July 30, 2009

Naam Japan Di Gurmat Vidhee

ਜਪਣਾ ਤੇ ਸਿਮਰਨ ਕਰਨਾ                      
ਨਾਮ ਜਾਪਣ ਦੀ ਗੁਰਮਤਿ ਵਿਧੀ ਕੀ ਹੈ ?      

ਜਪਣ, ਅਰਾਧਣ ਅਤੇ ਸਿਮਰਨ ਕਰਨ ਦਾ ਸੰਬੰਧ ਨਾਮ ਨਾਲ ਹੈ । ਨਾਮ ਹੀ ਜਪੀਦਾ ਹੈ, ਨਾਮ ਦੀ ਹੀ ਅਰਾਧਣਾ ਕੀਤੀ ਜਾਂਦੀ ਹੈ ਅਤੇ ਨਾਮ ਦਾ ਹੀ ਸਿਮਰਨ ਕਰੀਦਾ ਹੈ । ਇਸ ਲਈ ਸਭ ਤੋਂ ਪਹਿਲਾਂ ਨਾਮ ਨੂੰ ਸਮਝ ਲੈਣਾ ਜਰੂਰੀ ਹੈ । ਗੁਰਮਤਿ ਅਨੁਸਾਰ ਗੁਰਬਾਣੀ ਅੰਦਰ ਨਾਮ ਸਮਾਇਆ ਹੋਇਆ ਹੈ, ਜਿਸ ਨੂੰ ਜਪ (ਸਮਝ) ਕੇ ਪ੍ਰਾਪਤ ਕੀਤਾ ਜਾ ਸਕਦਾ ਹੈ । ਇਸੇ ਲਈ ਗੁਰ ਪ੍ਰਸਾਦਿ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਜੀ ਅੰਦਰ 'ਜਪੁ' ਲਿਖ ਕੇ ਇਹ ਸੰਕੇਤ ਕੀਤਾ ਹੈ ਗਿਆ ਹੈ ਕਿ ਗੁਰਬਾਣੀ (ਗੁਰ ਸ਼ਬਦ) ਗੁਰ ਉਪਦੇਸ਼ ਨੂੰ ਸਮਝ ਕੇ ਹੀ ਨਾਮ ਦੀ ਪ੍ਰਾਪਤੀ ਹੋ ਸਕੇਗੀ :
       
ਏਕੋ ਨਾਮੁ ਹੁਕਮੁ ਹੈ ਨਾਨਕ ਸਤਿਗੁਰਿ ਦੀਆ ਬੁਝਾਇ ਜੀਉ ॥੫॥
                                               ਸਿਰੀਰਾਗ ਮ: ੧,ਪੰਨਾ ੭੨

 ਉਪਰੋਕਤ ਪੰਗਤੀ ਤੋਂ ਸਿੱਧ ਹੁੰਦਾ ਹੈ ਕਿ ਪਰਮੇਸ਼ਰ ਦਾ ਹੁਕਮ (ਸ਼ਬਦ ਗੁਰੂ ) ਸਹਿਜ ਧੁਨ ਹੀ ਗੁਰਮਤਿ ਅਨੁਸਾਰ ਗੁਰਸਿਖਾਂ ਲਈ ਨਾਮ ਹੈ । 'ਮਹਾਨ ਕੋਸ਼' ਅਨੁਸਾਰ ਵੀ ਨਾਮ, ਉਹ ਸ਼ਬਦ ਹੁੰਦਾ ਹੈ ਜੋ ਕਿਸੇ ਵਸਤੁ ਦਾ ਬੋਧ (ਗਿਆਨ) ਕਰਾਵੇ । ਗੁਰਬਾਣੀ ਅਨੁਸਾਰ ਵੀ ਗਿਆਨ ਪਦਾਰਥ ਨੂੰ ਨਾਮ ਹੀ ਮੰਨਿਆ ਗਿਆ ਹੈ । ਫੁਰਮਾਨ ਹੈ :

       ਗੁਰ ਗਿਆਨੁ ਪਦਾਰਥੁ ਨਾਮੁ ਹੈ ਹਰਿ ਨਾਮੋ ਦੇਇ ਦ੍ਰਿੜਾਇ ॥
                                                    ਸੂਹੀ ਮ: ੪, ਪੰਨਾ ੭੫੯

ਇਸੇ ਲਈ ਗੁਰਬਾਣੀ ਅੰਦਰ ਗਿਆਨ ਜਪਣ ਦਾ ਜ਼ਿਕਰ ਵੀ ਕੀਤਾ ਗਿਆ ਹੈ :
          
        ਐਸਾ ਗਿਆਨੁ ਜਪਹੁ ਮੇਰੇ ਮੀਤਾ ॥੧॥
 (ਗਉੜੀ ਕਬੀਰ ਜੀ, ਪੰਨਾ ੩੩੧)
          
ਐਸਾ ਗਿਆਨੁ ਜਪਹੁ ਮਨ ਮੇਰੇ ॥
ਹੋਵਹੁ ਚਾਕਰ ਸਾਚੇ ਕੇਰੇ ॥੧॥
 (ਸੂਹੀ ਮ:੧,ਪੰਨਾ ੭੨੮)

ਉਪਰੋਕਤ ਪੰਗਤੀਆਂ ਤੋਂ ਸਿੱਧ ਹੋ ਜਾਂਦਾ ਹੈ ਕਿ ਗੁਰਬਾਣੀ ਨੂੰ ਸਮਝ ਕੇ ਇਸ ਵਿਚਲਾ ਗਿਆਨ ਪ੍ਰਾਪਤ ਕਰਨਾ ਹੀ ਗੁਰਸਿਖਾਂ ਲਈ ਨਾਮ ਜਪਣਾ ਹੈ । ਗੁਰੁ ਨਾਨਕ ਸਾਹਿਬ ਜੀ ਨੇ 'ਜਪੁ' ਬਾਣੀ ਵਿੱਚ "ਅਸੰਖ ਜਪ ਅਸੰਖ ਭਾਉ - ਅਸੰਖ ਪੂਜਾ ਅਸੰਖ ਤਪ ਤਾਉ" ਆਖ ਕੇ ਇਹ ਸਮਝਾਉਣ ਦੀ ਕੋਸ਼ਿਸ਼ ਕੀਤੀ ਸੀ ਕਿ ਸੰਸਾਰ ਅੰਦਰ ਅਨੰਤ ਪ੍ਰਕਾਰ ਦੇ ਜਪ ਤਪ ਹਨ । ਵੱਖਰੀਆਂ-ਵੱਖਰੀਆਂ ਮੱਤਾਂ ਦੇ ਵੱਖਰੇ=ਵੱਖਰੇ ਜਪ ਹਨ । ਗੁਰਮਤਿ ਭੀ ਇਕ ਵੱਖਰੀ ਮੱਤ ਹੋਣ ਕਰਕੇ ਆਪਣਾ ਵੱਖਰਾ 'ਜਪੁ' ਰੱਖਦੀ ਹੈ । ਗੁਰਮਤਿ 'ਜਪੁ' ਵਿਧੀ ਭਵ ਸਾਗਰ ਵਿਚੋਂ ਛੁਟਕਾਰਾ ਕਰਵਾ ਦੇਣ ਵਿੱਚ ਸਮਰੱਥ ਹੈ । ਜਦਕਿ ਸੰਸਾਰ ਦੀਆਂ ਬਾਕੀ ਸਾਰੀਆਂ ਮੱਤਾਂ ਸੰਸਾਰੀ ਜੀਵਾਂ ਨੂੰ ਭਵ ਸਾਗਰ ਪਾਰ ਕਰ ਦੇਣ ਦਾ ਗਿਆਨ ਕਰਾਉਣ ਦੇ ਸਮਰੱਥ ਨਹੀਂ ਹਨ । ਗਿਆਨ ਤੋਂ ਬਿਨਾਂ ਮਨ ਦੀ ਭਟਕਣਾ ਮੁੱਕ ਜਾਵੇ, ਮਨ ਮਾਇਆ ਮੋਹ ਦਾ ਤਿਆਗ ਕਰ ਦੇਵੇ , ਐਸਾ ਨਹੀਂ ਹੋ ਸਕਦਾ । ਜਿਹੜੇ ਲੋਕ ਅੱਜ ਸਿੱਖੀ ਭੇਖ ਵਿਚ ਭੀ ਦੂਸਰਿਆਂ ਮੱਤਾਂ ਦੁਆਰਾ ਅਪਣਾਈਆਂ ਗਈਆਂ ਜਪ ਵਿਧੀਆਂ ਦੇ ਧਾਰਨੀ ਬਣ ਗਏ ਹਨ ਉਨ੍ਹਾਂ ਸਾਹਮਣੇ ਅੱਜ ਇਹ ਬਹੁਤ ਵੱਡੀ ਸਮਸਿਆ ਹੈ ਕਿ ਉਨ੍ਹਾਂ ਦਾ ਮਨ ਬਾਣੀ ਪੜ੍ਹਨ ਸਮੇਂ ਜਾਂ ਉਨ੍ਹਾਂ ਦੁਆਰਾ ਅਪਣਾਈ ਗਈ ਜਪ ਵਿਧੀ ਤਹਿਤ ਨਾਮ ਜਪਣ ਸਮੇਂ ਨਹੀਂ ਟਿਕਦਾ ।
                                                 ਪਹਿਲੀ ਗੱਲ ਤਾਂ ਇਹ ਹੈ ਕਿ ਗੁਰਮਤਿ ਨੂੰ ਛੱਡ ਕੇ ਸੰਸਾਰ ਦੀਆਂ ਸਾਰੀਆਂ ਮੱਤਾਂ ਨਾਮ ਬਾਰੇ ਹੀ ਅਨਜਾਣ ਹਨ । ਇਸੇ ਲਈ ਗੁਰਬਾਣੀ ਅੰਦਰ ਨਾਮ ਜਪਣ ਤੋਂ ਪਹਿਲਾਂ ਨਾਮ ਨੂੰ ਜਾਣਨ ਲਈ ਉਦੇਸ਼ ਦਰਜ ਹੈ :

                           ਪੜਹਿ ਮਨਮੁਖ ਪਰੁ ਬਿਧਿ ਨਹੀ ਜਾਨਾ ॥
                           ਨਾਮੁ ਨ ਬੂਝਿਹ ਭਰਮਿ ਭੁਲਾਨਾ  ॥
                               (ਮਾਰੂ ਮ:੧,ਪੰਨਾ ੧੦੩੨)
   
                           ਨਾਮੁ ਨ ਜਾਣਿਆ ਰਾਮ ਕਾ ॥
                           ਮੂੜੇ ਫਿਰਿ ਪਾਛੈ ਪਛੁਤਾਹਿ ਰੇ ॥
                               (ਗਉੜੀ ਮ:੧,ਪੰਨਾ ੧੫੬) 

                           ਕਹਿ ਕਬੀਰ ਚੇਤੈ ਨਹੀ ਮੂਰਖੁ ਮੁਗਧੁ ਗਵਾਰੁ ॥
                           ਰਾਮੂ ਨਾਮੁ ਜਾਨਿਓ ਨਹੀ ਕਿਸੇ ਉਤਰਸਿ ਪਾਰਿ ॥
                                     (ਮਾਰੂ,ਪੰਨਾ ੧੧੦੫ )
   
ਉਪਰੋਕਤ ਗੁਰ-ਵਾਕਾਂ ਤੋਂ ਇਹ ਸਿੱਧ ਹੁੰਦਾ ਹੈ ਕਿ ਜਿਨ੍ਹਾਂ ਨੇ ਰਾਮ-ਨਾਮ ਨੂੰ ਸਮਝੇ ਤੋਂ ਬਿਨਾਂ ਭਰਮ ਵਿਚ ਭੁੱਲੇ ਹੋਇਆਂ ਨੇ ਜਪਣਾ ਸ਼ੁਰੂ ਕਰ ਦਿੱਤਾ ਹੈ ਉਹ ਪਿਛੋਂ ਪਛਤਾਉ-ਣਗੇ ਕਿਉਂਕਿ ਉਨ੍ਹਾਂ ਨੇ ਰਾਮ-ਨਾਮ ਜਪਣ ਦਾ ਤਾਂ ਭਰਮ ਹੀ ਪਾਲ ਰੱਖਿਆ ਹੈ । ਉਨ੍ਹਾਂ ਦੇ ਰਾਮ-ਨਾਮ ਜਪਣ ਦੀ ਵਿਧੀ ਭਵ ਸਾਗਰ ਪਾਰ ਕਰ ਦੇਣ ਵਾਲੀ ਨਹੀਂ ਹੈ ਪਰ ਉਹ ਮੂਰਖ ਕਿਸੇ ਦੇ ਆਖੇ ਸਹੀ ਵਿੱਚ ਸਮਝਣ ਵਾਸਤੇ ਵੀ ਤਿਆਰ ਨਹੀਂ ਹਨ । ਮੁੱਕਦੀ ਗੱਲ ਇਹ ਹੈ ਕਿ ਰਾਮ ਨਾਮ ਪਹਿਲਾਂ ਚੰਗੀ ਤਰ੍ਹਾਂ ਸਮਝ ਲੈਣਾ ਚਾਹੀਦਾ ਹੈ ਅਤੇ ਜਪਣ ਦਾ ਕੰਮ ਬਾਅਦ ਦਾ ਹੈ । ਰਾਮ ਨਾਮ ਦੀ ਵਿਆਖਿਆ ਕਰਦੇ ਹੋਏ ਭਗਤ ਕਬੀਰ ਜੀ ਆਖਦੇ ਹਨ ਕਿ ਜਿਸ ਨੂੰ ਮੈਂ ਰਾਮ ਨਾਮ ਆਖ ਰਿਹਾ ਹਾਂ ਉਹ ਅਸਲ ਵਿਚ ਤੱਤ ਗਿਆਨ (ਬ੍ਰਹਮ ਗਿਆਨ) ਹੀ ਹੈ :
     
                     ਰਾਜਾ ਰਾਮ ਨਾਮੁ ਮੋਰਾ ਬ੍ਰਹਮ ਗਿਆਨੁ ॥
                               (ਭੈਰਉ ਪੰਨਾ ੧੧੫੯)

ਪਰਮੇਸ਼ਰ ਨਿਰਾਕਾਰ ਹੈ । ਨਿਰਾਕਾਰ ਦਾ ਕੋਈ ਆਪਣਾ ਨਾਉਂ ਨਹੀਂ ਹੁੰਦਾ । ਉਸ ਦੇ ਗੁਣਵਾਚਕ ਨਾਮ ਤਾਂ ਉਸ ਦੇ ਸੇਵਕਾਂ ਵੱਲੋਂ ਹੀ ਰੱਖੇ ਹੋਏ ਹੁੰਦੇ ਹਨ ।
                          ਦਸਮ ਪਾਤਸ਼ਾਹ ਨੇ 'ਜਾਪੁ ਸਾਹਿਬ' ਅੰਦਰ 'ਨਮਸਤੰ ਅਨਾਮੇ' ਅਤੇ 'ਨਮਸਤੰ ਨ੍ਰਿਨਾਮੇ' ਆਖ ਕੇ ਇਹੀ ਸਮਝਾਇਆ ਸੀ ਕਿ ਨਿਰਾਕਾਰ ਦਾ ਨਾਮ ਨਹੀਂ ਹੁੰਦਾ । ਜੀਵ ਆਤਮਾ ਭੀ ਨਿਰਾਕਾਰ ਹੈ ਇਸੇ ਲਈ ਜੀਵ ਆਤਮਾ ਦੇ ਨਾਮ ਭੀ ਸਰੀਰ ਕਰਕੇ ਹੀ ਹਨ ।
              ਬਾਣੀ "ਜਪੁ"  ਅੰਦਰ "ਜੀਅ ਜਾਤਿ ਰੰਗਾ ਕੇ ਨਾਵ ॥ (ਮ: ੧) ਅੰਗ ੩"   ਤੋਂ ਭੀ ਇਹੀ ਭਾਵ ਹੈ । ਨਾਮ ਦਾ ਸੰਬੰਧ ਤਾਂ ਕੇਵਲ ਬਾਹਰੀ ਸਰੀਰ ਨਾਲ ਹੀ ਹੁੰਦਾ ਹੈ । ਹੁਣ ਜਦੋਂ ਜੀਵ ਦਾ ਹੀ ਕੋਈ ਨਾਮ ਨਹੀਂ ਹੈ ਤਾਂ ਸਭ ਦੇ ਮੂਲ ਨਿਰਾਕਾਰ ਪਰਮੇਸ਼ਰ ਦਾ ਨਾਮ ਭੀ ਕਿਵੇਂ ਹੋ ਸਕਦਾ ਹੈ ? ਜਦ ਪਰਮੇਸ਼ਰ ਦਾ ਕੋਈ ਨਾਮ ਹੀ ਨਹੀਂ ਤਾਂ ਉਸ ਦਾ ਨਾਉਂ ਕਿਵੇਂ ਜਪਿਆ ਜਾਵੇ । ਇਹੀ ਹੈ ਸਭ ਤੋਂ ਅਹਿਮ ਮੋੜ, ਇਥੋਂ ਸੰਸਾਰੀ ਮਨਮੱਤਾਂ ਨਾਲੋਂ ਗੁਰਮਤਿ ਦਾ ਰਸਤਾ ਵੱਖਰਾ ਹੋ ਜਾਂਦਾ ਹੈ ।
                                               ਗੁਰਬਾਣੀ ਅੰਦਰ ਪਰਮੇਸ਼ਰ ਦੇ ਅਨੰਤ ਗੁਣਾਂ ਦਾ ਗਾਇਨ ਕਰਕੇ ਪਰਮੇਸ਼ਰ ਦੀ ਉਸਤਤੀ ਕੀਤੀ ਗਈ ਹੈ ਪਰ ਪਰਮੇਸ਼ਰ ਦੇ ਕਿਸੇ ਇਕ ਗੁਣਵਾਚਕ ਨਾਓਂ ਨੂੰ ਲਈ ਕੇ ਉਸ ਨੂੰ ਮੁੜ-ਮੁੜ ਉਚਾਰਨ ਦੀ ਕ੍ਰਿਆ ਗੁਰਮਤਿ ਤੋਂ ਉਲਟ ਹੈ ਕਿਉਂਕਿ ਇਸ ਨੂੰ ਰਟਣਯੋਗ ਕਿਹਾ ਜਾਂਦਾ ਹੈ ਜਦਕਿ ਗੁਰਮਤਿ ਗਿਆਨ ਯੋਗ ਹੈ । ਪਰਮੇਸ਼ਰ ਦੇ ਕਿਸੇ ਗੁਣਵਾਚਕ ਨਾਓਂ ਨੂੰ ਬਾਰ-ਬਾਰ ਉਚਾਰਨ ਨਾਲ ਗਿਆਨ ਪ੍ਰਾਪਤੀ ਨਹੀਂ ਹੋ ਸਕਦੀ । ਪਰਮੇਸ਼ਰ ਬਾਰੇ ਗਿਆਨ (ਸਮਝ) ਤਾਂ ਉਸ ਦੇ ਅਨੰਤ ਗੁਣਾਂ ਨੂੰ ਵਿਚਾਰਨ ਨਾਲ ਹੀ ਪ੍ਰਾਪਤ ਹੋ ਸਕਦੀ ਹੈ । ਇਸੇ ਲਈ ਗੁਰਮਤਿ ਨੇ ਗੁਣ ਗਾਇਨ ਨੂੰ ਨਾਮ ਜਪਣਾ ਮੰਨਿਆ ਹੈ :
    
          ਗੁਣ ਗਾਵਤ ਹੋਵਤ ਪਰਗਾਸੁ ॥ ਚਰਨ ਕਮਲ ਮੋਹ ਹੋਏ ਨਿਵਾਸੁ ॥
          ਸੰਤਸੰਗਤਿ ਮਹਿ ਹੋਏ ਉਧਾਰੁ ॥ ਨਾਨਕ ਭਵਜਲੁ ਉਤਰਸਿ ਪਾਰਿ ॥
                                                         (ਰਾਮਕਲੀ ਮ: ੧,ਪੰਨਾ ੯੦੧)

         ਗੁਣ ਵੀਚਾਰੇ ਗਿਆਨੀ ਸੋਏ ॥ ਗੁਣ ਮਹਿ ਗਿਆਨੁ ਪਰਾਪਤਿ ਹੋਇ ॥
                                                         (ਰਾਮਕਲੀ ਮਹਲਾ ੧, ਪੰਨਾ ੯੩੧)

ਉਪਰੋਕਤ ਪੰਗਤੀਆਂ ਤੋਂ ਸਾਫ਼ ਪਤਾ ਲਗਦਾ ਹੈ ਕਿ ਪਰਮੇਸ਼ਰ ਦੇ ਗੁਣ ਗਾਇਨ ਨਾਲ ਪਰਮੇਸ਼ਰ ਦੇ ਗੁਣਾਂ ਦੀ ਵਿਚਾਰ ਨਾਲ ਮਨ ਅੰਦਰ ਗਿਆਨ ਦਾ ਪ੍ਰਗਾਸ ਵੱਧਦਾ ਹੈ । ਹਿਰਦੇ ਅੰਦਰ "ਹਰਿ ਕੇ ਚਰਨ" (ਸ਼ਬਦ ਗੁਰੂ) ਦਾ ਵਾਸਾ ਹੋ ਜਾਂਦਾ ਹੈ । ਮਨ (ਅਸੰਤ) ਤੇ ਚਿਤ (ਸੰਤ) ਦੀ ਏਕਤਾ (੧/੫+੧/੫=੧) ਹੋਣ ਕਰਕੇ ਜੀਵ-ਆਤਮਾ ਦਾ ਉਧਾਰ ਹੋ ਜਾਂਦਾ ਹੈ । ਇਸ ਵਿਧੀ ਨਾਲ ਭਵ ਸਾਗਰ ਨੂੰ ਪਾਰ ਕਰ ਲਈਦਾ ਹੈ :
   
                  ਗੁਣ ਗਾਵੈ ਰਵਿਦਾਸੁ ਭਗਤੁ ਜੈਦੇਵ ਤ੍ਰਿਲੋਚਨ ॥
                  ਨਾਮਾ ਭਗਤੁ ਕਬੀਰੁ ਸਦਾ ਗਾਵਹਿ ਸਮ ਲੋਚਨ ॥
                  ਭਗਤੁ ਬੇਣਿ ਗੁਣ ਰਵੈ ਸਹਿਜ ਆਤਮ ਰੰਗੁ ਮਾਣੈ ॥
                  ਜੋਗੁ ਧਿਆਨਿ ਗੁਰ ਗਿਆਨਿ ਬਿਨਾ ਪ੍ਰਭ ਅਵਰ ਨ ਜਾਣੈ ॥
                   ਸੁਖਦੇਉ ਪਰੀਖ੍ਹਤ ਗੁਣ ਰਵੈ ਗੋਤਮ ਰਿਖਿ ਜਸੁ ਗਾਇਓ ॥
                   ਕਬਿ ਕਮ ਸੁਜਸੁ ਨਾਨਕ ਗੁਰ ਨਿਤ ਨਵਤਨੁ ਜਗਿ ਛਾਇਓ ॥
                                                           (ਸਵਈਏ ੧ ਕਲ੍ਹ, ਪੰਨਾ ੧੩੯੦)

ਇਸ ਉਪਰੋਕਤ ਸਵਈਏ ਵਿਚ ਕਲ੍ਹ ਭੱਟ ਜੀ ਨੇ ਗੁਰੁ ਨਾਨਕ ਸਾਹਿਬ ਜੀ ਤੋਂ ਪੂਰਬਲੇ ਭਗਤਾਂ ਨੂੰ ਪਰਮੇਸ਼ਰ ਦੇ ਗੁਣ ਗਾਇਨ ਕਰਦੇ ਹੀ ਦਰਸਾਇਆ ਹੈ । ਸਵਈਏ ਦੀ ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਗੁਰਮਤਿ ਦੇ ਧਰਨਿਆਂ ਨੇ ਪਰਮੇਸ਼ਰ ਦਾ ਮਿਲਾਪ ਗਰੂ ਗਿਆਨ ਤੋਂ ਬਿਨਾਂ ਹੋਰ ਕਿਸੇ ਵਿਧੀ ਨਾਲ ਨਹੀਂ ਮੰਨਿਆ । "ਜੋਗ ਧਿਆਨ ਗੁਰ ਗਿਆਨ ਬਿਨਾ ਪ੍ਰਭ ਅਵਰੁ ਨਾ ਜਾਣੈ" ਭਾਵ ਗੁਰਮਤਿ ਦੇ ਗਿਆਨ ਬਿਨਾਂ ਪਰਮੇਸ਼ਰ ਦੀ ਸਮਝ ਨਹੀਂ ਆ ਸਕਦੀ ਪਰਮੇਸ਼ਰ ਦੀ ਸਮਝ ਹੀ ਪਰਮੇਸ਼ਰ ਦਾ ਦਰਸ਼ਨ ਹੁੰਦਾ ਹੈ । ਇਕ ਵਾਰੀ ਆਈ ਹੋਈ ਸੋਝੀ ਹਮੇਸ਼ਾ ਲਈ ਸੁਰਤ, ਮਨ, ਬੁਧਿ ਨਾਲ ਜੁੜੀ ਰਹਿੰਦੀ ਹੈ । ਇਸੇ ਨੂੰ ਕਲ੍ਹ ਭੱਟ ਪਰਮੇਸ਼ਰ ਦਾ ਜੋਗ (ਮਿਲਾਪ) ਆਖ ਰਹੇ ਹਨ ਕਿ ਭਗਤਾਂ ਤੇ ਗੁਰੁ ਸਾਹਿਬਾਨ ਨੇ ਇਸ ਪ੍ਰਕਾਰ ਦੇ ਜੋਗ ਤੋਂ ਬਿਨਾ ਹੋਰ ਦੂਸਰੀ ਕਿਸਮ ਦੇ ਜੋਗ ਨੂੰ ਨਹੀਂ ਮੰਨਿਆ । ਗੁਰੁ ਨਾਨਕ ਸਾਹਿਬ ਜੀ ਨੇ ਭੀ ਭਗਤਾਂ ਵਾਂਗੂ ਹੀ ਨਿਤ ਨਵੇਂ ਢੰਗ ਨਾਲ ਪਰਮੇਸ਼ਰ ਦਾ ਜਸ ਗਾਇਆ ।
                                   ਗੁਰਬਾਣੀ ਅੰਦਰ ਗੁਰਮੁਖ ਤੇ ਮਨਮੁਖ ਦੀ ਗੱਲ ਬਰਾਬਰ ਚਲਦੀ ਰਹਿੰਦੀ ਹੈ । ਪਰਮੇਸ਼ਰ ਦੀ ਮੱਤ ਦੇ ਧਾਰਨੀ ਗੁਰਮੁਖ ਅਤੇ ਇਨਸਾਨੀ ਮਨ ਬੁੱਧੀ ਤੋਂ ਉਪਜੀ ਮਨਮੱਤ ਦੇ ਧਾਰਨੀਆ ਨੂੰ ਗੁਰਬਾਣੀ ਅੰਦਰ ਮਨਮੁਖ ਆਖਿਆ ਗਿਆ ਹੈ । ਗੁਰਮਤਿ ਵਿਧੀ ਅਤੇ ਮਨਮੱਤਾਂ ਦੀਆਂ ਵਿਧੀਆਂ ਦਾ ਕਿਧਰੇ ਵੀ ਮੇਲ ਨਹੀਂ ਹੈ । ਸੰਸਾਰੀ ਮੱਤਾਂ ਸੰਸਾਰੀ ਜੀਵਾਂ ਨੂੰ ਮਾਇਆ ਨਾਲੋਂ ਤੋੜਨ ਦੀ ਥਾਂ ਮਾਇਆ ਮੋਹ ਨਾਲ ਜੋੜਦੀਆਂ ਹੀ ਹਨ । ਇਸ ਤੋਂ ਉਲਟ ਗੁਰਮਤਿ ਮਨੁੱਖੀ ਮਨ ਨੂੰ ਸੂਝਵਾਨ ਕਰਕੇ ਮਾਇਆ ਮੋਹ ਦਾ ਤਿਆਗ ਕਰਾ ਕੇ ਇਸ ਦੇ ਮਾਇਆ ਦੇ ਬੰਧਨ ਕਟਵਾਉਣ ਵਿਚ ਸਹਾਈ ਹੁੰਦੀ ਹੈ । ਗੁਰਬਾਣੀ ਦਾ ਫ਼ੁਰਮਨ ਹੈ :
                      
                                  ਭਗਤਾਂ ਤੈ ਸੈਸਾਰੀਆ ਜੋੜੁ ਕਦੇ ਨ ਆਇਆ ॥
                                     (ਵਾਰ ਮਾਝ  ੧, ਸਲੋਕ ਮ: ੩, ਪੰਨਾ ੧੪੫)
                                                 
ਜਦੋਂ ਭਗਤਾਂ ਤੇ ਸੰਸਾਰੀਆਂ ਦਾ ਆਪਸ ਵਿਚ ਜੋੜ ਮੇਲ ਹੀ ਨਹੀਂ ਫਿਰ ਭਗਤਾਂ ਦਾ ਨਾਮ, ਜਪ, ਸਿਮਰਨ ਜਾਂ ਅਰਾਧਨਾ ਆਦਿ ਸੰਸਾਰੀ ਮੱਤਾਂ ਵਾਲੇ ਮਨਮੁਖਾਂ ਨਾਲ ਕਿਵੇਂ ਮੇਲ ਖਾ ਸਕਦਾ ਹੈ ? ਇਸੇ ਲਈ ਗੁਰਮਤਿ ਨੇ ਅਜਪਾ ਜਾਪ ਆਖ ਕੇ ਮਨਮੱਤੀਆਂ ਦੇ ਸਾਰੇ ਜਾਪ ਰੱਦ ਕਰ ਦਿੱਤੇ ਹਨ ਜਿਸ ਤੋਂ ਭਾਵ ਇਹ ਹੈ ਕਿ ਗੁਰਮਤਿ ਦਾ ਜਾਪ ਸੰਸਾਰੀ ਮੱਤਾਂ ਵਾਲਿਆਂ ਦੇ ਜਾਪਾਂ ਵਾਂਗੂ ਜਪਿਆ ਹੀ ਨਹੀਂ ਜਾਂਦਾ । ਗੁਰਬਾਣੀ ਅੰਦਰ ਨਾਮ ਦੋ ਪ੍ਰਕਾਰ ਦਾ ਲਿਖਿਆ ਹੈ । ਗੁਰਬਾਣੀ ਅੰਦਰ ਜੋ ਨਾਮ (ਤੱਤ ਗਿਆਨ) ਭਰਿਆ ਪਿਆ ਹੈ ਉਸ ਨੂੰ ਸਮਝਣਾ ਮਨ ਬੁੱਧੀ ਦਾ ਵਿਸ਼ਾ ਹੈ । ਗੁਰਬਾਣੀ ਦੀ ਵਿਚਾਰ ਕਰਨ ਨੂੰ ਹੀ "ਹਰਿ ਕਾ ਬਿਲੋਵਨਾ" ਜਾਂ "ਨਾਮ ਜਪਣਾ" ਆਖਿਆ ਗਿਆ ਹੈ । ਇਹ ਸ਼ਬਦ ਗੁਰੂ ਦੀ ਸੋਝੀ ਕਰਵਾਉਣ ਵਾਲਾ ਤੱਤ ਗਿਆਨ ਰੂਪ 'ਨਾਮ' ਹੈ । ਜਿਹੜਾ ਗਿਆਨ ਤੱਤ ਵਸਤੂ ਦੀ ਸੋਝੀ ਕਰਾਉਣ ਵਾਲਾ ਹੋਵੇ ਉਸ ਨੂੰ 'ਨਾਮ' ਆਖਿਆ ਜਾਂਦਾ ਹੈ ਪਰ ਖੁਦ ਸ਼ਬਦ-ਗੁਰੂ ਤੱਤ ਸਰੂਪ ਨੂੰ ਭੀ ਨਾਮ ਹੀ ਮੰਨਿਆ ਗਿਆ ਹੈ । ਦੋਨਾਂ ਵਿੱਚ ਅੰਤਰ ਹੈ ਇਹ ਹੈ ਕਿ ਗੁਰਬਾਣੀ ਦਾ ਤੱਤ-ਗਿਆਨ ਮਨ ਨੂੰ ਕਲਪਨਾ ਰਹਿਤ ਕਰ ਦੇਣ ਦੀ ਸਮਰੱਥਾ ਰੱਖਦਾ ਹੈ , ਜਿਸ ਨੂੰ ਕਿ ਮਨ ਦਾ ਮਰ ਜਾਣਾ ਭੀ ਆਖਿਆ ਜਾਂਦਾ ਹੈ । ਜਦੋਂ ਸ਼ਬਦ ਗੁਰੂ ਦਾ ਪ੍ਰਕਾਸ਼ ਹਿਰਦੇ ਵਿਚ ਪਰਗਟ ਹੁੰਦਾ ਹੈ ਉਸ ਨਾਲ ਮਰੇ ਹੋਏ ਮਨ ਨੂੰ ਦੁਬਾਰਾ ਸਦ ਜੀਵਨ ਦੀ ਦਾਤ ਪ੍ਰਾਪਤ ਹੁੰਦੀ ਹੈ । ਕਹਿਣ ਤੋਂ ਭਾਵ ਇਹ ਹੈ ਕਿ ਤੱਤ ਗਿਆਨ ਮਨ ਨੂੰ ਮਾਰਦਾ ਹੈ ਅਤੇ ਤੱਤ ਸਰੂਪ ਸ਼ਬਦ-ਗੁਰੂ ਮਨ ਨੂੰ ਆਪਣੇ ਵਿਚ ਲੀਨ ਕਰਕ ਸਦ-ਜੀਵਨ ਦੀ ਦਾਤ ਬਖਸ਼ਦਾ ਹੈ । ਅਨਮੱਤੀਆਂ ਦੀਆਂ ਮੱਤਾਂ ਵਿਚ ਅਜਿਹਾ ਕੁਝ ਕਿਧਰੇ ਵੀ ਦਰਜ ਨਹੀਂ ਹੈ । ਉਨ੍ਹਾਂ ਦੀਆਂ ਮੱਤਾਂ ਅਨੁਸਾਰ ਉਹ ਆਪਣੇ ਇਸ਼ਟ ਦੇਵਤੇ ਵੀ ਭਗਤੀ ਕਰਕੇ ਉਸ ਦੇ ਦਰਸ਼ਨ ਕਰ ਲੈਂਦੇ ਹਨ ਅਤੇ ਕੋਈ ਇੱਛਾ ਜੋ ਉਹ ਦੇਵਤਾ ਪੂਰੀ ਕਰਨ ਦੇ ਸਮਰੱਥ ਹੋਵੇ ਦਰਸ਼ਨ ਦੇਣ ਸਮੇਂ ਪੂਰੀ ਕਰਦਾ ਹੈ ਅਤੇ ਅਲੋਪ ਹੋ ਜਾਂਦਾ ਹੈ । ਉਨ੍ਹਾਂ ਦੀ ਮੱਤ ਵਿੱਚ ਆਪਣੇ ਗੁਰੂ ਜਾਂ ਪੀਰ ਨਾਲ ਅਭੇਦ ਹੋਣ ਦੀ ਗੱਲ ਕਿਧਰੇ ਵੀ ਦਰਜ ਨਹੀਂ ਹੈ । ਉਨ੍ਹਾਂ ਦੇ ਅਖੌਤੀ ਭਗਵਾਨ ਅਤੇ ਉਸ ਅਖੌਤੀ ਭਗਤ ਵਿੱਚ ਅੰਤਰ ਜਿਉਂ ਦਾ ਤਿਉਂ ਰਹਿੰਦਾ ਹੈ ।
                          ਆਮ ਕਰਕੇ ਗੁਰਬਾਣੀ ਅੰਦਰ ਜਦੋਂ ਅਨਮੱਤੀਆਂ ਦੇ ਜਾਪ ਦੀ ਗੱਲ ਆਈ ਹੈ ਤਾਂ ਉਸ ਨੂੰ ਜਪ ਤਪ ਲਿਖ ਕੇ ਇਸ ਦਾ ਖੰਡਨ ਹੀ ਕੀਤਾ ਹੈ :
                       
                   ਕਿਆ ਜਪੁ ਕਿਆ ਤਪੁ ਕਿਆ ਬ੍ਰਤ ਪੂਜਾ ॥
 ਜਾ ਕੈ ਰਿਦੈ ਭਾਉ ਜੈ ਦੂਜਾ ॥
           ਰੇ ਜਨ ਮਨੁ ਮਧਉ ਸਿਉਂ ਲਾਈਐ ॥
         ਚਤੁਰਾਈ ਨ ਚਤੁਰਭੁਜੁ ਪਾਈਐ ॥
                                                             (ਗਉੜੀ ਕਬੀਰ ਜੀ , ਪੰਨਾ ੩੨੪)  

ਗੁਰਮਤਿ ਦੀ ਸੋਝੀ ਆਉਣ ਪਿਛੋਂ ਕਬੀਰ ਜੀ ਦੀ ਬਾਣੀ, ਉਨ੍ਹਾਂ ਦੁਆਰਾ ਰਚੀ ਗਈ ਪਹਿਲੀ ਬਾਣੀ (ਜਦ ਕਿ ਇਹ ਸਨਾਤਨੀ ਮੱਤ ਦੇ ਪ੍ਰਭਾਵ ਅਧੀਨ ਸਨ) ਦਾ ਵਿਰੋਧ ਕਰ ਰਹੀ ਹੈ । ਹੁਣ ਭਗਤ ਜੀ ਸਨਾਤਨੀ ਮੱਤ ਵਾਲੇ ਜਪ ਤਪ ਨੂੰ ਇੱਕ ਫਜੂਲ ਦੀ ਗੱਲ, ਪਾਖੰਡਵਾਦ ਹੀ ਆਖ ਰਹੇ ਹਨ ਜੋ ਕਿ ਤਪ ਕਰਨ ਵਾਲਾ ਰਿਧੀਆਂ ਸਿਧੀਆਂ ਦੀ ਇੱਛਾ (ਦੂਜਾ ਭਾਉ) ਮਨ ਵਿੱਚ ਧਾਰ ਕੇ ਅਜਿਹਾ ਕੁਝ ਕਰਦਾ ਹੋਵੇ । ਕਬੀਰ ਜੀ ਭੀ ਇਕ ਸਿਧੀ ਗੱਲ ਆਪਣੀ ਬਾਣੀ ਅੰਦਰ ਕਰ ਰਹੇ ਹਨ ਜਿਹੜੀ ਕਿ ਮਨ ਨੂੰ ਸਾਧਨ ਉਪਰੰਤ ਬੁਧ ਬਦਲਣ ਕਰਕੇ ਪ੍ਰਾਪਤ ਹੁੰਦੀ ਹੈ, ਉਹ ਹੈ "ਬੁਧਿ ਬਦਲੀ ਸਿਧਿ ਪਾਈ" ਇਸ ਤੋਂ ਇਲਾਵਾ ਹੋਰ ਕਿਸੇ ਤਰ੍ਹਾਂ ਦੀ ਸਿਧੀ ਨੂੰ ਗੁਰਬਾਣੀ ਨਹੀਂ ਮੰਨਦੀ ਤੇ ਨਾ ਹੀ ਹੋਰ ਕਿਸੇ ਪ੍ਰਕਾਰ ਦੀ ਕੋਈ ਸਿਧੀ ਹੁੰਦੀ ਹੀ ਹੈ । ਮਨਮੁੱਖਾਂ ਦੀਆ ਰਿਧੀਆਂ ਸਿਧੀਆਂ ਤਾਂ ਫਰੇਬ ਤੋਂ ਸਿਵਾ ਹੋਰ ਕੁਝ ਹੁੰਦੀਆਂ ਵੀ ਨਹੀਂ । ਪ੍ਰਪੰਚ ਰੂਪ ਜਪਾਂ-ਤਪਾਂ ਤੋਂ ਭਲਾ ਕਿਹੜੀ ਸਿਧੀ ਦੀ ਪ੍ਰਾਪਤੀ ਹੋ ਸਕਦੀ ਹੈ ? ਇਹ ਸਾਰਾ ਡਰਾਮਾਂ ਤਾਂ ਉਨ੍ਹਾਂ ਨੂੰ ਢਿੱਡ ਦੀ ਭੁੱਖ ਦੇ ਕਾਰਨ ਜੀ ਕਰਨਾ ਪੈਂਦਾ ਹੈ ।
                ਦੂਜੇ ਪਾਸੇ ਗੁਰਮੁਖਾਂ ਦੇ ਜਪ ਤਪ ਇਸ ਤੋਂ ਬਿਲਕੁਲ ਉਲਟ ਹਨ । ਗੁਰਸਿੱਖ ਨੂੰ ਸਿਧੀ ਪ੍ਰਾਪਤੀ (ਪਰਮੇਸ਼ਰ ਦੀ ਸੋਝੀ) ਲਈ ਆਪਣਾ ਸਭ ਕੁਝ ਸ਼ਬਦ-ਗੁਰੂ ਨੂੰ ਸੌਪ ਕੇ ਉਸ ਦੇ ਹੁਕਮ ਵਿਚ ਚਲਨਾ ਹੁੰਦਾ ਹੈ :
                  
                       ਤਨੁ ਮਨੁ ਧਨੁ ਸਭੁ ਸਉਪਿ ਗੁਰ ਕਉ ਹੁਕਮਿ ਮੰਨਿਐ ਪਾਇਐ ॥
                                                         (ਰਾਮਕਲੀ ਮ: ੩, ਪੰਨਾ  ੯੧੮) 
       
ਗੁਰਸਿਖਾਂ ਦੇ ਜਪ ਤੋਂ ਸਦ ਜੀਵਨ ਦੀ ਪ੍ਰਾਪਤੀ ਹੁੰਦੀ ਹੈ । ਜੰਮਣ ਮਰਨ ਦਾ ਭਰਮ ਗੇੜ ਖਤਮ ਹੋ ਜਾਂਦਾ ਹੈ । ਇਸ ਤੋਂ ਛੁੱਟ ਗੁਰਮੁਖਾ ਨੂੰ ਜਪ ਤਪ ਤੋਂ ਹੋਰ ਕਿਸੇ ਵਸਤੂ ਦੀ ਇੱਛਾ ਹੀ ਨਹੀਂ ਹੁੰਦੀ । ਅਨਮੱਤੀਆਂ ਦੇ ਚਾਰ ਪਦਾਰਥ ਭੀ ਸੰਸਾਰੀ ਪਦਾਰਥ ਹੀ ਹਨ । ਧਰਮ, ਅਰਥ, ਕਾਮ ਅਤੇ ਮੋਖ ਚਾਰਾਂ ਵਿਚੋਂ ਮੁਕਤੀ ਨੂੰ ਛੱਡ ਕੇ ਬਾਕੀ ਤਿੰਨਾ ਨੂੰ ਗੁਰਮਤਿ ਅੰਦਰ ਸੰਸਾਰੀ ਪਦਾਰਥ ਮੰਨਿਆ ਗਿਆ ਹੈ ਜਿਹੜੇ ਕਿ ਗੁਰਮਤਿ ਵਿਧੀ, ਤੱਤ ਗਿਆਨ ਦੀ ਸੋਝੀ ਤੋਂ ਸੱਖਣੇ ਸਨ । ਸਿੱਟੇ ਵਜੋਂ ਇਨ੍ਹਾਂ ਮੱਤਾਂ ਵਾਲਿਆ ਨੇ, ਮੁਕਤੀ ਦੀ ਪ੍ਰਾਪਤੀ ਜੀਵਨ ਕਾਲ ਦੌਰਾਨ ਅਸੰਭਵ ਕਰਾਰ ਦੇ ਦਿੱਤੀ । ਮੁਕਤੀ ਦੀ ਪ੍ਰਾਪਤੀ ਨੂੰ ਇਨ੍ਹਾਂ ਨੇ ਮੌਤ ਦੀ ਪ੍ਰਾਪਤੀ ਨਾਲ ਜੋੜ ਦਿੱਤਾ, ਜਿਸਨੂੰ ਗੁਰਮਤਿ ਰੱਦ ਕਰਦੀ ਹੈ । ਕਲਪਨਾ (ਮਾਇਆ) ਨੂੰ ਅਨਮੱਤੀਆਂ ਨੇ ਨਾ ਕੱਟੀ ਜਾਣ ਵਾਲੀ (ਨਕਟੀ) ਮੰਨ ਕੇ ਇਹ ਸਿੱਧ ਕਰ ਦਿੱਤਾ ਕਿ ਉਨ੍ਹਾਂ ਦੀ ਮੱਤ ਅੰਦਰ ਕਲਪਨਾ ਨੂੰ ਰੋਕ ਦੇਣ ਦੀ ਸਮਰੱਥਾ ਨਹੀ ਹੈ । ਭਗਤ ਕਬੀਰ ਜੀ ਨੇ ਉਨ੍ਹਾਂ ਦੀ ਇਹ ਧਾਰਨਾ ਕਿ "ਮਾਇਆ ਨਕਟੀ ਹੈ" ਦਾ ਦਾਅਵਾ ਝੁਠਲਾ ਦਿੱਤਾ । ਉਹ ਆਖ ਰਹੇ ਹਨ :- 
  
                         ਨਕਟੀ ਕੋ ਠਨਗਨੁ ਬਾਡਾ ਡੂੰ ॥ ਕਿਨਹਿ ਬਿਬੇਕੀ ਕਾਟੀ ਤੂੰ ॥ (ਆਸਾ, ਪੰਨਾ ੪੭੬)
      
ਕਬੀਰ ਜੀ ਦਾ ਕਹਿਣਾ ਇਹ ਹੈ ਕਿ ਸੰਸਾਰ ਦੀਆਂ ਸਾਰੀਆਂ ਮੱਤਾਂ ਨੇ ਇਸ ਕਲਪਨਾ ਨੂੰ ਨਾ ਕੱਟੀ ਜਾਣ ਵਾਲੀ ਮੰਨ ਕੇ ਸੰਸਾਰ ਵਿਚ ਇਸ ਦੀ ਜੈ ਜੈ ਕਾਰ ਕਰਵਾ ਦਿੱਤੀ ਹੈ । ਪਰਮੇਸ਼ਰ ਦੇ ਹੁਕਮ ਤੋਂ ਸਾਰੀ ਦੁਨੀਆਂ ਨੂੰ ਇਨ੍ਹਾਂ ਮੱਤਾਂ ਵਾਲਿਆਂ ਨੇ ਬਾਗੀ ਬਣਾ ਦਿੱਤਾ ਹੈ ਪਰ ਕਿਸੇ ਵਿਰਲੇ ਬਿਬੇਕੀ ਨੇ ਤੈਨੂੰ ਮੂਲੋਂ ਹੀ ਕੱਟ ਦਿੱਤਾ ਹੈ । ਹੁਣ ਤੂੰ ਨਕਟੀ ਨਹੀਂ ਰਹੀ । ਬਿਬੇਕੀਆਂ ਦੇ ਹਿਰਦੇ ਵਿਚ ਪਰਮੇਸ਼ਰ ਦੇ ਹੁਕਮ ਦਾ ਨਾਦ ਗੂੰਜਦਾ ਹੈ ਜਿਸ ਤੋਂ ਕਿ ਸੱਚ ਦੀ ਜੈ ਜੈ ਕਾਰ ਦੀ ਧੁਨੀ ਪ੍ਰਗਟ ਹੁੰਦੀ ਹੈ। 
                       ਜਪੁ ਵਿਧੀ ਬਾਰੇ ਕੁਝ ਵਿਚਾਰ ਹੋਰ ਕਰਨੀ ਲੋੜੀਂਦੀ ਹੈ । ਇਸ ਲੇਖ ਵਿਚ ਅਸੀਂ 'ਜਪ' ਸ਼ਬਦ ਦਾ ਅਰਥ ਗੁਰਮਤਿ ਅਨੁਸਾਰ 'ਸਮਝਣਾ' ਲਿਖਿਆ ਹੈ ਜਿਹੜਾ ਕਿ ਥੱਲੇ ਦਿੱਤੀਆਂ ਗਈਆਂ ਪੰਕਤੀਆਂ ਤੋਂ ਸਿੱਧ ਹੁੰਦਾ ਹੈ :

ਜਪ੍ਯਉ ਜਿਨ੍ਹ ਅਰਜੁਨ ਦੇਵ ਗੁਰੂ ਫਿਰਿ ਸੰਕਟ ਜੋਨਿ ਗਰਭ ਨ ਆਯਉ ॥੬॥
                                                          (ਸਵਈਏ ੫, ਮਥੁਰਾ, ਪੰਨਾ ੧੪੦੯)

ਉਪਰੋਕਤ  ਪੰਕਤਿ ਅੰਦਰ "ਜਪ੍ਯਉ" ਦਾ ਅਰਥ , ਸਤਿਗੁਰ ਅਰਜਨ ਸਾਹਿਬ ਜੀ ਦੁਆਰਾ ਹਿਰਦੇ ਅੰਦਰਲੇ ਸ਼ਬਦ-ਗੁਰੂ ਨੂੰ ਸਮਝ ਲੈਣਾ ਹੀ ਹੈ :

                                  ਹਰਿ ਹਰਿ ਹਰਿ ਗੁਨੀ ਹਾਂ ॥ ਜਾਪੀਐ ਸਹਜ ਧੁਨੀ ਹਾਂ ॥
                                        ਸਾਧੂ ਰਸਨ ਭਨੀ ਹਾਂ ॥ ਛੁਟਨ ਬਿਧਿ ਸੁਨੀ ਹਾਂ ॥
                                         ਪਾਈਐ ਵਡ ਪੁਨੀ ਮੇਰੇ ਮਨ ਮਨਾ ॥
                                                (ਆਸਾ ਮ: ੫, ਪੰਨਾ ੪੦੯)
   
ਸਹਜ ਧੁਨੀ ਦਾ ਅਰਥ ਹੈ, ਉਹ ਆਵਾਜ਼ ਜੋ ਮਨ ਨੂੰ ਜਗਾ ਦੇਣ ਵਾਲੀ ਹੋਵੇ । ਗੁਰਬਾਣੀ ਜਾਗਰਿਤ ਅਵਸਥਾ ਵਾਲੇ ਗੁਰਮੁਖਾਂ ਦੀ ਬਾਣੀ ਹੈ ਅਤੇ ਸੰਸਾਰ ਦੇ ਸੁੱਤੇ ਮਨਾਂ ਨੂੰ ਇਸ ਦੀ ਸੋਝੀ, ਜਗਾਉਣ ਦੀ ਸਮਰੱਥਾ ਰੱਖਦੀ ਹੈ । ਇਹੀ ਗੱਲ ਇਨ੍ਹਾਂ ਪੰਕਤੀਆਂ ਵਿੱਚ ਆਖੀ ਗਈ ਹੈ ਕਿ ਇਸ ਬਾਣੀ ਦੀ ਸੋਝੀ ਪ੍ਰਾਪਤ ਕਰਨਾ (ਸਹਿਜ ਧੁਨੀ ਨੂੰ ਜਪਣਾ) ਇਕੋ ਗੱਲ ਹੈ । ਇਹ ਬਾਣੀ ਹਰਿ (ਪਰਮੇਸ਼ਰ) ਦਾ ਗੁਣ ਗਾਇਨ ਹੈ, ਇਸ ਨੂੰ ਸਮਝਣਾ (ਜਪਣਾ) ਚਾਹੀਦਾ ਹੈ । ਸੰਤਾ ਦੀ ਰਸਨਾ ਤੋਂ ਇਹ ਬੋਲੀ ਗਈ ਹੈ, ਸੰਸਾਰ ਭਵਸਾਗਰ ਤੋਂ ਛੁਟਣ ਦੀ ਵਿਧੀ ਮੈਂ ਸਮਝੀ ਹੈ ਅਤੇ ਵੱਡਿਆ ਭਾਗਾਂ ਕਰਕੇ ਇਸ ਦੀ ਸੋਝੀ ਪ੍ਰਪਾਤ ਹੁੰਦੀ ਹੈ :
                              ਗੁਣ ਨਿਧਾਨ ਹਰਿ ਨਾਮਾ ॥ ਜਪਿ ਪੂਰਨ ਹੋਏ ਕਾਮਾ ॥ (ਸੋਰਠ ਮ: ੫, ਪੰਨਾ ੬੨੧)
        
ਪਰਮੇਸ਼ਰ ਦਾ ਸ਼ਬਦ (ਨਾਦ), ਪਰਮੇਸ਼ਰ ਦੇ ਗੁਣਾਂ ਨੂੰ ਪ੍ਰਗਟ ਕਰਦਾ ਹੈ ਇਸੇ ਲਈ ਇਹ ਗੁਣੀਂ ਨਿਧਾਨ (ਗੁਣਾਂ ਦਾ ਖਜ਼ਾਨਾਂ) ਹੈ । ਹਰਿ ਨਾਮਾ, ਗੁਣਾਂ ਦਾ ਖਜ਼ਾਨਾ ਹੈ । ਇਸ ਨੂੰ ਜਾਣ ਕੇ ਗੁਣਵੰਤੇ ਹੋ ਜਾਈਦਾ ਹੈ । ਔਗਣ ਸਭ ਦੂਰ ਹੋ ਜਾਂਦੇ ਹਨ । ਹਿਰਦੇ ਵਿਚ ਸ਼ਬਦ-ਗੁਰੂ ਪ੍ਰਗਟ ਹੋਣ ਨਾਲ ਬਾਕੀ ਬਚਦੇ ਕੰਮ ਸਾਰੇ ਪੂਰੇ ਹੋ ਜਾਂਦੇ ਹਨ । ਉਪਰੋਕਤ ਸਾਰੇ ਤੱਥਾਂ ਤੋਂ ਪਤਾ ਲਗਦਾ ਹੈ ਕਿ ਗੁਰਮਤਿ ਦਾ 'ਜਪੁ', ਗੁਰਮਤਿ ਦੀ ਸੋਝੀ ਹੀ ਹੈ । 
ਸਿਮਰਨ ਬਾਰੇ ਭੀ ਭਗਤ ਨਾਮਦੇਵ ਜੀ ਸਮਝਾ ਰਹੇ ਹਨ :-

          ਨਾਮਦੇਇ ਸਿਮਰਨੁ ਕਰੀ ਜਾਨਾਂ ॥ ਜਗਜੀਵਨ ਸਿਉ ਜੀਉ ਸਮਾਨਾਂ ॥
                                                                  (ਬਿਲਾਵਲੁ, ਪੰਨਾ ੮੫੮)

ਨਾਮਦੇਵ ਜੀ ਆਖਦੇ ਹਨ ਕਿ ਮੈਂ ਸਿਮਰਨ ਕਰਕੇ ਪਰਮੇਸ਼ਰ ਨੂੰ ਜਾਣ ਲਿਆ ਹੈ, ਸਮਝ ਲਿਆ ਹੈ ਅਤੇ ਉਸ ਜਗਜੀਵਨ ਵਿੱਚ ਮੈਂ ਸਮਾ ਗਿਆ ਹਾਂ । 
                             
                              ਦੁਖ ਭੰਜਨ ਤੇਰਾ ਨਾਮੁ ਜੀ ਦੁਖ ਭੰਜਨੁ ਤੇਰਾ ਨਾਮੁ ॥
                                ਆਠੁ ਪਹਰ ਆਰਾਧੀਐ ਪੂਰਨ ਸਤਿਗੁਰ ਗਿਆਨ ॥
                                                                  (ਗਉੜੀ ਮ: ੫, ਪੰਨਾ ੨੧੮)
      
ਉਪਰੋਕਤ ਪੰਕਤੀ ਵਿੱਚ ਨਾਮ ਅਰਾਧਣ ਦਾ ਜ਼ਿਕਰ ਹੈ । ਅਰਾਧਨਾ ਅੱਠੇ ਪਹਿਰ ਉਸੇ ਵਸਤੂ ਦੀ ਹੋ ਸਕਦੀ ਹੈ ਭਾਵ ੨੪ ਘੰਟੇ ਧਿਆਨ ਵਿੱਚ ਉਹੀ ਵਸਤੂ ਰਹਿ ਸਕਦੀ ਹੈ ਜਿਸ ਦਾ ਸਾਨੂੰ ਗਿਆਨ ਹੋਵੇ, ਜਾਣਕਾਰੀ ਹੋਵੇ । ਇਸੇ ਕਰਕੇ "ਪੂਰਨ ਸਤਿਗੁਰ ਗਿਆਨ" ਦਾ ਇਸ ਪੰਕਤੀ ਵਿੱਚ ਜ਼ਿਕਰ ਹੈ । ਜੇ ਸਤਿਗੁਰ ਦਾ ਪੂਰਨ ਗਿਆਨ ਪ੍ਰਾਪਤ ਕਰ ਲਈਏ ਤਾਂ ਅੱਠੇ ਪਹਿਰ ਅਰਾਧਨਾ "ਅਜਪਾ-ਜਾਪ" ਚਲਦਾ ਰਹਿੰਦਾ ਹੈ । ਗਿਆਨ ਤੋਂ ਬਿਨਾਂ ਧਿਆਨ ਦਾ ਜੁੜਨਾ, ਕਲਪਨਾ ਨੂੰ ਹੀ ਜਨਮ ਦਿੰਦਾ ਹੈ । ਗੁਰਮਤਿ ਅਨੁਸਾਰ "ਗਿਆਨ ਧਿਆਨ" ਦਾ ਜ਼ਿਕਰ ਤਾਂ ਆਉਂਦਾ ਹੈ ਪਰ ਕਿਤੇ ਵੀ 'ਧਿਆਨ ਗਿਆਨ' ਲਿਖਿਆ ਹੋਇਆ ਇਸ ਕਰਕੇ ਨਹੀਂ ਮਿਲਦਾ ਕਿਉਂਕਿ ਗਿਆਨ ਤੋਂ ਬਿਨਾ ਮਨ ਦਾ ਟਿਕਣਾ ਅਸੰਭਵ ਹੈ । ਇਸੇ ਲਈ 'ਵਾਰ ਆਸਾ' ਅੰਦਰ ਗੁਰੁ ਨਾਨਕ ਪਾਤਸ਼ਾਹ ਨੇ ਲਿਖਿਆ ਹੈ :-

                       ਗਿਆਨ ਕਾ ਬਧਾ ਮਨੁ ਰਹੈ ਗੁਰ ਬਿਨੁ ਗਿਆਨੁ ਨ ਹੋਇ ॥
  (ਪੰਨਾ ੪੩੯)     
       
ਗਿਆਨ ਤੋਂ ਬਿਨਾਂ ਮਨ ਦਾ ਰੁਕ ਜਾਣਾ ਅਸੰਭਵ ਹੈ । ਜਿਸ ਨੂੰ ਸਤਗੁਰ, "ਗਿਆਨ ਧਨ" (ਨਾਮ ਧਨ) ਦਾ ਖਜ਼ਾਨਾ ਬਖਸ਼ਦਾ ਹੈ ਜਿਸ ਨਾਲ ਸਿੱਖ ਦਾ ਮਨ ਟਿੱਕ ਜਾਂਦਾ ਹੈ, ਉਸ ਦੀ ਤ੍ਰਿਸ਼ਨਾ ਭੁੱਖ ਸਭ ਉਤਰ ਜਾਂਦੀ ਹੈ ਅਤੇ ਉਹ ਸਤਿ ਤੇ ਸੰਤੋਖ ਦਾ ਧਾਰਨੀ ਹੋ ਕੇ ਅੱਠੇ ਪਹਿਰ ਸ਼ਬਦ-ਗੁਰੂ ਦੀ ਅਰਾਧਨਾ (ਧਿਆਨ) ਵਿਚ ਜੁੜਿਆ ਰਹਿੰਦਾ ਹੈ । ਇਸ ਵਿਧੀ ਤੋਂ ਬਿਨ੍ਹਾਂ ਹੋਰ ਕੋਈ ਵੀ ਵਿਧੀ ਸੱਚ ਤਕ ਪਹੁੰਚਣ ਦੀ ਨਹੀਂ ਹੈ । ਭਾਵੇਂ ਅਨਮੱਤੀਆਂ ਨੇ ਭਗਤਾਂ ਨਾਲ ਝੂਠੀਆਂ ਸਾਖੀਆਂ ਜੋੜ ਕੇ ਇਹ ਸਿੱਧ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਧ੍ਰੂ ਪ੍ਰਹਿਲਾਦ ਆਦਿ ਭਗਤ ਵੀ ਹਠ ਯੋਗੀ ਹੀ ਸਨ ਗੁਰਬਾਣੀ ਵਿੱਚ ਇਨ੍ਹਾਂ ਸਾਖੀਆਂ ਦਾ ਸਹਜ-ਖੰਡਨ ਕੀਤਾ ਗਿਆ ਹੈ । ਉਦਾਰਨ ਵਜੋਂ :-

            

 ਰਾਮ ਜਪਉ ਜੀਅ ਐਸੇ ਐਸੇ ॥ ਧ੍ਰੂ ਪ੍ਰਹਿਲਾਦ ਜਪਿਓ ਹਰਿ ਜੈਸੇ ॥੧॥
ਦੀਨ ਦਇਆਲ ਭਰੋਸੇ ਤੇਰੇ ॥ ਸਭੁ ਪਰਵਾਰੁ ਚੜਾਇਆ ਬੇੜੇ ॥੧॥ 
     ਜਾ ਤਿਸੁ ਭਾਵੈ ਤਾ ਹੁਕਮੁ ਮਨਾਵੈ ॥ ਇਸ ਬੇੜੇ ਕਉ ਪਾਰਿ ਲਘਾਵੈ ॥੨॥
      ਗੁਰ ਪਰਸਾਦਿ ਐਸੀ ਬੁਧਿ ਸਮਾਨੀ ॥ ਚੂਕਿ ਗਈ ਫਿਰਿ ਆਵਨ ਜਾਨੀ ॥੩॥
                                                     (ਗਉੜੀ  ਕਬੀਰ, ਪੰਨਾ ੨੩੭)
      
ਭਗਤ ਕਬੀਰ ਜੀ ਸ਼ਾਤਰ ਬਿਪਰ ਵੱਲੋਂ ਪਾਏ ਗਏ ਭੁਲੇਖੇ ਨੂੰ ਦੂਰ ਕਰਦੇ ਹੋਏ ਆਖ ਰਹੇ ਹਨ ਕਿ " ਹੇ ਦੁਨੀਆਂ ਦੇ ਲੋਕੋਂ ! ਇਸ ਬਿਪਰ ਦੇ ਪਿੱਛੇ ਲੱਗ ਕੇ ਮਾਲਾ ਫੜ ਕੇ, ਰਾਮ-ਰਾਮ ਰੱਟਣਾ ਛੱਡ ਕੇ, ਰਾਮ-ਨਾਮ ਇਸ ਤਰੀਕੇ ਨਾਲ ਜਪੋ, ਜਿਸ ਵਿਧੀ ਨਾਲ ਧ੍ਰੂ ਅਤੇ ਪ੍ਰਹਿਲਾਦ ਨੇ ਜਪਿਆ ਸੀ ।"  ਅਗਲੀ ਪੰਕਤੀ ਵਿਚ ਭਗਤ ਜੀ ਆਖ ਰਹੇ ਹਨ ਕਿ ਮੈਂ ਦੁਨੀਆਂ ਦੇ ਸਾਰੇ ਲੋਕਾਂ ਨੂੰ ਤੱਤ ਗਿਆਨ ਦੇ ਬੇੜੇ ਉਪਰ ਚਾੜ੍ਹ ਦਿੱਤਾ ਹੈ ਪਰ ਜਿਸ ਉੱਪਰ ਤੇਰੀ ਕ੍ਰਿਪਾ ਹੋਵੇਗੀ ਉਹ ਤੇਰੇ ਭਾਣੇ ਨੂੰ ਮਿੱਠਾ ਕਰਕੇ ਮੰਨ ਲਵੇਗਾ । ਭਾਣਾ ਮੰਨਣ ਵਾਲਾ ਸੰਸਾਰ ਸਾਗਰ ਵਿੱਚ ਡੁੱਬ ਨਹੀਂ ਸਕਦਾ । ਉਸ ਦਾ ਬੇੜਾ ਤੇਰੇ ਹੁਕਮ ਨਾਲ ਪਾਰ ਹੋ ਜਾਵੇਗਾ । ਪਰਮੇਸ਼ਰ ਦੀ ਕ੍ਰਿਪਾ ਨਾਲ ਮੇਰੇ ਅੰਦਰ ਐਸੀ ਬੁੱਧੀ ਪ੍ਰਗਟ ਹੋ ਗਈ ਹੈ ਜਿਸ ਦੀ ਕ੍ਰਿਪਾ ਸਦਕਾ ਮੇਰਾ ਆਉਣਾ ਜਾਣਾ ਕੱਟਿਆ ਗਿਆ ਹੈ ।
       ਉਪਰੋਕਤ ਸ਼ਬਦ ਅਤੇ ਹੁਣ ਤਕ ਦੇ ਵਿਚਾਰਾਂ ਦੀ ਰੋਸ਼ਨੀ ਅੰਦਰ ਸਾਫ਼ ਹੋ ਜਾਂਦਾ ਹੈ ਕਿ ਭਗਤਾਂ ਦੇ ਨਾਮ ਜਪਣ, ਸਿਮਰਨ ਕਰਨ, ਅਰਾਧਣ ਅਤੇ ਧਿਆਉਣ ਦੀ ਵਿਧੀ ਹੋਰ ਸੰਸਾਰੀ ਮੱਤਾਂ ਨਾਲੋਂ ਵੱਖਰੀ ਸੀ ਅਤੇ ਇਸ ਵਿਧੀ ਦਾ ਮਨੋਰਥ ਕੇਵਲ ਪਰਮੇਸ਼ਰ ਨੂੰ ਜਾਣਨਾ ਤੇ ਪਛਾਣਨਾ ਹੀ ਸੀ । ਜਾਣਨ ਤੋਂ ਭਾਵ ਹੈ ਦਰਸ਼ਨ ਹੋਣਾ ਅਤੇ ਪਛਾਣਨਾ ਦਾ ਅਰਥ ਹੈ ਉਸ ਨਾਲ ਮਿਲ ਜਾਣਾ, ਲੀਨ ਹੋ ਜਾਣਾ ।
        

~: ਧਰਮ ਸਿੰਘ ਨਿਹੰਗ ਸਿੰਘ :~




ਜਪਣਾ, ਅਰਾਧਣਾ ਤੇ ਸਿਮਰਨ ਕਰਨਾ  ਨਾਮ ਜਪਣ ਦੀ ਗੁਰਮਤਿ ਵਿਧੀ ਕੀ ਹੈ ?