਮਹਲਾ...