October 3, 2013

Jawaab - Ki Gurgadi Gurbani Guru Giaan Noon Nahi Milee?

ਜਵਾਬ - ਕੀ ਗੁਰਗੱਦੀ ਗੁਰਬਾਣੀ ਗੁਰੂ ਗਿਆਨ ਨੂੰ ਨਹੀਂ ਮਿਲੀ?

ਇਸ ਲੇਖ ਦਾ ਸਿਰਲੇਖ ਹੀ ਆਪਣੇ ਆਪ ਵਿੱਚ ਸਵਾਲ ਹੈ । ਸਵਾਲ ਇਹ ਬਣਦਾ ਹੈ ਕਿ ਗੁਰਗੱਦੀ ਗਿਆਨ ਗੁਰੂ ਨੂੰ ਨਹੀਂ ਮਿਲੀ ? ਭਾਵ ਗੁਰਗੱਦੀ ਗੁਰਬਾਣੀ ਜਾਂ ਗੁਰ ਗਿਆਨ ਨੂੰ ਨਹੀਂ ਮਿਲੀ ? ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਗੁਰਬਾਣੀ ਜਾਂ ਗੁਰ ਗਿਆਨ ਦੋਵੇਂ ਇੱਕ ਹਨ ਜਾਂ ਦੋ ?
                                  ਜਿਨ੍ਹਾਂ ਨੇ ਗੁਰਬਾਣੀ ਨੂੰ ਸਮਝ ਨਾਲ ਅਤੇ ਜਾਗਰੂਕ ਹੋ ਕੇ ਵਿਚਾਰਿਆ ਹੈ ਉਨ੍ਹਾਂ ਦੀ ਨਜਰ ਵਿੱਚ ਗੁਰਬਾਣੀ ਅਤੇ ਗੁਰਬਾਣੀ ਦਾ ਗਿਆਨ ਦੋ ਅਲੱਗ-ਅਲੱਗ ਚੀਜਾ ਨੇ ।
                      ਬਾਣੀ (ਬਿਨ੍ਹਾਂ ਕੰਨ੍ਹਾਂ ਤੋਂ) ਸੁਣੀ ਜਾ ਸਕਦੀ ਹੈ ਪਰ ਅੱਖਾਂ ਨਾਲ ਦੇਖੀ ਨਹੀ ਜਾ ਸਕਦੀ । ਅੱਖਾਂ ਨਾਲ ਦੇਖਣ ਵਾਲੀ ਚੀਜ਼ ਗੁਰਬਾਣੀ ਦਾ ਅੱਖਰੀ ਰੂਪ ਪੋਥੀ ਸਾਹਿਬ ਹੈ । ਜਿਨ੍ਹਾਂ ਨੂੰ ਅਸੀਂ ਅੱਜ "ਗੁਰੂ ਗ੍ਰੰਥ" ਕਹਿੰਦੇ ਹਾਂ । 
                                                             ਲੇਖ ਦੇ ਸਿਰਲੇਖ ਵਿੱਚ "ਗ੍ਰੰਥ" ਸਬਦ ਨਹੀ ਵਰਤਿਆ ਗਿਆ ਪਰ ਲਿਖਾਰੀ ਨੇ ਬਹੁਤ ਸੈਤਾਨੀ ਨਾਲ ਇੱਕ ਕਹਾਣੀ ਘੜ੍ਹ ਕੇ ਗ੍ਰੰਥ ਸਬਦ ਨੂੰ ਵੀ ਸਿਰਲੇਖ ਦਾ ਹਿੱਸਾ ਬਣਾਉਣ ਦਾ ਜਤਨ ਕੀਤਾ ਹੈ ਜਦਕਿ ਗੁਰਬਾਣੀ ਵਿੱਚ ਇਨ੍ਹਾਂ ਅੱਖਰਾਂ ਨੂੰ ਖੋਜ ਕੇ ਗੁਰਮਤਿ ਵਿੱਚਲਾ ਗਿਆਨ ਪ੍ਰਾਪਤ ਕਰਨ ਦੀ ਸਲਾਹ ਦਿਤੀ ਗਈ ਹੈ ।
   
ਅਖਰੀ ਨਾਮੁ ਅਖਰੀ ਸਾਲਾਹ ॥
ਅਖਰੀ ਗਿਆਨੁ ਗੀਤ ਗੁਣ ਗਾਹ ॥
ਅਖਰੀ ਲਿਖਣੁ ਬੋਲਣੁ ਬਾਣਿ ॥
ਅਖਰਾ ਸਿਰਿ ਸੰਜੋਗੁ ਵਖਾਣਿ ॥
ਜਪੁ (ਮ: ੧) - ਅੰਗ ੪
                                             
ਬਾਵਨ ਅਛਰ ਲੋਕ ਤ੍ਰੈ ਸਭੁ ਕਛੁ ਇਨ ਹੀ ਮਾਹਿ ॥
ਏ ਅਖਰ ਖਿਰਿ ਜਾਹਿਗੇ ਓਇ ਅਖਰ ਇਨ ਮਹਿ ਨਾਹਿ ॥੧॥
ਗਉੜੀ ਬਾਵਨ ਅਖਰੀ (ਭ. ਕਬੀਰ) - ਅੰਗ ੩੪੦

ਏਨਾ ਅਖਰਾ ਮਹਿ ਜੋ ਗੁਰਮੁਖਿ ਬੂਝੈ ਤਿਸੁ ਸਿਰਿ ਲੇਖੁ ਨ ਹੋਈ ॥੨॥
ਆਸਾ ਪਟੀ (ਮ: ੧) - ਅੰਗ ੪੩੨

ਜਪੁ ਬਾਣੀ ਵਿੱਚ ਹੀ ਇਹ ਮੰਨ ਲਿਆ ਗਿਆ ਸੀ ਕਿ ਲਿਖਤੀ ਅੱਖਰੀ ਰੂਪ ਹੈ ਤੇ ਪੜ੍ਹ ਕੇ ਬੋਲਣ ਵੇਲੇ ਹੀ ਬਾਣੀ ਬਣੇਗੀ । ਅੱਖਰਾਂ ਦੀ ਖੋਜ ਵਿੱਚ ਪ੍ਰਾਪਤ ਹੋਣ ਵਾਲੇ "ਗੁਰ ਗਿਆਨ ਪਦਾਰਥ" (ਨਾਮ) ਨੂੰ ਤਾਂ ਗੁਰੂ ਦਾ ਦਰਜਾ ਪ੍ਰਾਪਤ ਹੈ ਹੀ । 



ਗਿਆਨ ਗੁਰੂ ਆਤਮ ਉਪਦੇਸਹੁ ਨਾਮ ਬਿਭੂਤ ਲਗਾਓ ॥੧॥
ਸ਼ਬਦ ਹਜ਼ਾਰੇ - ਸ੍ਰੀ ਦਸਮ ਗ੍ਰੰਥ ਸਾਹਿਬ

ਗਿਆਨ ਪ੍ਰਾਪਤੀ ਬੁਧਿ ਦਾ ਵਿਸ਼ਾ ਹੈ, ਗੁਰਬਾਣੀ ਕੰਨ੍ਹਾਂ ਦਾ ਵਿਸ਼ਾ ਹੈ ਤੇ ਅੱਖਰ ਅੱਖਾਂ ਦਾ ਵਿਸ਼ਾ ਹਨ । ਜਿਨ੍ਹਾਂ ਲੋਗਾਂ ਨੂੰ ਇਸ ਸਬਦ ਭੇਦ ਦਾ ਗਿਆਨ ਨਹੀਂ ਉਨ੍ਹਾਂ ਨੂੰ ਗੁਰਬਾਣੀ "ਅਤਿ ਅੰਨਾ ਬੋਲਾ" ਆਖਦੀ ਹੈ,


ਮਾਇਆਧਾਰੀ ਅਤਿ ਅੰਨਾ ਬੋਲਾ ॥
ਸਬਦੁ ਨ ਸੁਣਈ ਬਹੁ ਰੋਲ ਘਚੋਲਾ ॥
ਗਉੜੀ  ਕੀ ਵਾਰ:੧ (ਮ: ੩) - ਅੰਗ ੩੧੩

ਇਸ "ਰੋਲ ਘਚੋਲੇ" ਦਾ ਮਤਲਬ ਹੀ ਇਨ੍ਹਾਂ ਦਾ "ਅਤਿ ਅੰਨਾ ਬੋਲਾ" ਹੋਣਾ ਹੈ । ਅੰਨ੍ਹੇ ਬੋਲੇ ਲੋਗ ਤਾਂ "ਚੋਰ ਹਰਾਮਖੋਰਾਂ" ਦੇ ਪਾਏ ਹੋਏ ਭੁਲੇਖਿਆਂ ਨੂੰ ਵੀ ਸੱਚ ਮੰਨੀ ਬੈਠੇ ਨੇ ਕਿਉਂਕਿ ਗੁਰਬਾਣੀ ਦੀ ਮੂਲ ਭਾਵਨਾ ਤੋਂ ਉਲਟ ਜੋ ਧਾਰਨਾਵਾਂ ਪ੍ਰਚਲਤ ਹੋ ਗਈਆਂ ਨੇ ਉਨ੍ਹਾਂ ਨੂੰ ਠੀਕ ਨਾ ਕੀਤਾ ਜਾ ਸਕੇ । ਮੋਜੂਦਾ ਪਰਚਾਰ ਜੋ ਸਾਡੇ ਕੋਲ ਹੈ ਇਹ ਗਿਣਿਆ-ਮਿਥਿਆ ਅਤੇ ਨਿਰਮਲਿਆਂ ਦੀ ਦੇਣ ਹੈ ਜਿਹੜੇ ਕਿ ਸਿੱਖੀ ਵਿਚਾਰਧਾਰਾ ਨੂੰ ਫੁੱਟੀ ਅੱਖ ਨਾਲ ਵੀ ਨਹੀਂ ਦੇਖਣਾ ਚਾਹੁੰਦੇ । ਅੱਜ ਸਾਰੀ ਸਿੱਖ ਸੰਗਤ ਇਹ ਮੰਨਦੀ ਹੈ ਕਿ ਗੁਰਮਤਿ ਦੀ ਅਸਲੀ ਵਿਚਾਰਧਾਰਾ ਕੀਤੇ ਗੁੰਮ ਹੋ ਗਈ ਹੈ । ਸਾਰੀਆਂ ਯੂਨੀਵਰਸੀਟੀਆਂ ਦੇ ਵਿਦਵਾਨ ਵੀ ਇਸ ਖਿਆਲ ਨਾਲ ਸਹਿਮਤ ਹਨ ਪਰ ਪਤਾ ਨਹੀਂ ਇਹ ਮੀਣੇ ਕਿਉਂ ਇਸ ਸੱਚ ਨੂੰ ਪਚਾ ਨਹੀਂ ਪਾ ਰਹੇ ।
               ਜਿਥੋਂ ਤੱਕ ਚੇਲੇ ਸਬਦ ਦੀ ਵਿਆਖਿਆ ਦਾ ਸਵਾਲ ਹੈ ਤਾਂ ਇਹ ਮੀਣਾ ਵਿਦਵਾਨ, ਗੁਰਬਾਣੀ ਤੋਂ ਬਾਹਰ ਜਾ ਕੇ ਕਰ ਰਿਹਾ ਹੈ ਜਦਕਿ ਗੁਰਬਾਣੀ ਵਿੱਚ ਇਹ ਦਰਜ ਹੈ, 
                                       
ਗੁਰ ਚੇਲੇ ਕੀ ਸੰਧਿ ਮਿਲਾਏ ॥
ਰਾਮਕਲੀ (ਮ: ੧) - ਅੰਗ ੮੭੭

ਇਸ ਉਪਰੋਕਤ ਪੰਗਤੀ ਵਾਲਾ ਚੇਲਾ ਕੋਣ ਹੈ ਜਿਸਨੂੰ ਇਹ ਮੀਣਾ ਵੀ ਮੰਨਦਾ ਹੈ ਕਿ ਗੁਰਬਾਣੀ ਦੇ ਗਿਆਨ ਨੂੰ ਸਮਝ ਕੇ ਸਮਝਾਉਣ ਦੀ ਜਿੰਮੇਵਾਰੀ ਇੱਕ ਵਿਅਕਤੀ ਨੂੰ ਗੁਰੂ ਘਰ ਦਿੰਦਾ ਰਿਹਾ ਹੈ ।



                                ਪੋਥੀ ਸਾਹਿਬ ਜਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਂਦ ਤਾਂ ਪੰਜਵੇਂ ਪਾਤਸ਼ਾਹ ਵੇਲੇ ਤੋਂ ਹੀ ਆ ਗਈ ਸੀ ਫਿਰ ਉਸ ਤੋਂ ਪਿੱਛੋਂ ਬਾਕੀ ਵਿਅਕਤੀ ਸਤਿਗੁਰਾਂ ਦੀ ਜਰੂਰਤ ਕਿਉਂ ਸੀ ? ਜਿਸ ਤੋਂ ਸਾਫ਼ ਪਤਾ ਚਲਦਾ ਹੈ ਕਿ ਕੋਈ ਵਿਅਕਤੀ ਹੀ ਗੁਰਬਾਣੀ ਰੂਪੀ ਅੱਖਰਾਂ ਵਿਚੋਂ ਗੁਰਮਤਿ ਖੋਜ ਕੇ ਅੱਗੇ ਗੁਰਸਿਖਾਂ ਲਈ ਲੰਗਰ ਲਗਾ ਸਕੇਗਾ । ਮੋਜੂਦਾ ਸਮੇਂ ਇਹ ਜਿੰਮੇਵਾਰੀ ਖਾਲਸੇ ਕੋਲ ਹੈ । ਇਥੇ ਇਹ ਦੱਸਣਾ ਜਰੂਰੀ ਹੈ ਕਿ ਜਿਨ੍ਹਾਂ ਵਿਅਕਤੀਆਂ ਨੂੰ ਗੁਰਮਤਿ ਪਰਚਾਰ ਦੀ ਜਿਮੇਵਾਰੀ ਸੌਪੀ ਜਾਂਦੀ ਰਹੀ ਹੈ ਉਹ ਪੂਰੀ ਤਰ੍ਹਾਂ ਪਰਖੇ ਹੋਏ ਸਨ । ਜਿਨ੍ਹਾਂ ਵਿਚੋਂ ਇੱਕ ਵੀ ਨਹੀਂ ਡੋਲਿਆ । 


ਸੀਸੁ ਦੀਆ ਪਰੁ ਸਿਰਰੁ ਨ ਦੀਆ ॥
ਬਚਿਤ੍ਰ ਨਾਟਕ ਅ. ੫ - ੧੪ - ਸ੍ਰੀ ਦਸਮ ਗ੍ਰੰਥ ਸਾਹਿਬ

ਉਸ ਤੋਂ ਬਾਅਦ ਦਸਮ ਪਾਤਿਸਾਹ ਆਨੰਦਪੁਰ ਦਾ ਕਿਲਾ ਛੱਡਣ ਅਤੇ ਚਮਕੌਰ ਦੀ ਜੰਗ ਪਿੱਛੋਂ ਇਹੀ ਕਹਿੰਦੇ ਹਨ ਕਿ,


ਯਾਰੜੇ ਦਾ ਸਾਨੂੰ ਸਥਰ ਚੰਗਾ ਭਠ ਖੇੜਿਆਂ ਦਾ ਰਹਣਾ ॥੧॥੧॥੬॥
ਸ਼ਬਦ ਹਜ਼ਾਰੇ - ਸ੍ਰੀ ਦਸਮ ਗ੍ਰੰਥ ਸਾਹਿਬ

ਭਾਵ ਸੱਚ ਨਾਲ ਜੁੜ੍ਹੇ ਰਹਿਣ ਕਰਕੇ ਜੇ ਸਾਨੂੰ ਜਮੀਨ ਤੇ ਵੀ ਸੌਣਾ ਪਵੇ ਤਾਂ ਵੀ ਸਾਨੂੰ ਕੋਈ ਚਿੰਤਾ ਨਹੀਂ ਪਰ ਸੱਚ ਨਾਲੋਂ ਟੁੱਟ ਕੇ ਸੱਚ ਤੋਂ ਮੁੱਖ ਫੇਰ ਕੇ ਸਾਡੇ ਲਈ ਐਸ਼ੋ-ਇਸ਼ਰਤ ਦੇ ਸਮਾਨ ਮਹਿਲਾਂ ਵਿੱਚ ਵੱਸਣਾ, ਸੁਰਾਹੀਆਂ ਦਾ ਇਸਤੇਮਾਲ ਆਦਿਕ ਖੰਜਰ ਵਰਗੇ (ਦੁਖਦਾਈ) ਹਨ । ਇਸ ਤੋਂ ਪਹਿਲਾਂ ਇਸੇ ਲਈ ਉਨ੍ਹਾਂ ਨੇ ਆਪਣੇ ਉਤਰਾਅਧਿਕਾਰੀਆਂ ਨੂੰ ਪਰਖਣ ਲਈ ਸਿਰਾਂ ਦੀ ਬਾਜੀ ਲਗਾ ਦੇਣ ਦੀ ਪ੍ਰੀਖਿਆ ਲਈ ਸੀ । ਜਿਨ੍ਹਾਂ ਦੇ ਹਥੋਂ ਉਨ੍ਹਾਂ ਨੇ ਆਪ ਪਾਹੁਲ ਲੈ ਕੇ ਆਪੇ ਗੁਰ-ਚੇਲਾ ਕਹਾਇਆ ਅਤੇ ਖਾਲਸੇ ਨੂੰ ਆਪਣਾ ਸਤਿਗੁਰ ਮੰਨਿਆ ਅਤੇ "ਖਾਲਸਾ ਮੇਰੋ ਸਤਿਗੁਰ ਪੂਰਾ" ਵਿਸ਼ੇਸਣ ਨਾਲ ਨਿਵਾਜਿਆ ਪਰ ਧੀਰਮਲੀਏ, ਰਾਮ ਰਾਈਏ, ਮੀਣੇ, ਮਸੰਦ ਆਦਿ ਇਨ੍ਹਾਂ ਸਾਰੀਆਂ ਤੋਂ ਖਾਲਸੇ ਨੂੰ ਦੂਰ ਰਹਿਣ ਦੀ ਹਿਦਾਇਤ ਕੀਤੀ । ਇਨ੍ਹਾਂ ਨਾਲ ਕਿਸੇ ਕਿਸਮ ਦਾ ਮਿਲਵਰਤਨ ਰੱਖਣ ਤੋਂ ਖਾਲਸੇ ਨੂੰ ਵਰਜਿਆ । ਇਸ ਲਈ ਇਹ ਲੋਗ ਖਾਲਸੇ, ਖਾਲਸੇ ਦੇ ਗ੍ਰੰਥ (ਸ੍ਰੀ ਦਸਮ ਗ੍ਰੰਥ ਸਾਹਿਬ), ਖਾਲਸੇ ਦੀਆਂ ਦੇਗਾਂ, ਤੇਗਾਂ ਅਤੇ ਖਾਲਸੇ ਦੇ ਸਰੂਪ ਤੋਂ ਨਫਰਤ ਕਰਦੇ ਆਏ ਹਨ  ।



                                     ਜਿਥੋਂ ਤੱਕ "ਸਬਦੁ ਗੁਰੂ ਸੁਰਤਿ ਧੁਨਿ ਚੇਲਾ" ਦਾ ਸਵਾਲ ਹੈ ਉਥੇ ਇਹ ਦੱਸ ਦੇਣਾ ਵੀ ਜਰੂਰੀ ਹੈ ਕਿ ਗੁਰ ਨਾਨਕ ਦੇਵ ਜੀ ਜਦੋਂ ਇਹ ਆਖਦੇ ਹਨ ,

ਸਬਦੁ ਗੁਰੂ ਸੁਰਤਿ ਧੁਨਿ ਚੇਲਾ ॥
ਰਾਮਕਲੀ ਗੋਸਟਿ (ਮ: ੧)  - ਅੰਗ ੯੪੩

ਤਾਂ ਉਨ੍ਹਾਂ ਦਾ ਇਸ਼ਾਰਾ ਕਿਹੜੇ ਗ੍ਰੰਥ ਵੱਲ ਹੈ ? ਜਦਕਿ ਪੋਥੀ ਸਾਹਿਬ ਜਾਂ ਗੁਰੂ ਗ੍ਰੰਥ ਸਾਹਿਬ ਜੀ ਦਾ ਉਸ ਵਕ਼ਤ ਵਜੂਦ ਹੀ ਨਹੀ ਹੈ ਸਗੋਂ ਸਵਾਲ ਇਹ ਉੱਠਦਾ ਹੈ ਕਿ ਗੁਰ ਨਾਨਕ, ਦਸਵੇਂ ਜਾਮੇਂ ਵਿੱਚ ਆਪਣੇ ਹੀ ਗੁਰੂ (ਸਬਦੁ ਗੁਰੂ) ਨੂੰ ਆਪਣੀ ਚੇਲੇ ਵਾਲੀ ਗੱਦੀ ਦੇਣਗੇ ? ਐਸੀ ਸੋਚ ਗੁਰਸਿਖਾਂ ਦੀ ਨਹੀਂ ਹੋ ਸਕਦੀ ਪਰ ਹਾਂ ਮਿਣਿਆ ਦੀ ਹੋ ਸਕਦੀ ਹੈ ।
            ਹੁਣ ਗੱਲ ਕਰਦੇ ਹਾਂ ਇਨ੍ਹਾਂ ਮਿਣਿਆ ਦੇ ਸ੍ਰੀ ਦਸਮ ਗ੍ਰੰਥ ਸਾਹਿਬ ਜੀ ਦਾ ਵਿਰੋਧ ਕਰਨ ਅਤੇ ਪ੍ਰੋਫ਼: ਸਾਹਿਬ ਸਿੰਘ ਦੇ ਟੀਕੇ ਨਾਲ ਚਿਪਕੇ ਰਹਿਣ ਦੀ । ਇਨ੍ਹਾਂ ਨੂੰ ਇਹ ਦੱਸ ਦਈਏ ਕਿ ਪ੍ਰੋਫ਼: ਸਾਹਿਬ ਸਿੰਘ ਨੇ ਫਰੀਦਕੋਟੀਏ ਟੀਕੇ ਦੀ ਨਕ਼ਲ ਕੀਤੀ ਹੈ ਜਿਸਦਾ ਸਬੂਤ ਇਨ੍ਹਾਂ ਦੋਹਾਂ ਟਿਕੀਆਂ ਨੂੰ ਮਿਲਾ ਕੇ ਪੜਨ ਨਾਲ ਮਿਲ ਜਾਂਦਾ ਹੈ । ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਆਪ ਇੱਕ ਚੰਗੇ ਖੋਜੀ ਹਨ ਉਨ੍ਹਾਂ ਨੇ ਸਾਡੇ ਨਾਲ ਇਸ ਖੋਜ ਬਾਰੇ ਸਹਿਮਤੀ ਪ੍ਰਗਟ ਕੀਤੀ ਹੋਈ ਹੈ । 
         ਸਾਨੂੰ ਇਹ ਭਰਮ ਨਹੀ ਕਿ ਮੀਣੇ ਹੁਣ ਸ੍ਰੀ ਦਸਮ ਗ੍ਰੰਥ ਸਾਹਿਬ ਨਾਲ ਸਹਿਮਤ ਹੋ ਜਾਣਗੇ ਜਾਂ ਬ੍ਰਾਹਮਣੀ ਵਿਚਾਰਧਾਰਾ ਦੇ ਹੋਏ ਪਿੱਛਲੇ ਟੀਕੇ ਨੂੰ ਰੱਦ ਕਰ ਦੇਣਗੇ ਕਿਉਂਕਿ ਮੀਣੇ ਤਾਂ ਗੁਰ ਸਾਹਿਬਾਨ ਦੇ ਜੀਵਨ ਕਾਲ ਵਿੱਚ ਵੀ ਗੁਰੂਘਰ ਨਾਲ ਕਦੇ ਸਹਿਮਤ ਹੋਏ ਹੀ ਨਹੀਂ । ਅਸੀ ਤਾਂ ਮਿਣਿਆ ਵਲੋਂ ਪਾਏ ਗਏ ਭੁਲੇਖਿਆਂ ਬਾਰੇ ਸੰਗਤ ਨੂੰ ਜਾਗਰੂਕ ਕਰਨਾ ਹੈ ।


~: ਧਰਮ ਸਿੰਘ ਨਿਹੰਗ ਸਿੰਘ :~
੦੨-੧੦-੨੦੧੩