June 6, 2014

Sikhi Atay Ajoke Sikh

ਸਿੱਖੀ ਅਤੇ ਅਜੋਕੇ ਸਿੱਖ
'ਸਿੱਖ ਪਛਾਣ' ਦੀ ਚਿੰਤਾ ਸਹੀ ਗੁਰਮਤਿ ਪਰਚਾਰ ਹੀ ਦੂਰ ਕਰੇਗਾ ।


'ਸਿੱਖੀ' ਗੁਰਮਤਿ ਵਿਚਾਰਧਾਰਾ ਦਾ ਨਾਉਂ ਹੈ । ਕਿਸੇ ਭੇਖ ਨਾਲ ਇਸ ਦਾ ਕੋਈ ਸੰਬੰਧ ਨਹੀਂ , ਕਿਓਂਕਿ ਗੁਰਮਤਿ ਅੰਦਰ ਭੇਖ ਨੂੰ ਨਕਾਰਿਆ ਤਾਂ ਹੋਇਆ ਹੈ ਪਰ ਸਵੀਕਾਰਿਆ ਨਹੀਂ ਹੋਇਆ । 'ਸਿੱਖੀ' ਉਹ ਸਿਖਿਆ ਹੈ , ਜਿਹੜੀ ਕਿ ਗੁਰਬਾਣੀ ਅੰਦਰ ਪੰਡਿਤਾਂ, ਪਾਂਧਿਆਂ, ਜੋਗੀਆਂ, ਨਾਥਾਂ, ਸੰਨਿਆਸੀਆਂ , ਬੈਰਾਗੀਆਂ, ਸਰੇਵੜਿਆਂ, ਕਾਜੀਆਂ, ਮੌਲਾਣਿਆਂ, ਸ਼ੇਖਾਂ, ਪੀਰਾਂ, ਫਕੀਰਾਂ ਆਦਿ ਜੋ ਉਸ ਸਮੇਂ ਗੁਰੂ-ਘਰ ਦੇ ਸੰਪਰਕ ਵਿੱਚ ਆਇਆ, ਲਈ ਦਰਜ ਹੈ । ਕਹਿਣ ਦਾ ਭਾਵ ਇਹ ਹੈ ਕਿ ਉਪਰੋਕਤ ਸਭਨਾਂ ਕਿਸਮ ਦੇ ਭੇਖਧਾਰੀਆਂ ਨੂੰ , ਗੁਰਮਤਿ ਨੇ ਸੱਚ ਦੀ ਸੋਝੀ ਦਾ ਰਾਹ ਦੱਸਿਆ । ਕਿਸੇ ਭੀ ਗੁਰ ਸਾਹਿਬ ਨੇ ਜਾਂ ਭਗਤਾਂ ਵਿੱਚੋਂ ਕਿਸੇ ਨੇ ਕਦੇ ਆਪਣੇ ਵੱਲੋਂ ਕਿਸੇ ਸਿਖਿਆਰਥੀ ਨੂੰ, ਪੁਰਾਣਾ ਭੇਖ ਛੱਡ ਕੇ, ਕਿਸੇ ਨਵੇਂ ਭੇਖ ਨੂੰ ਧਾਰ ਲੈਣ ਲਈ ਨਹੀਂ ਸੀ ਆਖਿਆ । ਕੇਵਲ ਉਸ ਨੂੰ ਗੁਰਮਤਿ ਵਿਚਾਰਧਾਰਾ ਅਪਣਾਅ ਲੈਣ ਲਈ ਹੀ ਕਿਹਾ ਸੀ । ਅਜਿਹਾ ਸ਼ਾਇਦ ਇਸ ਲਈ ਕਿ ਸਾਰੀ ਦੁਨੀਆਂ ਦੀ ਵਿਚਾਰਧਾਰਾ ਕੇਵਲ ਬਾਹਰਲੀ ਅਨੇਕਤਾ ਦੀ ਹੋਂਦ ਵਿੱਚ ਹੀ ਬਦਲ ਕੇ "ਇੱਕ" ਕੀਤੀ ਜਾ ਸਕਦੀ ਹੈ । ਟਕਰਾਉ ਦਾ ਕਾਰਨ , ਵਿਚਾਰਧਾਰਾ ਹੀ ਹੁੰਦੀ ਹੈ ਭੇਖ ਨਹੀਂ ਹੁੰਦਾ ।                                                               ਦਸਮ ਪਾਤਸ਼ਾਹ ਨੇ ਭਾਵੇਂ 'ਖਾਲਸੇ' ਨੂੰ ਇੱਕ ਨਿਸਚਤ ਵਰਦੀ ਧਾਰਨ ਕਰਨ ਲਈ ਪਾਬੰਦ ਕੀਤਾ ਪਰ ਇਸ ਨੂੰ ਅਸੀਂ ਭੇਖ ਇਸ ਲਈ ਨਹੀਂ ਆਖ ਸਕਦੇ ਕਿਓਂਕਿ ਸਤਿਗੁਰ ਜੀ ਨੇ ਖਾਲਸਾ ਅਕਾਲ ਪੁਰਖ (ਪ੍ਰਮੇਸ਼ਰ) ਕੀ ਫੌਜ ਬਣਾਈ ਹੈ, ਜਿਸ ਨੂੰ ਸੱਚ 'ਤੇ ਪਹਿਰਾ ਦੇਣ ਲਈ ਭੇਖੀਆਂ ਦੇ ਚੇਲਿਆਂ ਦੀਆਂ ਫੌਜਾਂ ਨਾਲ, ਜੰਗ ਕਰਨ ਸਮੇਂ ਆਪਣੀ ਵੱਖਰੀ ਪਛਾਣ ਦੀ ਲੋੜ ਹੈ ਤਾਂ ਕਿ ਆਪਣੇ, ਆਪਣਿਆਂ ਉਤੇ ਹੀ ਗਲਤੀ ਨਾਲ ਵਾਰ ਨਾ ਕਰ ਦੇਣ । ਦਸਮ ਪਾਤਸ਼ਾਹ ਨੇ 'ਖਾਲਸੇ' ਤੋਂ ਆਪ "ਖੰਡੇ ਦੀ ਪਾਹੁਲ" ਪਾਨ ਕਰਕੇ, ਇਹ ਸੰਕੇਤ ਉਦੋਂ ਹੀ ਦੇ ਦਿੱਤਾ ਸੀ ਕਿ ਅੱਜ ਤੋਂ ਬਾਅਦ ਖਾਲਸਾ ਪੰਥ ਦੀ ਵਾਗਡੋਰ ਖਾਲਸਾ ਆਪ ਹੀ ਸੰਭਾਲੇਗਾ । ਹੁਣ ਇਸ ਨੂੰ ਕਿਸੇ ਦੂਸਰੇ ਵਿਅਕਤੀ ਤੋਂ ਸੇਧ ਲੈਣ ਦੀ ਬਜਾਏ ਕੇਵਲ ਗੁਰਬਾਣੀ ਤੋਂ ਹੀ ਸੇਧ ਚੱਲਣ ਦੀ ਲੋੜ ਹੈ । ਗੁਰ-ਵਿਅਕਤੀ ਦੀ ਜਿੰਮੇਵਾਰੀ ਉਦੋਂ ਤੋਂ ਹੀ ਦਸਮ ਪਾਤਸ਼ਾਹ ਨੇ ਖਾਲਸੇ ਨੂੰ ਸੌਪ ਦਿੱਤੀ ਹੈ । ਭਾਵੇਂ ਇਸ ਗੱਲ ਨੂੰ ਅੱਜ ਤਕ ਭੀ ਖਾਲਸੇ ਨੇ ਗੰਭੀਰਤਾ ਨਾਲ ਨਾ ਵਿਚਾਰਿਆ ਅਤੇ ਨਾ ਪਰਚਾਰਿਆ । ਜੇ ਇਸ ਗੱਲ ਨੂੰ ਗੰਭੀਰਤਾ ਨਾਲ ਵਿਚਾਰਿਆ ਅਤੇ ਪਰਚਾਰਿਆ ਜਾਂਦਾ ਤਾਂ ਅੱਜ ਨਿਤ ਨਵੇਂ ਬਨਾਉਟੀ ਢੋਂਗੀ ਗੁਰੂਆਂ ਦੇ ਕਿੱਸੇ ਵੇਖਣ ਅਤੇ ਸੁਣਨ ਨੂੰ ਨਾ ਮਿਲਦੇ, ਨਾ ਜੀ ਅੱਜ ਇਸ ਭੇਖੀ ਸੰਤਾਂ ਦੀਆਂ ਢਾਣੀਆਂ ਹੀ ਪੈਦਾ ਹੁੰਦੀਆਂ ।
                                       ਦਸਮ ਪਾਤਸ਼ਾਹ ਤੋਂ ਬਾਅਦ ਜਿਹੜਾ ਮਾਹੋਲ ਖਾਲਸੇ ਨੂੰ ਵਿਰਸੇ ਵਿੱਚ ਮਿਲਿਆ ਉਹ ਖਾਲਸੇ ਦੀ ਉਹ ਖਾਲਸੇ ਦੀ ਕਠਨ ਪ੍ਰੀਖਿਆ ਦਾ ਦੌਰ ਸੀ । ਖਾਲਸੇ ਨੂੰ ਆਪਣੀ ਹੋਣ ਕਾਇਮ ਰੱਖ ਸਕਣਾ ਹੀ ਮੁੱਖ ਮਸਲਾ ਬਣ ਗਿਆ । ਸਿੱਖੀ ਦੇ ਪ੍ਰਚਾਰ ਦੀ ਗੱਲ ਦੂਜੇ ਨੰਬਰ 'ਤੇ ਰਹਿ ਗਈ । ਖਾਲਸੇ ਉਪਰ ਝੱਖੜ-ਝੋਲਿਆਂ ਦਾ ਇਹ ਦੌਰ, ਇਤਨੇ ਲੰਬੇ ਸਮੇਂ ਤੱਕ ਚਲਦਾ ਰਿਹਾ ਕਿ ਗੁਰਮਤਿ ਦੀ ਸੋਝੀ ਰੱਖਣ ਵਾਲੇ ਸਿੰਘ ਸਾਰੇ ਹੀ ਜਾਂ ਤਾਂ ਸ਼ਹੀਦ ਹੋ ਗਏ ਜਾਂ ਫਿਰ ਆਪਣੀ ਆਈ ਭੋਗ ਕੇ ਪਰਲੋਕ ਸਿਧਾਰ ਗਏ । ਗੁਰਬਾਣੀ ਦੀ ਪੜ੍ਹਾਈ ਦਿਨ-ਰਾਤ ਘੋੜਿਆਂ ਦੀਆਂ ਕਾਠੀਆਂ ਉਤੇ ਰਹਿ ਕੇ ਕਿਵੇਂ ਹੋ ਸਕਦੀ ਸੀ ? ਕੇਵਲ ਪ੍ਰਮੇਸ਼ਰ ਦੇ ਭਾਣੇ ਨੂੰ ਮਿੱਠਾ ਕਰਕੇ ਮੰਨਦੇ ਰਹਿਣਾ ਜੋ ਕਿ ਗੁਰਬਾਣੀ ਦਾ ਤੱਤ-ਸਾਰ ਹੈ, ਤੱਕ ਹੀ ਗੁਰਮਤਿ ਦੀ ਸੋਝੀ ਨੂੰ ਸੀਮਤ ਰੱਖ ਲਿਆ ਗਿਆ । ਖਾਲਸਾ ਪ੍ਰਮੇਸ਼ਰ ਦੇ ਭਾਣੇ (ਹੁਕਮ) ਨੂੰ ਖਿੜੇ- ਮੱਥੇ ਝਲਦਾ, ਸਮੇਂ ਦੇ ਝਖੜ- ਝੋਲਿਆਂ ਨਾਲ ਜੂਝਦਾ , ਬੇਪਰਵਾਹੀ ਦਾ ਜੀਵਨ ਬਸਰ ਕਰਦਾ ਰਿਹਾ ।
          ਭਾਵੇਂ ਉਹ ਸਮਾਂ ਭੀ ਆਇਆ , ਜਦੋਂ ਖਾਲਸਾ ਆਪਣੀ ਹੋਂਦ ਨੂੰ ਕਾਇਮ ਰੱਖਣ ਦੇ ਨਾਲ ਨਾਲ ਸੰਸਾਰੀ ਰਾਜ-ਭਾਗ ਦਾ ਮਾਲਕ ਭੀ ਬਣ ਗਿਆ । ਸੰਸਾਰੀ ਰਾਜ-ਭਾਗ ਨੇ ਖਾਲਸੇ ਨੂੰ ਸਚ੍ਚ ਧਰਮ ਤੋਂ ਥਿੜਕਾ ਦਿੱਤਾ । ਸੱਚ ਦਾ ਪ੍ਰੇਮੀ ਖਾਲਸਾ ਮਾਇਆ ਦੇ ਪ੍ਰਭਾਵ ਕਾਰਨ, ਭੇਖਧਾਰੀਆਂ ਨੇ ਅਧੀਨ ਹੁੰਦਾ ਚਲਿਆ ਗਿਆ । ਅਬਿਨਾਸ਼ੀ ਰਾਜ ਦਾ ਇੱਛੁਕ ਖਾਲਸਾ , ਸੰਸਾਰੀ ਰਾਜ ਦੀ ਪ੍ਰਾਪਤੀ ਲਈ ਗੁਰੂ ਤੋਂ ਮੁਖ ਮੋੜ ਗਿਆ । ਰਾਜ-ਭਾਗ ਨੂੰ ਕਾਇਮ ਰੱਖਣ ਲਈ ਉਨ੍ਹਾਂ ਸ਼ਕਤੀਆਂ ਦਾ ਗੁਲਾਮ ਹੋ ਗਿਆ ਜਿਹੜੀਆਂ ਸ਼ਕਤੀਆਂ, ਸਿੱਖੀ ਨੂੰ ਹੀ ਮਿਟਾ ਦੇਣਾ ਚਾਹੁੰਦੀਆਂ ਸਨ । ਇਹ ਉਹ ਸਮਾਂ ਸੀ, ਜਦੋਂ ਸਿੱਖੀ ਦਾ ਪ੍ਰਚਾਰ ਦੁਬਾਰਾ ਆਰੰਭ ਹੋਇਆ । ਕਈ ਇਤਿਹਾਸਿਕ ਪੋਥੀਆਂ ਗੁਰ-ਇਤਿਹਾਸ ਦੇ ਨਾਉਂ ਹੇਠ ਤਿਆਰ ਕਰਵਾਈਆਂ ਗਈਆਂ, ਜਿਨ੍ਹਾਂ ਦਾ ਅਸਲ ਕੰਮ, ਗੁਰਮਤਿ ਨੂੰ ਦਿਸ਼ਾਹੀਨ ਕਰ ਦੇਣ ਦਾ ਹੀ ਸੀ । ਪੜ੍ਹੇ-ਲਿਖੇ ਪੰਡਿਤਾਂ ਨੂੰ ਸਿੱਖੀ ਭੇਖ ਧਾਰਨ ਕਰਵਾ ਕੇ ਗੁਰਬਾਣੀ ਦਾ ਟੀਕਾ ਤਿਆਰ ਕਰਵਾ ਲਿਆ ਗਿਆ , ਜਿਸ ਦਾ ਵਿਰੋਧ ਉਸ ਸਮੇਂ ਦੇ ਗੁਰਸਿਖਾਂ ਨੇ ਭੀ ਜੋਰ-ਸ਼ੋਰ ਨਾਲ ਤਾਂ ਕੀਤਾ, ਪਰ ਗੁਰਬਾਣੀ ਨੂੰ ਅਰਥਾਉਣ ਦੀ ਸਮਰੱਥਾ ਉਨ੍ਹਾਂ ਸਿੱਖਾਂ ਕੋਲ ਭੀ ਨਹੀਂ ਸੀ । ਇਸ ਲਈ ਬਿਪਰਵਾਦ ਦੇ ਪ੍ਰਚਾਰ ਨੂੰ ਹੀ ਸੱਚ ਦਾ ਪ੍ਰਚਾਰ ਮੰਨ ਕੇ ਪ੍ਰਚਾਰਿਆ ਜਾਂਦਾ ਰਿਹਾ ਜਿਸ ਦਾ ਸਿੱਟਾ ਅੱਜ ਸਾਡੇ ਸਾਹਮਣੇ ਹੈ । ਪਿਛਲੇ ਦਿਨੀ ਅਮਰੀਕਾ ਅਤੇ ਹੋਰ ਇੱਕੜ ਦੁੱਕੜ ਯੂਰਪੀਨ ਦੇਸ਼ਾਂ ਵਿਚ ਸਿੱਖਾਂ 'ਤੇ ਹਮਲੇ ਇਸ ਲਈ ਹੋ ਗਏ ਕਿਉਂਕਿ ਸਿੱਖਾਂ ਅਤੇ ਅਫਗਾਨਾਂ ਦਾ ਬਾਹਰੀ ਸਰੂਪ ਇਕੋ ਜਿਹਾ ਹੈ ।
                                             ਸਾਡੇ ਮਿਸ਼ਨਰੀ, ਜਿਨ੍ਹਾ ਦੀ ਤਾਦਾਦ ਕਾਫੀ ਜ਼ਿਆਦਾ ਹੈ ਅਤੇ ਯੂਰਪੀਨ ਦੇਸ਼ਾਂ ਵਿਚ ਭੀ ਉਨ੍ਹਾਂ ਦੇ ਪੜ੍ਹੇ-ਪੜ੍ਹਾਏ, ਕਾਫੀ ਪ੍ਰਚਾਰਕ ਘੁੰਮਦੇ ਰਹਿੰਦੇ ਹਨ । ਉਨ੍ਹਾਂ ਦਾ ਪ੍ਰਚਾਰ ਗੁਰਮਤਿ ਦੀ ਵਿਚਾਰਧਾਰਕ ਸੋਝੀ ਕਰਵਾਉਣ ਦੀ ਬਜਾਏ ਕੇਵਲ ਰਹਿਤ ਮਰਯਾਦਾ ਅਤੇ ਭੇਖ ਤਕ ਹੀ ਸੀਮਤ ਹੈ । ਹੁਣ ਯੂਰਪ ਦੇ ਲੋਕਾਂ ਨੂੰ ਸਿੱਖੀ ਤੋਂ ਜਾਣੂੰ ਕਰਾਉਣ ਦੀ ਲੋੜ ਪੈ ਗਈ ਹੈ । ਸਿੱਖੀ ਦੀ ਸੋਝੀ ਕਰਾ ਦੇਣ ਵਿਚ ਪ੍ਰਚਾਰਕ ਜਾਂ ਚਿਟਕੱਪੜੀਏ ਸੰਤਾਂ ਦੀ ਟੋਲੀ ਜਾਂ ਸਾਡੀਆਂ ਸੰਪ੍ਰਦਾਵਾਂ ਦੇ ਪੜ੍ਹਾਏ ਹੋਏ ਗਿਆਨੀ, ਯੁਨੀਵਰਸਟੀਆਂ ਦੇ ਵਿਦਵਾਨ ਜਾਂ ਨਾਮਧਾਰੀਆਂ ਦਾ ਅਖੌਤੀ ਸਤੀਗੁਰੁ ਅਤੇ ਉਸ ਦੇ ਚੇਲੇ, ਸਾਰੇ ਦੇ ਸਾਰੇ ਅਸਫਲ ਹੋ ਚੁਕੇ ਹਨ । ਸੰਸਾਰੀ ਨੂ ਅੱਜ ਲੋੜ ਹੈ ਉਸ ਗੁਰਮੁਖਿ ਬੁਧਿ ਦੀ, ਜਿਹੜੀ ਗੁਰਮਤਿ ਦੀ ਵਿਚਾਰਧਾਰਕ ਸੋਝੀ ਕਰਾ ਦੇਣ ਦੀ ਸਮਰੱਥਾ ਰਖਦੀ ਹੋਵੇ ।
                                                        ਪਿਛਲੀ ਵੀਹਵੀਂ ਸਾਡੀ ਦੇ ਆਰੰਭ ਤੋਂ ਹੀ ਗੁਰਸਿੱਖ, ਗੁਰਮਤਿ ਦੇ ਸਹੀ ਪ੍ਰਚਾਰ ਦੀ ਚਿੰਤਾ ਵਿੱਚ ਲਗੇ ਹੋਏ ਹਨ । ਇਸ ਖੇਤਰ ਵਿਚ ਭਾਵੇਂ ਬਹੁਤ ਸਾਰਾ ਕੰਮ, ਉਨ੍ਹਾਂ ਦੇ ਉਪਰਾਲਿਆਂ ਸਦਕਾ ਅੱਜ ਤੱਕ ਹੋਇਆ ਭੀ ਹੈ ਪਰ ਗੁਰਮਤਿ ਦੇ ਪ੍ਰਚਾਰ ਵਿੱਚ ਪਾਖੰਡਵਾਦ ਨੂੰ ਬਾਹਰ ਕੱਢ ਕੇ ਦੁਧ ਅਤੇ ਪਾਣੀ ਨੂੰ ਵੱਖਰਾ-ਵੱਖਰਾ ਕਰ ਦੇਣ ਦਾ ਅਸਲੀ ਕੰਮ ਬਾਕੀ ਹੈ । ਨਿਰੋਲ ਸਿੱਖੀ ਹੀ ਗੁਰਸਿੱਖ ਨੂੰ ਆਪਣੇ ਮੂਲ ਨਾਲ ਜੋੜ ਦੇਣ ਵਿਚ ਸਮਰੱਥ ਹੈ ।
                                                   ਗੁਰਮਤਿ ਅੰਦਰ ਆਤਮਕ ਗਿਆਨ ਭਾਵ ਆਪਣੇ 'ਨਿਰਾਕਾਰੀ ਸਰੂਪ' ਨੂੰ ਜਾਣ ਲੈਣ ਦੀ ਸੋਝੀ ਦਰਜ ਹੈ ਪਰ ਅੱਜ ਗੁਰਮਤਿ ਦਾ ਇਹ ਪੱਖ, ਸਾਡੇ ਪਰ੍ਚਾਰ ਵਿਚੋਂ ਉੱਕਾ ਹੀ ਗਾਇਬ ਹੈ । ਅੱਜ ਰਾਧਾ ਸੁਆਮੀਆਂ ਅਤੇ ਹੋਰ ਅਨਮੱਤੀਆਂ, ਦੰਭੀ ਗੁਰੂਆਂ ਦੇ ਸਵਾਲਾਂ ਦੇ ਜਵਾਬ ਸਾਡੇ ਪ੍ਰਚਾਰਕ ਨਹੀਂ ਦੇ ਰਹੇ । ਇਸੇ ਲਈ ਸਿੱਖ ਸੰਗਤ , ਰਾਧਾ ਸੁਆਮੀਆਂ, ਅਖੌਤੀ ਸੰਤਾਂ ਅਤੇ ਦੰਭੀ-ਫਰੇਬੀ ਗੁਰੂਆਂ ਦੇ ਭਰਮ-ਜਾਲ ਵਿੱਚ ਫਸਦੀ ਚਲੀ ਜਾ ਰਹੀ ਹੈ । ਉਨ੍ਹਾਂ ਨੂੰ ਭਰਮ-ਜਾਲ ਦੀ ਸੋਝੀ ਕਰਵਾਉਣ ਵਾਲਾ, ਅੱਜ ਸਿੱਖਾਂ ਕੋਲ ਕੋਈ ਪ੍ਰਚਾਰਕ ਨਹੀਂ ਦਿੱਸਦਾ, ਜਿਹੜਾ ਕਿ ਗੁਰਮਤਿ ਦੀ ਰੋਸ਼ਨੀ ਦੁਆਰਾ ਸਿੱਖ ਸੰਗਤ ਨੂੰ ਇਨ੍ਹਾਂ ਦੇ ਭਰਮ-ਜਾਲ ਦਾ ਗਿਆਨ (ਦਰਸ਼ਨ) ਕਰਵਾ ਸਕੇ । ਜੇ ਗੁਰਮਤਿ ਦਾ ਸਹੀ ਪ੍ਰਚਾਰ ਗੁਰਦਵਾਰਿਆ ਵਿਚੋਂ ਕੀਤਾ ਜਾ ਰਿਹਾ ਹੁੰਦਾ ਤਾਂ ਅੱਜ ਭਨਿਆਰਾ ਵਾਲੇ ਪਿਆਰੇ, ਪ੍ਰਮੇਸ਼ਰ ਦੇ ਦੁਰਕਾਰੇ ਆਪਣੇ ਪਾਪਾਂ ਦੇ ਮਾਰੇ, ਜਿਹੇ ਨੀਚ ਕਰਮੀ ਪੈਦਾ ਹੀ ਨਹੀਂ ਸਨ ਹੋ ਸਕਦੇ ।
ਸੱਚ ਤਾਂ ਇਹ ਹੈ ਕਿ ਜਦੋਂ ਤੋਂ ਗੁਰਦੁਅਰਿਆਂ ਦੀ ਸੇਵਾ - ਸੰਭਾਲ ਸਿੱਖਾਂ ਕੋਲ ਆਈ ਹੈ ਉਦੋਂ ਤੋਂ ਲੈ ਕੇ ਹੁਣ ਤੱਕ ਅਸੀਂ ਸਿੱਖਾਂ ਦੀ ਹੀ ਚਿੰਤਾ ਕੀਤੀ ਹੈ, ਸਿੱਖੀ ਦੀ ਚਿੰਤਾ ਦੀ ਲੋੜ ਅਜੇ ਤਕ ਸਾਨੂੰ ਮਹਿਸੂਸ ਨਹੀਂ ਹੋਈ । ਪਰ ਹੁਣ ਜੋ ਪ੍ਰਮੇਸ਼ਰ ਨੇ ਖੇਡ ਵਰਤਾਈ ਹੈ, ਉਸ ਨਾਲ ਹੀ ਸ਼ਾਇਦ ਅਸੀਂ ਗਫਲਤ ਦੀ ਨੀਂਦ ਵਿਚੋਂ ਜਾਗ ਕੇ, ਗੁਰੂ-ਘਰ ਵੱਲੋਂ ਸੌਪੀ ਗਈ ਜਿੰਮੇਵਾਰੀ ਲਈ ਸਾਵਧਾਨ ਹੋ ਜਾਈਏ ਅਤੇ ਉਸ ਜਿੰਮੇਵਾਰੀ ਨੂੰ ਇਮਾਨਦਾਰੀ ਨਾਲ ਨਿਭਾ ਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ।

ਨੋਟ:- ਇਹ ਲੇਖ ਗੁਰਮਤਿ ਪ੍ਰਕਾਸ਼ ਮੈਗਜੀਨ ਜੋ ਸ੍ਰੋਮਣੀ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਵਲੋਂ ਮਹੀਨਾਵਾਰ ਪ੍ਰਕਾਸ਼ਿਤ ਹੁੰਦੀ ਹੈ ਵਿੱਚ 'ਦਸੰਬਰ ੨੦੦੧' ਵਿੱਚ ਛੱਪ ਚੁੱਕਾ ਹੈ ।

Bhattan De Savaiye | Gurbani Katha | ਭੱਟਾਂ ਦੇ ਸਵਈਏ

ਬਾਣੀ - ਭੱਟਾਂ ਦੇ ਸਵਈਏ ਵਿਆਖਿਆਕਾਰ - ਧਰਮ ਸਿੰਘ ਨਿਹੰਗ ਸਿੰਘ ਨੰ ਬਾਣੀ ਦਾ ਸਿਰਲੇਖ 1 ਸਵਈਏ ਮਹਲੇ ਪਹਿਲੇ ਕੇ ੧ (ਪੰਨਾ ੧੩੮੯) 2 ਸਵਈਏ ਮਹਲੇ ਦੂਜੇ ਕੇ ੨ (ਪ...