ਪੰਥੁ ਨਿਹਾਰੈ ਕਾਮਨੀ ਲੋਚਨ ਭਰੀ ਲੇ ਉਸਾਸਾ ॥
ਉਰ ਨ ਭੀਜੈ ਪਗੁ ਨਾ ਖਿਸੈ ਹਰਿ ਦਰਸਨ ਕੀ ਆਸਾ ॥
(ਰਾਗੁ ਗਉੜੀ ਕਬੀਰ ਜੀ ਕੀ, ਪੰਨਾ ੩੩੭)
ਪੰਥੁ ਦਸਾਵਾ ਨਿਤ ਖੜੀ ਮੁੰਧ ਜੋਬਨਿ ਬਾਲੀ ਰਾਮ ਰਾਜੇ ॥
ਹਰਿ ਹਰਿ ਨਾਮੁ ਚੇਤਾਇ ਗੁਰ ਹਰਿ ਮਾਰਗਿ ਚਾਲੀ ॥
(ਆਸਾ ਮਹਲਾ ੪, ਪੰਨਾ ੪੪੯)
ਉਪਰੋਕਤ ਦੋਹਾਂ ਪੰਗਤੀਆਂ ਵਿੱਚ ਵਰਤਿਆ ਗਿਆ ਸ਼ਬਦ 'ਪੰਥ', ਮਾਰਗ ਜਾਂ ਰਸਤੇ ਦੇ ਹੀ ਅਰਥ ਰੱਖਦਾ ਹੈ । ਪਰ ਅੱਜਕੱਲ੍ਹ ਅਸੀਂ ਗੁਰੂ ਦੇ ਪੰਥ ਉੱਤੇ ਚੱਲਣ ਵਾਲੇ ਸਿੱਖਾਂ ਦੇ ਸਮੂਹ ਵਾਸਤੇ ਵੀ ਇਸ ਲਫ਼ਜ਼ ਦੀ ਵਰਤੋਂ ਕਰਨ ਲੱਗ ਪਏ ਹਾਂ ।
'ਪੰਥ ਖਾਲਸਾ' ਜਾਂ 'ਗੁਰੂ-ਪੰਥ' ਉਹ ਰਸਤਾ ਹੈ, ਜਿਸ ਉੱਤੇ ਚੱਲ ਕੇ ਗੁਰਸਿੱਖ ਗੁਰੂ (ਪਰਮੇਸ਼ਰ) ਨਾਲ ਅਭੇਦ (ਲੀਨ) ਹੋ ਜਾਂਦਾ ਹੈ । ਦੂਸਰੀ ਗੱਲ ਇਹ ਹੈ ਕਿ ਇਸ ਮਾਰਗ (ਪੰਥ) ਦੀ ਜਾਣਕਾਰੀ, ਕਿਉਂਕਿ ਗੁਰੂ (ਪਰਮੇਸ਼ਰ) ਨੇ ਖੁਦ ਆਪ ਕਰਵਾਈ ਹੈ, ਇਸ ਲਈ ਵੀ ਇਸਨੂੰ 'ਗੁਰੂ-ਪੰਥ' ਆਖਿਆ ਜਾਂਦਾ ਹੈ । ਮਨੁੱਖੀ ਮਨ (ਬੁਧਿ) ਇਸ ਮਾਰਗ ਨੂੰ ਆਪ ਖੋਜ ਲਵੇ, ਅਜਿਹਾ ਨਾ ਕਦੇ ਹੋਇਆ ਹੀ ਹੈ, ਨਾ ਹੋ ਸਕਦਾ ਹੈ ਅਤੇ ਨਾ ਹੀ ਕਦੇ ਅਜਿਹਾ ਹੋਵੇਗਾ । ਇਸ ਮਾਰਗ ਨੂੰ ਖੋਜ ਲੈਣ ਦੀ ਗੱਲ ਤਾਂ ਇੱਕ ਪਾਸੇ ਰਹੀ, ਇਸ ਦੀ ਤਾਂ ਸਮਝ ਵੀ ਪਰਮੇਸ਼ਰ ਦੀ ਕਿਰਪਾ ਤੋਂ ਬਿਨਾ ਨਹੀਂ ਆਇਆ ਕਰਦੀ, ਜਿਵੇਂ ਕਿ ਰਾਮਕਲੀ ਰਾਗ ਵਿੱਚ ਭਗਤ ਕਬੀਰ ਜੀ ਦਾ ਫੁਰਮਾਨ ਹੈ,
ਕੋਠਰੇ ਮਹਿ ਕੋਠਰੀ ਪਰਮ ਕੋਠੀ ਬੀਚਾਰਿ ॥
ਗੁਰਿ ਦੀਨੀ ਬਸਤੁ ਕਬੀਰ ਕਉ ਲੇਵਹੁ ਬਸਤੁ ਸਮ੍ਹ੍ਹਾਰਿ ॥੪॥
ਕਬੀਰਿ ਦੀਈ ਸੰਸਾਰ ਕਉ ਲੀਨੀ ਜਿਸੁ ਮਸਤਕਿ ਭਾਗੁ ॥
ਅੰਮ੍ਰਿਤ ਰਸੁ ਜਿਨਿ ਪਾਇਆ ਥਿਰੁ ਤਾ ਕਾ ਸੋਹਾਗੁ ॥ (ਪੰਨਾ ੯੭੦)
ਭਗਤ ਜੀ ਆਖ ਰਹੇ ਹਨ ਕਿ ਇਸ, ਪੰਜ ਤੱਤਾਂ ਦੇ ਮਾਇਆ ਰੂਪੀ ਕੋਠੜੇ (ਸਰੀਰ) ਅੰਦਰ ਇੱਕ ਹਿਰਦਾ ਰੂਪੀ ਕੋਠੜੀ ਹੈ । ਉਸ ਨੂੰ ਹੀ ਪਰਮ ਕੋਠੜੀ, ਇਸ ਲਈ ਆਖਿਆ ਹੈ, ਕਿਉਂਕਿ ਤੱਤ ਵਸਤੂ ਦੀ ਪ੍ਰਾਪਤੀ ਇਸੇ ਕੋਠੜੀ ਵਿੱਚੋਂ ਹੁੰਦੀ ਹੈ । ਇਸ ਵਿੱਚੋਂ ਹੀ ਕਬੀਰ ਜੀ ਨੂੰ ਪਰਮ ਤੱਤ (ਸ਼ਬਦ ਗੁਰੂ) ਦੀ ਪ੍ਰਾਪਤੀ ਹੋਈ ਹੈ ਅਤੇ ਕਬੀਰ ਜੀ ਨੇ ਇਸ ਨੂੰ ਅੱਖਰੀ ਰੂਪ ਦੇ ਕੇ, ਸੰਸਾਰੀ ਜੀਵਾਂ ਦੇ ਕਲਿਆਣ ਹਿੱਤ, ਸੰਭਾਲ ਲਿਆ ਅਤੇ ਸੰਸਾਰੀ ਲੋਕਾਂ ਨੂੰ ਇਹ ਵੀ ਦੱਸ ਦਿੱਤਾ ਕਿ ਇਸ ਵਸਤੂ ਦੀ ਪ੍ਰਾਪਤੀ ਕਰ ਲੈਣ ਉਪਰੰਤ ਜਨਮ-ਮਰਨ ਦਾ ਭਰਮ-ਚੱਕਰ ਮੁੱਕ ਜਾਂਦਾ ਹੈ । ਫਿਰ ਵੀ ਇਸ ਵਸਤੂ ਦੀ ਪ੍ਰਾਪਤੀ ਉਸੇ ਪ੍ਰਾਣੀ ਨੂੰ ਹੋ ਸਕੇਗੀ, ਜੋ ਪਰਮੇਸ਼ਰ ਦੀ ਕਿਰਪਾ ਦਾ ਪਾਤਰ ਬਣ ਜਾਣ ਵਿੱਚ ਸਫਲਤਾ ਪ੍ਰਾਪਤ ਕਰ ਲਵੇਗਾ ।
ਤੀਜੇ ਸਤਿਗੁਰੁ ਜੀ ਵੀ 'ਆਨੰਦ' ਬਾਣੀ (ਰਾਗ ਰਾਮਕਲੀ) ਵਿੱਚ ਕੁਝ ਅਜਿਹਾ ਹੀ ਸੰਕੇਤ ਕਰਦੇ ਹੋਏ ਆਖ ਰਹੇ ਹਨ,
ਭਗਤਾ ਕੀ ਚਾਲ ਨਿਰਾਲੀ ॥
ਚਾਲਾ ਨਿਰਾਲੀ ਭਗਤਾਹ ਕੇਰੀ ਬਿਖਮ ਮਾਰਗਿ ਚਲਣਾ ॥
ਲਬੁ ਲੋਭੁ ਅਹੰਕਾਰੁ ਤਜਿ ਤ੍ਰਿਸਨਾ ਬਹੁਤੁ ਨਾਹੀ ਬੋਲਣਾ ॥
ਖੰਨਿਅਹੁ ਤਿਖੀ ਵਾਲਹੁ ਨਿਕੀ ਏਤੁ ਮਾਰਗਿ ਜਾਣਾ ॥
ਗੁਰ ਪਰਸਾਦੀ ਜਿਨੀ ਆਪੁ ਤਜਿਆ ਹਰਿ ਵਾਸਨਾ ਸਮਾਣੀ ॥
ਕਹੈ ਨਾਨਕੁ ਚਾਲ ਭਗਤਾ ਜੁਗਹੁ ਜੁਗੁ ਨਿਰਾਲੀ ॥੧੪॥ (ਪੰਨਾ ੯੧੮)
ਸਤਿਗੁਰੁ ਜੀ ਦਾ ਕਹਿਣਾ ਹੈ ਕਿ ਭਗਤ ਜਨਾਂ ਦਾ ਮਾਰਗ, ਸੰਸਾਰੀ ਸਾਕਤਾਂ ਦੇ ਚਲਾਏ ਹੋਏ ਮਾਰਗਾਂ ਨਾਲੋਂ ਨਿਆਰਾ (ਉਲਟ) ਹੁੰਦਾ ਹੈ । ਸੰਸਾਰੀ ਮੱਤਾਂ ਵਾਲੇ ਪਰਮੇਸ਼ਰ ਨੂੰ ਬਾਹਰੋਂ ਖੋਜ ਕੇ, ਸਰੀਰਕ ਅੱਖਾਂ ਦੁਆਰਾ ਦਰਸ਼ਨ ਕਰ ਲੈਣ ਵਿੱਚ ਵਿਸ਼ਵਾਸ ਰੱਖਦੇ ਹਨ, ਭਾਵੇਂ ਉਹ ਇਸ ਸੱਚਾਈ ਨੂੰ ਵੀ ਕਬੂਲਦੇ ਹਨ ਕਿ ਪਰਮੇਸ਼ਰ ਨਿਰਾਕਾਰ ਹੈ । ਦੂਸਰੇ ਨੰਬਰ 'ਤੇ ਉਹ ਲਬ, ਲੋਭ ਅਤੇ ਤ੍ਰਿਸ਼ਨਾ ਦੀ ਪੂਰਤੀ ਹਿੱਤ ਹੀ ਜਪ, ਤਪ ਜਾਂ ਦਾਨ ਆਦਿ ਕਰਿਆ ਕਰਦੇ ਹਨ ਪਰ ਇਸ ਦੇ ਉਲਟ "ਹਰਿ ਕੇ ਲੋਗ" ਆਪਨੇ ਪਿਆਰੇ ਨਾਲ ਇੱਕਮਿਕ ਹੋ ਜਾਣ ਤੋਂ ਇਲਾਵਾ, ਹੋਰ ਕੋਈ ਇੱਛਾ ਰੱਖਦੇ ਹੀ ਨਹੀਂ ਹੁੰਦੇ । ਉਹ ਲਬ, ਲੋਭ, ਅਹੰਕਾਰ ਅਤੇ ਤ੍ਰਿਸ਼ਨਾ ਆਦਿ ਔਗੁਣਾਂ ਨੂੰ ਤਿਆਗ ਦਿੰਦੇ ਹਨ । ਇਸੇ ਨੂੰ ਹੀ ਸਤਿਗੁਰੁ ਜੀ 'ਭਗਤਾ ਕੀ ਚਾਲ ਨਿਰਾਲੀ' ਆਖ ਰਹੇ ਹਨ । ਸਭ ਤੋਂ ਮਹੱਤਵਪੂਰਨ ਗੱਲ ਜੋ ਸਤਿਗੁਰੁ ਜੀ ਨੇ ਉਪਰੋਕਤ ਪੰਗਤੀਆਂ ਵਿੱਚ ਆਖੀ ਹੈ ਕਿ ਗੁਰਮਤਿ ਅੰਦਰ ਸੁਝਾਇਆ ਹੋਇਆ ਪੰਥ (ਮਾਰਗ) ਅਤਿ ਬਰੀਕ ਹੋਣ ਕਰਕੇ ਇਸ ਉੱਪਰ ਚੱਲਣਾ ਵੀ ਅਤਿ ਕਠਿਨ ਹੈ । ਇਸ ਨੂੰ ਬੁੱਝਣ ਜਾਂ ਜਾਣਨ ਵਾਸਤੇ ਪਰਮੇਸ਼ਰ ਦੀ ਕਿਰਪਾ ਦਾ ਪਾਤਰ ਬਣਨਾ ਅਤਿ ਜ਼ਰੂਰੀ ਹੈ । ਇਹ ਗੱਲ ਐਨੀ ਬਰੀਕ ਹੈ, ਜਿਹੜੀ ਕਿ ਮਨ-ਬੁੱਧੀ ਦੀ ਪਕੜ ਤੋਂ ਪਰ੍ਹੇ ਹੈ । ਇਸੇ ਲਈ ਸਤਿਗੁਰੁ ਜੀ ਗੁਰਮਤਿ ਵਿਚਲੇ ਪੰਥ ਨੂੰ "ਖੰਡੇ ਦੀ ਧਾਰ" ਅਤੇ ਵਾਲ ਤੋਂ ਬਰੀਕ' ਰਸਤਾ ਦੱਸ ਰਹੇ ਹਨ, ਜਿਸ ਉੱਤੇ ਚੱਲਣ ਲਈ ਪੂਰੇ ਧਿਆਨ ਦੀ ਲੋੜ ਹੈ ।
ਸਚੁ ਧਰਮ ਅੰਦਰ ਸੰਪਰਦਾਵਾਂ ਲਈ ਕੋਈ ਥਾਂ ਨਹੀਂ, ਕਿਉਂਕਿ ਖੰਡੇ ਦੀ ਧਾਰ ਜਾਂ ਵਾਲ ਜਿਹੇ ਬਰੀਕ ਰਸਤੇ ਨੂੰ ਨਾ ਤਾਂ ਵੰਡਿਆ ਹੀ ਜਾ ਸਕਦਾ ਹੈ ਅਤੇ ਨਾ ਹੀ ਇਸ ਅੰਦਰ ਕੋਈ ਦੂਸਰੀ ਵੱਟ ਹੀ ਪਾਈ ਜਾ ਸਕਦੀ ਹੈ । ਦੂਸਰੀ ਗੱਲ ਇਹ ਹੈ ਕਿ ਸਚੁ ਦਾ ਦੂਸਰਾ ਰੂਪ ਹੁੰਦਾ ਹੀ ਨਹੀਂ । ਜਿਹੜੇ ਲੋਕ ਸਚੁ ਦਾ ਦੂਸਰਾ ਰੂਪ ਪੇਸ਼ ਕਰਨ ਵਾਲੇ ਹੁੰਦੇ ਹਨ, ਉਨ੍ਹਾਂ ਨੂੰ ਗੁਰਬਾਣੀ ਅੰਦਰ ਝੂਠੇ, ਕਪਟੀ, ਪਖੰਡੀ, ਪਰਪੰਚੀ ਅਤੇ "ਬਨਾਰਸ ਕੇ ਠੱਗ" ਆਦਿ ਉਪਾਧੀਆਂ ਨਾਲ ਨਿਵਾਜਿਆ ਗਿਆ ਹੈ । ਇਸ 'ਪੰਥ ਖਾਲਸੇ' ਦੀ ਵਿਸ਼ੇਸ਼ਤਾ ਹੀ ਇਹ ਹੈ ਕਿ ਇਹ ਕੇਵਲ ਇੱਕੋ-ਇੱਕ ਰਸਤਾ ਹੈ ਜਿਸ ਵਿੱਚ ਕਿ ਆਤਮਾ ਅਤੇ ਪਰਾਤਮਾ (ਪਰਮਾਤਮਾ ਸਬਦ ਗੁਰਬਾਣੀ ਵਿੱਚ ਨਹੀ ਆਇਆ) ਨੂੰ ਇੱਕ ਕਰਕੇ 'ਪਰਮਾਤਮ' ਰੂਪ ਬਣਾ ਦੇਣ ਦੀ ਸਮਰੱਥਾ ਹੈ । ਪਰੰਤੂ ਸੰਪਰਦਾਵਾਂ ਦਾ ਨਿਰਮਾਣ, ਭਰਮ-ਗਿਆਨੀਆਂ ਦੀ ਸ਼ਾਤਰ ਬੁੱਧੀ ਵਿੱਚੋਂ ਹੁੰਦਾ ਹੈ । ਪਰਮੇਸ਼ਰ ਨੇ ਤਾਂ ਕੇਵਲ ਇੱਕ ਹੀ ਰਸਤਾ ਦੱਸਿਆ ਹੈ ਜਿਹੜਾ ਕਿ ਉਸ (ਪਰਮੇਸ਼ਰ) ਤੱਕ ਲੈ ਜਾਣ ਵਿੱਚ ਸਮਰੱਥ ਹੈ । ਬਾਕੀ ਭਰਮ-ਗਿਆਨੀਆਂ ਦੁਆਰਾ ਦੱਸੀਆਂ ਹੋਈਆਂ ਸਭ ਮੱਤਾਂ (ਸੰਪਰਦਾਵਾਂ) ਲਈ ਗੁਰਬਾਣੀ ਅੰਦਰ ਭਗਤ ਕਬੀਰ ਜੀ ਦਾ ਗਉੜੀ ਗੁਆਰੇਰੀ ਰਾਗ ਵਿੱਚ ਫ਼ੁਰਮਾਨ ਇਉਂ ਦਰਜ ਹੈ,
ਫਾਸਨ ਕੀ ਬਿਧਿ ਸਭੁ ਕੋਊ ਜਾਨੈ ਛੂਟਨ ਕੀ ਇਕੁ ਕੋਈ ॥
ਕਹਿ ਕਬੀਰ ਰਾਮੁ ਰਿਦੈ ਬਿਚਾਰੈ ਸੂਤਕੁ ਤਿਨੈ ਨ ਹੋਈ ॥ (ਪੰਨਾ ੩੩੧)
ਉਪਰੋਕਤ ਕਥਨ ਤੋਂ ਇਹ ਸਪਸ਼ਟ ਹੁੰਦਾ ਹੈ ਕਿ ਸੰਸਾਰ ਵਿੱਚ ਪਰਮੇਸ਼ਰ ਦੀ ਪ੍ਰਾਪਤੀ ਲਈ ਭਾਵੇਂ ਕਿੰਨੀਆਂ ਵੀ ਮੱਤਾਂ (ਸੰਪਰਦਾਵਾਂ) ਹਨ ਜਾਂ ਭਾਵੇਂ ਕਿੰਨੀਆਂ ਵੀ ਹੋਰ ਕਿਉਂ ਨਾ ਹੋ ਜਾਣ ਪਰ ਇਸ ਭਵ-ਸਾਗਰ ਵਿੱਚੋਂ ਛੁਟਕਾਰਾ ਕਰਾਉਣ ਵਾਲੀ ਕੇਵਲ ਇੱਕੋ-ਇੱਕ ਬਿਧਿ ਗੁਰਮਤਿ ਅੰਦਰ ਦਰਜ ਹੈ, ਜਿਸ ਨੂੰ ਕਿ ਪਰਮੇਸ਼ਰ ਜੀ ਨੇ ਭਗਤ ਸਾਹਿਬਾਨ ਪਾਸੋਂ ਆਪ ਉਚਾਰਨ ਕਰਵਾਇਆ ਹੈ । ਇਹ ਕਹਿਣਾ ਅਗਿਆਨਤਾ ਹੈ ਕਿ ਸਾਰੇ 'ਧਾਰਮਕ ਮੱਤ' ਬਰਾਬਰ ਹਨ । ਭਾਵੇਂ ਕੁਝ ਗੱਲਾਂ ਉੱਪਰ ਇਨ੍ਹਾਂ ਸਾਰੀਆਂ ਮੱਤਾਂ (ਸੰਪਰਦਾਵਾਂ) ਦਾ ਮੇਲ ਜਰੂਰ ਹੈ ਪਰ ਸਚੁ ਨੂੰ ਪ੍ਰਤੱਖ ਰੂਪ ਵਿੱਚ ਸਮਝਾ (ਦਰਸਾ) ਦੇਣ ਦੇ ਮਾਮਲੇ 'ਚ ਗੁਰਬਾਣੀ ਹੀ ਪੂਰਨ ਸਮਰੱਥ ਹੈ ।
ਖਾਲਸੇ ਵਿੱਚ ਜਥੇਦਾਰੀਆਂ ਪੁਰਾਤਨ ਸਮੇਂ ਤੋਂ ਹੀ ਪ੍ਰਚੱਲਤ ਹਨ । ਜਥੇਦਾਰ, ਜਥੇਬੰਦੀ ਦੇ ਆਗੂਆਂ ਨੂੰ ਹੀ ਆਖਿਆ ਜਾਂਦਾ ਸੀ । ਗੁਰੁ ਨਾਨਕ ਸਾਹਿਬ ਤੋਂ ਪਹਿਲਾਂ ਭਗਤਾਂ ਦੇ ਸਮੇਂ ਜਾਂ ਉਸ ਤੋਂ ਵੀ ਪਹਿਲਾਂ ਕਿਸੇ ਅਜਿਹੀ ਜਥੇਬੰਦੀ ਦਾ ਕੋਈ ਜਿਕਰ ਨਹੀਂ ਮਿਲਦਾ, ਜਿਹੜੀ ਕਿ ਸਚੁ ਧਰਮ ਦੀ 'ਝੰਡਾ ਬਰਦਾਰ' ਹੋਵੇ । ਇਸੇ ਲਈ ਭਗਤਾਂ ਤੋਂ ਝੱਟਪੱਟ ਬਾਅਦ ਉਸ ਲਹਿਰ ਦਾ, ਜਿਸ ਨੂੰ ਕਿ ਭਗਤਾਂ ਦੁਆਰਾ ਚਲਾਇਆ ਗਿਆ ਸੀ, ਵਿਰੋਧੀਆਂ ਦੁਆਰਾ ਭੋਗ ਪਾ ਦਿੱਤਾ ਗਿਆ । ਅਸਲ ਵਿੱਚ ਜਦੋਂ-ਜਦੋਂ ਵੀ ਸਚੁ ਧਰਮ ਦੀ ਲਹਿਰ ਪ੍ਰਗਟ ਹੋਇਆ ਕਰਦੀ ਹੈ, ਉਦੋਂ-ਉਦੋਂ ਹੀ ਸੰਸਾਰ ਵਿੱਚ ਪ੍ਰਚਾਰੀਆਂ ਜਾ ਰਹੀਆਂ ਦੂਸਰੀਆਂ ਮੱਤਾਂ ਵੱਲੋਂ ਇਸ ਦਾ ਵਿਰੋਧ ਸ਼ੁਰੂ ਹੋ ਜਾਂਦਾ ਹੈ । ਕੋਈ ਵੀ ਅਨਮੱਤੀਆ ਆਪਣੀ ਮੱਤ ਦੀ ਕਮੀ ਨੂੰ ਦੂਰ ਕਰਨ ਦੀ ਥਾਂ, ਸਚੁ ਧਰਮ ਦਾ ਵਿਰੋਧ ਕਰਨ ਵਿੱਚ ਹੀ ਆਪਣਾ ਭਲਾ ਸਮਝਦਾ ਹੈ । ਹਰ ਕੋਈ ਆਪਣੀ ਮੱਤ ਨੂੰ ਸਹੀ ਸਿੱਧ ਕਰਨ ਲਈ ਆਪਣੀ ਪੂਰੀ ਵਾਹ ਲਾਉਂਦਾ ਹੈ । ਸਚੁ ਧਰਮ ਦੇ ਪ੍ਰਚਾਰ ਦਾ ਜੋਰ ਜਿਆਦਾ ਵੱਧ ਜਾਣ ਦੀ ਸੂਰਤ ਵਿੱਚ, ਇਹ ਸਾਰੇ ਅਨਮੱਤੀਏ ਆਪਾ-ਵਿਰੋਧ ਭੁਲਾ ਕੇ ਇਸ ਸੱਚੀ ਮੱਤ ਦੇ ਦੁਸ਼ਮਣ ਬਣ ਜਾਇਆ ਕਰਦੇ ਹਨ ।
ਸਚੁ ਧਰਮ ਦੀ ਇਸ ਮੱਤ ਵੱਲੋਂ ਚਲਾਈ ਗਈ "ਗਿਆਨ ਕੀ ਆਂਧੀ" ਸਾਹਮਣੇ ਇਨ੍ਹਾਂ ਮੱਤਾਂ ਦਾ ਆਪਣਾ ਵਜੂਦ ਤਹਿਸ-ਨਹਿਸ ਹੋਇਆ ਨਜ਼ਰ ਆਉਣ ਲੱਗ ਪੈਂਦਾ ਹੈ । ਇਸੇ ਲਈ ਗੁਰੂ-ਘਰ ਵੱਲੋਂ ਸਚੁ ਧਰਮ ਦੇ ਝੰਡਾ ਬਰਦਾਰ "ਖਾਲਸੇ" ਨੂੰ ਜਥੇਬੰਦ ਕਰਨ ਹਿੱਤ ਮੁਹਿੰਮ ਵਿੱਢੀ ਗਈ ਸੀ ।
ਗੁਰੂ-ਘਰ ਦੀ ਚੜ੍ਹਦੀ ਕਲਾ ਦੇਖ ਕੇ ਛੇਵੇਂ ਪਾਤਸ਼ਾਹ ਗੁਰ ਹਰਿਗੋਬਿੰਦ ਸਾਹਿਬ ਜੀ ਨੂੰ ਅਨਮੱਤੀਆਂ ਵੱਲੋਂ ਚਾਰ ਯੁੱਧ ਲੜਨ ਲਈ ਮਜ਼ਬੂਰ ਕੀਤਾ ਗਿਆ । ਭਾਵੇਂ ਇਨ੍ਹਾਂ ਚਾਰਾਂ ਯੁੱਧਾਂ ਵਿੱਚ ਫ਼ਤਹਿ ਛੇਵੇਂ ਪਾਤਸ਼ਾਹ ਜੀ ਦੀ ਹੀ ਹੋਈ, ਪਰ ਉਨ੍ਹਾਂ ਨੇ ਕਦੇ ਵੀ ਹਾਰ ਖਾ ਕੇ ਭੱਜਣ ਵਾਲਿਆਂ ਦਾ ਪਿੱਛਾ ਨਹੀਂ ਕੀਤਾ ਕਿਉਂਕਿ ਗੁਰੂ-ਘਰ ਦੀ ਲੜਾਈ ਨਾ ਤਾਂ ਸੰਸਾਰੀ ਰਾਜ ਲਈ ਸੀ ਅਤੇ ਨਾ ਹੀ ਕਿਸੇ ਹੋਰ ਲਾਲਚ ਵੱਸ । ਗੁਰੂ-ਘਰ ਦੀ ਲੜਾਈ ਤਾਂ ਸਚੁ ਧਰਮ 'ਤੇ ਹਮਲਾ ਕਰਨ ਵਾਲਿਆਂ ਵਿਰੁੱਧ, ਆਪਨੇ ਬਚਾਅ ਲਈ ਹੀ ਸੀ । ਸਚੁ ਧਰਮ ਦੇ ਝੰਡਾ ਬਰਦਾਰਾਂ ਨੂੰ ਕਿਸੇ ਉੱਤੇ ਹਮਲਾ ਕਰਨ ਦੀ ਆਗਿਆ ਨਹੀਂ । ਉਨ੍ਹਾਂ ਦੀ ਤਲਵਾਰ ਤਾਂ ਹੱਕ ਸਚੁ ਦਾ ਘਾਣ ਕਰਨ ਵਾਲੇ ਜਰਵਾਣਿਆਂ ਦੇ ਖਿਲਾਫ਼ ਹੀ ਉਠ ਸਕਦੀ ਹੈ । ਮਜਲੂਮ ਦੀ ਰਾਖੀ ਕਰਨਾ ਅਤੇ ਸਚੁ 'ਤੇ ਪਹਿਰਾ ਦੇਣਾ ਇਸ "ਪੰਥ ਖਾਲਸੇ" ਦੇ ਪੰਥੀਆਂ ਦਾ ਧਰਮ ਹੈ । ਇਸੇ ਲਈ ਕਸ਼ਮੀਰੀ ਪੰਡਤਾਂ ਦੇ ਵਿਰਲਾਪ ਸੁਣ ਕੇ ਨੌਵੇਂ ਪਾਤਸ਼ਾਹ ਗੁਰ ਤੇਗ ਬਹਾਦੁਰ ਸਾਹਿਬ ਜੀ ਨੇ ਦਿੱਲੀ ਦੀ ਹਕੂਮਤ ਨਾਲ ਟੱਕਰ ਲੈ ਕੇ ਆਪਣਾ ਬਲਿਦਾਨ ਦੇ ਦਿੱਤਾ ।
ਜਦੋਂ ਦਸਮ ਪਾਤਸ਼ਾਹ ਜੀ ਦੇ ਸਮੇਂ ਖਾਲਸੇ ਦੀ ਚੜ੍ਹਦੀ ਕਲਾ ਸਿਖਰਾਂ ਛੂਹ ਰਹੀ ਸੀ ਅਤੇ ਉਨ੍ਹਾਂ ਨੇ ਚਾਰ ਵਰਨਾਂ ਨੂੰ ਇੱਕੋ ਬਾਟੇ ਵਿੱਚ ਖੰਡੇ ਦੀ ਪਾਹੁਲ ਛਕਾ ਦਿੱਤੀ ਤਾਂ ਇਨ੍ਹਾਂ ਬ੍ਰਾਹਮਣਾਂ ਦੇ ਹਿਰਦੇ ਦਹਿਲ ਗਏ । ਇਨ੍ਹਾਂ ਨੇ ਝੱਟਪਟ ਮੌਲਾਣਿਆਂ ਨਾਲ ਮਿਲ ਕੇ ਸਚੁ ਧਰਮ ਨੂੰ ਖਤਮ ਕਰ ਦੇਣ ਦੀਆਂ ਵਿਉਂਤਾਂ ਬਨਾਉਣੀਆਂ ਆਰੰਭ ਕਰ ਦਿੱਤੀਆਂ । ਬਾਈ-ਧਾਰੀਏ ਰਾਜਪੂਤ ਰਾਜੇ, ਜਿਹੜੇ ਕਿ ਇਨ੍ਹਾਂ ਬ੍ਰਾਹਮਣਾਂ ਦੇ ਚੇਲੇ ਸਨ, ਦਸਮ ਪਾਤਸ਼ਾਹ ਜੀ ਦੇ ਵੈਰੀ ਬਣ ਗਏ । ਪਾਉਂਟਾ ਸਾਹਿਬ ਦੀ ਲੜਾਈ ਵਿੱਚ ਹਾਰ ਖਾਣ ਤੋਂ ਬਾਅਦ ਇਨ੍ਹਾਂ ਰਾਜਿਆਂ ਨੂੰ ਯਕੀਨ ਹੋ ਗਿਆ ਕਿ ਅਸੀਂ ਇਕੱਲੇ, ਇਸ ਸਚੁ ਧਰਮ ਦੇ ਪ੍ਰਚਾਰ ਦਾ ਮੂੰਹ ਬੰਦ ਕਰ ਦੇਣ ਵਿੱਚ ਕਾਮਯਾਬ ਨਹੀਂ ਹੋ ਸਕਦੇ । ਇਸ ਲਈ ਦਿੱਲੀ ਦੇ ਸਮਰਾਟ ਔਰੰਗਜੇਬ ਪਾਸੋਂ ਮੱਦਦ ਮੰਗੀ ਗਈ । ਉਸ ਤੋਂ ਬਾਅਦ ਅਨੰਦਪੁਰ ਸਾਹਿਬ ਨੂੰ ਘੇਰਾ ਪਾ ਲਿਆ ਗਿਆ, ਫਿਰ ਵਿ ਕਾਮਯਾਬੀ ਹੱਥ ਲੱਗਦੀ ਨਜ਼ਰ ਨਾ ਆਈ ਤਾਂ ਆਟੇ ਦੀ ਗਊ ਬਣਾ ਕੇ ਕਸਮਾਂ ਖਾਣ ਦਾ ਫਰੇਬ ਵੀ ਕੀਤਾ ਗਿਆ । ਕਿਲ੍ਹਾ ਛੱਡਣ ਉਪਰੰਤ ਜਿਸ ਤਰੀਕੇ ਨਾਲ, ਇਨ੍ਹਾਂ ਅਨਮੱਤੀਆਂ ਵੱਲੋਂ ਸਚੁ ਧਰਮ ਦਾ ਖੁਰਾ-ਖੋਜ ਮਿਟਾ ਦੇਣ ਲਈ, ਧੋਖਾ ਕੀਤਾ ਗਿਆ, ਉਹ ਕਿਸੇ ਕੋਲੋਂ ਵੀ ਲੁਕਿਆ ਹੋਇਆ ਨਹੀਂ ਹੈ । ਕਹਿਣ ਤੋਂ ਭਾਵ ਇਹ ਹੈ ਕਿ ਨੌਵੇਂ ਪਾਤਸ਼ਾਹ ਦੀ ਸ਼ਹਾਦਤ ਤੋਂ ਤੀਹ-ਬੱਤੀ ਸਾਲ ਦੇ ਅੰਦਰ-ਅੰਦਰ ਹੀ ਉਹ ਕਿਹੜੇ ਕਾਰਨ ਸਨ, ਜਿਨ੍ਹਾਂ ਕਰਕੇ ਇਹ 'ਬਾਈਧਾਰ ਦੇ ਹਿੰਦੂ ਰਾਜੇ', ਉਸੇ ਪਾਤਸ਼ਾਹ ਦੇ ਖਾਨਦਾਨ ਦਾ ਖੁਰਾ-ਖੋਜ ਮਿਟਾ ਦੇਣ ਲਈ ਚਿੰਤਾਤੁਰ ਹੋ ਗਏ, ਜਿਸ ਪਾਤਸ਼ਾਹ ਨੇ ਇਨ੍ਹਾਂ ਨੂੰ ਮੁਸਲਮਾਨ ਹੋਣੋਂ ਬਚਾਇਆ ਸੀ । ਗੁਰੂ-ਘਰ ਵੱਲੋਂ ਪੱਥਰ-ਪੂਜਾ ਦੀ ਇਤਨੀ ਤੀਬਰ ਵਿਰੋਧਤਾ ਪਹਿਲੇ ਪਾਤਸ਼ਾਹ ਵੇਲੇ ਕਦੇ ਨਹੀਂ ਸੀ ਹੋਈ, ਜਿਤਨੀ ਕਿ ਦਸਮ ਪਾਤਸ਼ਾਹ ਵੇਲੇ ਹੋਣ ਲੱਗ ਪਈ ਸੀ, ਜਿਹੜੀ ਕਿ ਪਹਾੜੀ ਰਾਜਿਆਂ ਅਤੇ ਉਨ੍ਹਾਂ ਦੇ ਮੋਹਰੀ/ਆਗੂ ਪੰਡਿਤਾਂ ਨੂੰ ਅਤਿ ਕੌੜੀ ਲੱਗਦੀ ਸੀ । ਮੁਸਲਮਾਨ ਧਰਮ ਦੇ ਵੀ ਬਹੁਤ ਸਾਰੇ ਫਕੀਰ ਗੁਰੂ-ਘਰ ਉੱਪਰ ਭਰੋਸਾ ਕਰਨ ਲੱਗ ਪਏ ਸਨ, ਜਿਸ ਕਰਕੇ ਮੌਲਾਣੇ ਭੀ ਦਿਨੋ-ਦਿਨ ਚਿੰਤਤ ਹੁੰਦੇ ਜਾ ਰਹੇ ਸਨ । ਇਹੀ ਕਾਰਨ ਸੀ ਦਸਮ ਪਾਤਸ਼ਾਹ ਤੋਂ ਬਾਅਦ ਇਸ ਸਚੁ ਧਰਮ ਉੱਤੇ ਕਹਿਰ ਢਾਹੇ ਜਾਣ ਦਾ । ਉਸ ਵੇਲੇ ਦੇ ਹਿੰਦੂਆਂ ਨੂੰ ਤਾਂ ਮੁਸਲਮਾਨਾਂ ਨਾਲੋਂ ਵੀ ਵਧੇਰੇ ਖਤਰਾ ਦਿਖਾਈ ਦੇ ਰਿਹਾ ਸੀ । ਇਸੇ ਲਈ ਉਨ੍ਹਾਂ ਨੇ ਮੁਗਲ ਹਕੂਮਤ ਨਾਲ ਮਿਲ ਕੇ ਇਸ ਸਚੁ ਧਰਮ ਦੇ ਪ੍ਰਚਾਰ ਦਾ ਖੁਰਾ-ਖੋਜ ਮਿਟਾ ਦੇਣ ਦੀਆਂ ਵਿਉਂਤਾਂ ਘੜਨੀਆਂ ਜਾਰੀ ਰੱਖੀਆਂ । ਖਾਲਸੇ ਨੂੰ ਘਰ-ਬਾਰ ਛੱਡ ਕੇ ਜੰਗਲਾਂ ਵਿੱਚ ਦਿਨ ਕਟੀ ਕਰਨ ਲਈ ਮਜਬੂਰ ਹੋਣਾ ਪਿਆ, ਪਰ ਉਨ੍ਹਾਂ ਨੇ ਸਚੁ ਧਰਮ ਨਾਲੋਂ ਆਪਣਾ ਨਾਤਾ ਨਹੀਂ ਤੋੜਿਆ ।
ਅੱਜ ਸਾਡੇ ਕੋਲ ਸਿੱਖੀ ਦੇ ਪ੍ਰਚਾਰ ਦਾ ਵਿਗੜਿਆ ਹੋਇਆ ਸਰੂਪ, ਉੱਪਰ ਦੱਸੇ ਗਏ ਇਤਿਹਾਸ ਦੀ ਹੀ ਦੇਣ ਹੈ । ਇਹ ਸਭ ਕੁਝ ਲਿਖਣ ਦਾ ਮਤਲਬ ਇਹ ਹੈ ਕਿ ਸਿੱਖ ਰਾਜ ਹੋਣ ਦੇ ਬਾਵਜੂਦ ਵੀ ਅਸੀਂ ਅੱਜ ਤੱਕ ਗੁਰਮਤਿ ਵਿੱਚ ਦਰਸਾਏ ਗਏ ਪੰਥ ਨੂੰ ਪਛਾਣ ਲੈਣ ਵਿੱਚ ਅਸਮਰੱਥ ਰਹੇ ਹਾਂ, ਜਿਸ ਕਾਰਨ ਸਾਨੂੰ ਹੁਣ ਵੀ ਗੁਰੂ-ਘਰ ਦੇ ਕੁਝ ਦੋਖੀ, 'ਕੇਸਾਧਾਰੀ-ਹਿੰਦੂ' ਆਖ ਕੇ ਚਿੜਾ ਰਹੇ ਹਨ । ਅਸੀਂ ਇਹ ਮੰਨਦੇ ਹਾਂ ਕਿ ਗੁਰਬਾਣੀ ਦੇ ਬਹੁਤੇ (ਸਾਰੇ) ਟੀਕੇ ਸਾਨੂੰ ਬਿਪਰਵਾਦ ਦੀਆਂ ਲੀਹਾਂ ਉੱਪਰ ਹੀ ਤੋਰੀ ਜਾ ਰਹੇ ਹਨ । ਜਿਨ੍ਹਾਂ ਲੋਕਾਂ ਨੇ ਪਿਛਲੇ ਸਮੇਂ ਗੁਰਬਾਣੀ ਨੂੰ ਅਰਥਾਇਆ ਜਾਂ ਅਰਥਾਉਣ ਵਾਲਿਆਂ ਨਾਲ ਸਹਿਯੋਗ ਦਿੱਤਾ, ਉਨ੍ਹਾਂ 'ਚੋਂ ਬਹੁਤਿਆਂ ਦਾ ਮੰਤਵ ਹੀ ਕਾਸ਼ੀ-ਮੱਤ ਅਤੇ ਸਿੱਖ ਮੱਤ ਨੂੰ ਰਲਗੱਡ ਕਰ ਦੇਣ ਦਾ ਸੀ ।
ਇੱਥੇ ਇਹ ਗੱਲ ਦੱਸਣੀ ਵੀ ਜ਼ਰੂਰੀ ਬਣਦੀ ਹੈ ਕਿ ਉਹ ਅਖੌਤੀ ਸਿੱਖ ਰਾਜੇ, ਜਿਹੜੇ ਕਿ ਪੰਥ ਖਾਲਸੇ ਦੇ ਸਰਬ-ਰਾਹ ਬਣੇ ਹੋਏ ਸਨ, ਉਹ ਆਪਣੀਆਂ ਸਿਆਸੀ ਮਜਬੂਰੀਆਂ ਕਾਰਨ ਗੁਰਮਤਿ ਦੇ ਦੋਖੀਆਂ ਨਾਲ ਅੰਦਰ-ਖਾਤੇ ਮਿਲੇ ਹੋਏ ਸਨ ਕਿਉਂਕਿ ਉਨ੍ਹਾਂ ਨੂੰ ਗੁਰਮਤਿ ਦੇ ਪ੍ਰਚਾਰ ਨਾਲੋਂ ਆਪਣੀਆਂ ਗੱਦੀਆਂ ਦੀ ਵਧੇਰੇ ਚਿੰਤਾ ਸੀ । ਪੋਥੀ ਸਾਹਿਬ ਜੀ ਦੀ ਬਾਣੀ ਵਿੱਚ ਰਲਾ ਪਾ ਦੇਣ ਦੀ ਹਿੰਮਤ ਤਾਂ ਉਨ੍ਹਾਂ ਵਿੱਚ ਨਹੀਂ ਸੀ ਪਰ ਉਨ੍ਹਾਂ ਨੇ ਅਖੌਤੀ ਸਿੱਖ ਬ੍ਰਾਹਮਣਾਂ ਕੋਲੋਂ ਗੁਰਬਾਣੀ ਨੂੰ ਇਸ ਢੰਗ ਨਾਲ ਅਰਥਾਉਣ ਦੀ ਸਾਜਿਸ਼ ਰਚੀ, ਜਿਸ ਨਾਲ "ਸਿੱਖ ਮੱਤ" ਦਾ ਸਰੂਪ, "ਹਿੰਦੂ ਮੱਤ" ਜਿਹਾ ਹੀ ਲੱਗਣ ਲੱਗ ਪਿਆ । ਬਿਪਰਵਾਦੀ ਸੋਚ ਵਾਲਿਆਂ ਨੇ ਆਪਣੀ ਸ਼ਾਤਰ-ਬੁੱਧੀ ਨਾਲ ਅਜਿਹੀਆਂ ਸਾਖੀਆਂ ਘੜ ਕੇ ਗੁਰਮਤਿ ਨਾਲ ਜੋੜ ਦਿੱਤੀਆਂ, ਜਿਨ੍ਹਾਂ ਨੂੰ ਸਮਝ ਲੈਣਾ, ਸਧਾਰਨ ਵਿਦਵਾਨਾਂ ਦੇ ਵੱਸ ਤੋਂ ਬਾਹਰ ਦੀ ਗੱਲ ਬਣੀ ਹੋਈ ਹੈ ।
:~ ਧਰਮ ਸਿੰਘ ਨਿਹੰਗ ਸਿੰਘ ~: