October 30, 2013

Aastik Naastk Gurmati Dristikon


  ਆਸਤਿਕ -ਨਾਸਤਿਕ : ਗੁਰਮਤਿ ਦ੍ਰਿਸ਼ਟੀਕੋਣ 
     

ਗੁਰਮਤਿ ਤੋਂ ਬਿਨ੍ਹਾਂ ਕਿਸੇ ਵੀ ਦੂਸਰੀ ਮੱਤ ਦੁਆਰਾ ਸੱਚ ਤੱਕ ਪਹੁੰਚਣ ਦੀ ਸਮਰੱਥਾ ਨਹੀਂ ਹੈ । ਇਸੇ ਲਈ ਗੁਰਮਤਿ ਨੇ ਇਨ੍ਹਾਂ ਮੱਤਾਂ ਨੂੰ ਮਨਮੱਤਾਂ ਆਖ ਕੇ ਇਨ੍ਹਾਂ ਨੂੰ ਜਮ-ਜਾਲ ਵਿੱਚ ਫਸਾਈ (ਫਾਸਨ ਕੀ ਬਿਧਿ ਸਭੁ ਕੋਊ ਜਾਨੈ ਛੂਟਨ ਕੀ ਇਕੁ ਕੋਈ ॥ ਗਉੜੀ (ਭ. ਕਬੀਰ) ਗੁਰੂ ਗ੍ਰੰਥ ਸਾਹਿਬ - ਅੰਗ ੩੩੧) ਰੱਖਣ ਵਾਲੀਆਂ ਹੀ ਮੰਨਿਆ ਹੈ ਜਦਕਿ ਇਨ੍ਹਾਂ ਮੱਤਾਂ ਵਾਲਿਆਂ ਨੇ ਸੱਚ ਦੇ ਖੋਜੀਆਂ ਨੂੰ ਭੀ ਨਾਸਤਿਕ (ਕੁਰਾਹੀਏ) ਆਖ ਦਿੱਤਾ । ਮਨਮੱਤਾਂ ਦੇ ਪ੍ਰਚਾਰਕਾਂ ਨੇ ਆਪਣੀ ਮੱਤ ਨਾਲ ਸਹਿਮਤੀ ਰੱਖਣ ਵਾਲਿਆਂ ਨੂੰ ਆਸਤਿਕ ਅਤੇ ਅਸਹਿਮਤੀ ਪ੍ਰਗਟਾਉਣ ਵਾਲਿਆਂ ਨੂੰ ਨਾਸਤਿਕ ਦੀ ਸੰਗਿਆ ਦੇ ਦਿੱਤੀ ।


                                                                            ਆਸਤਿਕ ਅਤੇ ਨਾਸਤਿਕ, ਬ੍ਰਾਹਮਣੀ ਮੱਤ ਅਨੁਸਾਰ ਆਪਾ-ਵਿਰੋਧੀ ਅਰਥ ਰੱਖਦੇ ਹਨ । ਬ੍ਰਾਹਮਣ ਦੀ ਵਿਚਾਰਧਾਰਾ ਨਾਲ ਅਸਹਿਮਤੀ ਪ੍ਰਗਟਾਉਣ ਵਾਲੇ ਜਾਂ ਸ਼ਾਸਤਰਾਂ ਵਿੱਚਲੇ ਝੂਠ ਨੂੰ ਤਰਕਾਂ ਰਾਹੀਂ ਝੁਠਲਾਉਣ ਵਾਲੇ ਨੂੰ ਬ੍ਰਾਹਮਣਾਂ ਨੇ ਨਾਸਤਿਕ ਪ੍ਰਚਾਰਿਆ ਹੈ ਪਰ ਗੁਰਮਤਿ, ਜਿਹੜੀ ਕਿ ਸੱਚ ਦੀ ਜਾਣਕਾਰੀ ਕਰਾਉਣ ਵਿੱਚ ਸਮਰੱਥ ਹੈ, ਇਨ੍ਹਾਂ ਦੋਹਾਂ ਲਫਜਾਂ (ਆਸਤਿਕ ਅਤੇ ਨਾਸਤਿਕ) ਨੂੰ ਇਕੋ ਜਿਹੇ ਅਰਥਾਂ ਵਿੱਚ ਹੀ ਰੱਖਦੀ ਹੈ ਕਿਉਂਕਿ ਸੱਚ ਨਾਲ ਇਨ੍ਹਾਂ ਦੋਵਾਂ ਦਾ ਕੋਈ ਸਰੋਕਾਰ ਨਹੀਂ ਹੈ । ਇਸ ਲਈ ਗੁਰਮਤਿ ਨੇ ਇਨ੍ਹਾਂ ਦੋਵਾਂ ਸ਼ਬਦਾਂ ਵਿੱਚਲੀ ਭਾਵਨਾ ਨੂੰ ਦਰਸਾਉਣ ਲਈ ਦੋ ਨਵੇਂ ਲਫਜ਼ ਗੁਰਮੁਖ ਅਤੇ ਮਨਮੁਖ ਘੜ ਲਏ, ਗੁਰਮਤਿ ਨੇ ਗੁਰਮੁਖ ਨੂੰ ਗੁਰੂ-ਪ੍ਰਮੇਸ਼ਰ ਨਾਲ ਜੁੜਿਆਂ ਹੋਇਆਂ ਨੂੰ ਮੰਨਿਆ ਅਤੇ ਮਨਮੁਖ ਲਫਜ਼ ਉਨ੍ਹਾਂ ਦੋਹਾਂ ਲਈ ਵਰਤਿਆ ਜਿਨ੍ਹਾਂ ਲਈ ਬ੍ਰਾਹਮਣ ਨੇ ਆਸਤਿਕ ਅਤੇ ਨਾਸਤਿਕ ਵਰਤਿਆ ਸੀ । ਮਨਮੁਖ ਆਪਣੇ ਅੰਦਰੋਂ ਉੱਠੇ ਫੁਰਨਿਆਂ ਅਨੁਸਾਰ ਜੀਵਨ ਬਤੀਤ ਕਰਦਾ ਹੈ, ਪਰ ਗੁਰਮੁਖ ਸਤਗੁਰ ਦੇ ਭਾਣੇ ਅੰਦਰ ਜੀਉਂਦਾ ਹੈ ।
                                                            ਗੁਰਮਤਿ ਅਨੁਸਾਰ ਸਤਗੁਰ ਸਭ ਦੇ ਅੰਦਰ ਹੈ ਉਸ ਤੋਂ ਖਾਲੀ ਕੋਈ ਨਹੀਂ ਹੈ ਪਰ ਪਹਿਲੀ ਅਵਸਥਾ ਵਿੱਚ ਅਸੀਂ ਸ਼ਬਦ-ਗੁਰੂ (ਗੁਰਬਾਣੀ) ਦੇ ਅੰਦਰ ਰਹਿ ਕੇ ਹੀ ਅਗਲੀ ਸੋਝੀ ਪ੍ਰਾਪਤ ਕਰਨੀ ਹੁੰਦੀ ਹੈ । ਇਸ ਲਈ ਸ਼ੁਰੂ ਵਚ ਗੁਰਬਾਣੀ ਹੀ ਸਾਡੇ ਲਈ ਪਰਮੇਸ਼ਰ ਦਾ ਹੁਕਮ ਹੈ । ਇਸ ਅਨੁਸਾਰ ਜੀਵਨ ਬਤੀਤ ਕਰਕੇ ਅਸੀਂ ਅੰਦਰਲੇ ਨਿਰਾਕਾਰੀ ਸ਼ਬਦ-ਗੁਰੂ ਨਾਲ ਇਕਮਿਕ ਹੋ ਸਕਦੇ ਹਾਂ ।
                         ਗੁਰਬਾਣੀ ਅੰਦਰ ਗੁਰਮੁਖ ਅਤੇ ਮਨਮੁਖ ਦਾ ਜ਼ਿਕਰ ਥਾਂ ਥਾਂ ਆਉਂਦਾ ਹੈ । ਆਸਤਿਕ ਅਤੇ ਨਾਸਤਿਕ ਦਾ ਜ਼ਿਕਰ ਗੁਰਬਾਣੀ ਵਿੱਚ ਜੇ ਕਿਤੇ ਆਇਆ ਵੀ ਹੈ, ਤਾਂ ਉਥੇ ਇਨ੍ਹਾਂ ਦੋਵਾਂ ਨੂੰ ਸਮ-ਅਰਥੀ ਰੂਪ ਦੇਣ ਵਾਸਤੇ ਹੀ ਆਇਆ ਹੈ, ਜਿਵੇਂ,

ਆਸਤਿ ਨਾਸਤਿ ਏਕੋ ਨਾਉ ॥
                          (ਪੰਨਾ ੯੫੩)

ਆਸਤਿਕ ਤੋਂ ਉਨ੍ਹਾਂ ਮੱਤਾਂ ਵਾਲਿਆ ਦਾ ਭਾਵ ਸੀ ਕਿ ਸਾਡੀ ਮੱਤ ਉਪਰ ਅੰਨ੍ਹੀ ਸ਼ਰਧਾ ਰੱਖਣ ਵਾਲਾ । ਜਿਸ ਮੱਤ ਨੇ ਆਪਣੇ ਮੰਨਣ ਵਾਲਿਆਂ ਨੂੰ ਅਤਿ ਦਰਜੇ ਦੇ ਲੋਭੀ ਬਣਾਇਆ ਹੋਵੇ ਅਤੇ ਇਸ ਮੱਤ ਦੇ ਧਾਰਨੀ ਹੋਣਾ ਸਵਾਰਥ ਸਿਧੀ ਹੀ ਉਨ੍ਹਾਂ ਦਾ ਨਿਸ਼ਾਨਾ ਹੋਵੇ ਐਸੇ ਆਸਤਿਕਾਂ ਨੂੰ ਨਾਸ਼ਵੰਤ (ਨਾਸਤਿਕ) ਨਾ ਕਿਹਾ ਜਾਂਦਾ ਤਾਂ ਹੋਰ ਕੀ ਮੰਨਿਆ ਜਾਂਦਾ ? ਇਸੇ ਲਈ ਨਾਸਤੀ (ਨਾਸਤਕ) ਅਤੇ ਆਸਤੀ (ਆਸਤਕ) ਸਮਾਰਥੀ ਹਨ ।
                          ਗੁਰਬਾਣੀ ਜਾਂ ਗੁਰਮੁਖੀ ਭਾਸ਼ਾ ਸੰਸਾਰੀ ਭਾਸ਼ਾ ਨਾਲੋਂ ਵੱਖਰੀ ਹੈ । ਗੁਰੂ ਗ੍ਰੰਥ ਸਾਹਿਬ ਵਿੱਚ ਆਏ ਬਹੁਤ ਸਾਰੇ ਸ਼ਬਦਾਂ (ਲਫਜਾਂ) ਦੇ ਅਰਥ, ਸੰਸਾਰ ਦੀਆਂ ਹੋਰਾਂ ਮੱਤਾਂ ਵਿੱਚ ਆਏ, ਉਨ੍ਹਾਂ ਹੀ ਲਫਜਾਂ ਦੇ ਅਰਥ, ਕਈ ਵਾਰ ਭਿੰਨ ਹਨ ਅਤੇ ਉਨ੍ਹਾਂ ਦੇ ਵੱਖਰੇ ਅਰਥ ਗੁਰਬਾਣੀ ਅੰਦਰ ਹੀ ਮੌਜੂਦ ਹਨ । ਹਿੰਦੂ ਮੱਤ ਦੇ ਕਾਫੀ ਸ਼ਬਦਾਂ ਨੂੰ ਗੁਰਮਤਿ ਨੇ ਨਵੇਂ ਅਰਥ ਦਿੱਤੇ ਹਨ । ਜਿਵੇਂ ਕਿ ਸਵਰਗ, ਪੁੰਨ-ਪਾਪ, ਜੰਮਣ-ਮਰਣ, ਬ੍ਰਹਮ, ਚਾਰੇ ਜੁਗ ਤੇ ਚਾਰਿ ਪਦਾਰਥ ਆਦਿਕ, ਪਰ ਇਥੇ ਅਸੀਂ ਕੇਵਲ ਇਕੋ ਉਦਾਹਰਣ ਹੀ ਦਿੰਦੇ ਹਾਂ ਜਿਵੇਂ : ਜੇ ਸਵਰਗ ਦੇ ਅੱਖਰੀ ਅਰਥ ਕਰੀਏ ਤਾਂ ਇਸ ਦੇ ਅਰਥ ਬਣਦੇ ਹਨ : "ਸਵੈ + ਘਰ = ਆਪਣਾ ਘਰ" ਗੁਰਮਤਿ ਨੇ ਸੁਰਗ ਲਫਜ਼ ਦੀ ਥਾਂ ਨਵਾਂ ਸ਼ਬਦ 'ਨਿਜ ਘਰ' ਵਰਤਿਆ ਹੈ ਤਾਂ ਕਿ ਭੁਲੇਖਾ ਪਾਊ ਸ਼ਕਤੀਆਂ ਤੋਂ ਬਚਿਆ ਜਾ ਸਕੇ, ਕਿਉਂਕਿ ਗੁਰਮਤਿ ਅਨੁਸਾਰ ਖੋਜ ਅੰਤਰਮੁਖੀ ਹੋਣ ਕਰਕੇ ਨਿਜ-ਘਰਿ (ਹਿਰਦਾ) ਆਪਣੇ ਅੰਦਰ ਹੀ ਹੈ, ਜਦ ਕਿ ਸਵਰਗ ਨੂੰ ਲੋਕ ਕਿਤੇ ਆਕਾਸ਼ਾਂ ਵਿਚ ਮੰਨੀ ਬੈਠੇ ਹਨ । ਗੁਰਬਾਣੀ ਵਿਚ ਪ੍ਰਮਾਣ ਹੈ,

     ਸਭਿ ਸਖੀਆ ਪੰਚੇ ਮਿਲੇ ਗੁਰਮੁਖਿ ਨਿਜ ਘਰਿ ਵਾਸੁ ॥
                          ਸਬਦੁ ਖੋਜਿ ਇਹੁ ਘਰੁ ਲਹੈ ਨਾਨਕੁ ਤਾ ਕਾ ਦਾਸੁ ॥੧॥                      
                                                            (ਪੰਨਾ ੧੨੯੧) 
   
    ਸਭ ਕਿਛੁ ਘਰ ਮਹਿ ਬਾਹਰਿ ਨਾਹੀ ॥
ਬਾਹਰਿ ਟੋਲੈ ਸੋ ਭਰਮਿ ਭੁਲਾਹੀ ॥
       ਗੁਰ ਪਰਸਾਦੀ ਜਿਨੀ ਅੰਤਰਿ ਪਾਇਆ
       ਸੋ ਅੰਤਰਿ ਬਾਹਰਿ ਸੁਹੇਲਾ ਜੀਉ ॥੧॥
                                        (ਪੰਨਾ ੧੦੨)~: ਧਰਮ ਸਿੰਘ ਨਿਹੰਗ ਸਿੰਘ :~

ਨੋਟ:- ਇਹ ਲੇਖ ਗੁਰਮਤਿ ਪ੍ਰਕਾਸ਼ ਮੈਗਜੀਨ ਜੋ ਸ੍ਰੋਮਣੀ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਵਲੋਂ ਮਹੀਨਾਵਾਰ ਪ੍ਰਕਾਸ਼ਿਤ ਹੁੰਦੀ ਹੈ ਵਿੱਚ 'ਨਵੰਬਰ ੨੦੦੦' ਵਿੱਚ ਛੱਪ ਚੁੱਕਾ ਹੈ ।Press Release | One God – One Religion – One Human Family: Distinguished religious representatives, human rights activists, scholars and farmers join hands to launch the initiative “Strengthening Unity, Peace and Justice”

Punjabi:  https://sachkhojacademy.wordpress.com/2018/08/12/press-release-seminar-unity-peace-justice-panjabi/ Chandigarh, Panjab, India:...